- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਕੁਮਾਰ ਮੈਡੀਕਲ 'ਚ ਹੋਈ ਫਾਇਰਿੰਗ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ। ਪੋਸਟ 'ਚ 'ਕੁਮਾਰ ਬ੍ਰਦਰਜ਼' ਦਾ ਜ਼ਿਕਰ ਕੀਤਾ ਗਿਆ। ਇਸ ਨਾਲ ਜਾਂਚ ਏਜੰਸੀਆਂ ਦਾ ਸ਼ੱਕ ਹੋਰ ਮਜ਼ਬੂਤ ਹੋ ਗਿਆ ਹੈ ਕਿ ਅਸਲੀ ਨਿਸ਼ਾਨਾ ਕੁਮਾਰ ਬ੍ਰਦਰਜ਼ ਅਤੇ ਕੁਮਾਰ ਐਂਡ ਕੰਪਨੀ ਹੀ ਸਨ। ਦੋਵੇਂ ਦੁਕਾਨਾਂ ਇੱਕ ਹੀ ਪਰਿਵਾਰ ਦੀਆਂ ਹਨ।

ਸੰਦੀਪ ਖੱਤਰੀ, ਜਾਗਰਣ ਚੰਡੀਗੜ੍ਹ : ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ (ਐਸਸੀਓ ਨੰਬਰ-14) 'ਚ ਸ਼ਨਿਚਰਵਾਰ ਦੁਪਹਿਰ ਕਰੀਬ 2:28 ਵਜੇ ਹੋਇਆ ਕੈਸ਼ੀਅਰ ਜਾਨਕੀ ਦਾਸ ਦਾ ਕਤਲ ਸਿਰਫ਼ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ। ਜਦਕਿ ਅਸਲੀ ਨਿਸ਼ਾਨਾ 'ਕੁਮਾਰ ਐਂਡ ਕੰਪਨੀ' ਸੀ।
ਸੂਤਰਾਂ ਅਨੁਸਾਰ ਦੋਵੇਂ ਸ਼ੂਟਰ ਵਾਰਦਾਤ ਤੋਂ ਕਰੀਬ 15 ਮਿੰਟ ਪਹਿਲਾਂ ਕੁਮਾਰ ਐਂਡ ਕੰਪਨੀ ਪਹੁੰਚੇ ਸਨ। ਸੀਸੀਟੀਵੀ ਕੈਮਰਿਆਂ 'ਚ ਮੁਲਜ਼ਮਾਂ ਦੀਆਂ ਗਤੀਵਿਧੀਆਂ ਕੈਦ ਹੋਈਆਂ ਹਨ। ਉਨ੍ਹਾਂ ਦੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਹਮਲਾਵਰ ਦੁਕਾਨ ਦੇ ਅੰਦਰ ਤਕ ਗਏ, ਪਰ ਬਾਹਰ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮ, ਦੁਕਾਨ ਵਿਚ ਭੀੜ ਤੇ ਬਿਲਕੁਲ ਸਾਹਮਣੇ ਲੱਗੇ ਪੁਲਿਸ ਨਾਕੇ ਨੂੰ ਦੇਖ ਕੇ ਉਨ੍ਹਾਂ ਨੇ ਆਪਣਾ ਪਲਾਨ ਬਦਲ ਦਿੱਤਾ।
ਇਸ ਤੋਂ ਬਾਅਦ ਕਰੀਬ 20 ਮਿੰਟ ਤਕ ਦੁਕਾਨਾਂ ਦੇ ਬਾਹਰ ਰੇਕੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਸਾਨ ਨਿਸ਼ਾਨਾ ਲੱਭਦੇ ਹੋਏ ਸ਼੍ਰੀ ਕੁਮਾਰ ਮੈਡੀਕਲ 'ਚ ਵੜ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਾਲਾਂਕਿ ਸਾਹਮਣੇ ਹੀ ਨਾਕਾ ਸੀ, ਪਰ ਕੁਮਾਰ ਐਂਡ ਕੰਪਨੀ ਵਾਂਗ ਬਿਲਕੁਲ ਸਾਹਮਣੇ ਨਹੀਂ ਸੀ।
ਜੋਖ਼ਮ ਘੱਟ ਹੋਣ ਕਾਰਨ ਹਮਲਾਵਰਾਂ ਨੇ ਚੰਦ ਸੈਕੇਂਡ 'ਚ ਸ਼੍ਰੀ ਕੁਮਾਰ ਮੈਡੀਕਲ ਦੇ ਸਭ ਤੋਂ ਅੱਗੇ ਕਾਊਂਟਰ 'ਤੇ ਖੜ੍ਹੇ ਕੈਸ਼ੀਅਰ ਜਾਨਕੀ ਦਾਸ ਨੂੰ ਨਿਸ਼ਾਨਾ ਬਣਾਇਆ। ਪੁਲਿਸ ਦਾ ਮੰਨਣਾ ਹੈ ਕਿ ਆਟੋਮੈਟਿਕ ਜਿਗਾਨਾ ਪਿਸਤੌਲ ਨਾਲ ਫਾਇਰਿੰਗ ਕੀਤੀ ਗਈ ਹੈ ਜਿਸ ਵਿਚ ਇਕ ਵਾਰ ਟ੍ਰਿਗਰ ਦੱਬਣ ਨਾਲ ਪੂਰੀ ਮੈਗਜ਼ੀਨ ਖਾਲੀ ਹੋ ਜਾਂਦੀ ਹੈ।
ਸ਼੍ਰੀ ਕੁਮਾਰ ਮੈਡੀਕਲ 'ਚ ਹੋਈ ਫਾਇਰਿੰਗ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ। ਪੋਸਟ 'ਚ 'ਕੁਮਾਰ ਬ੍ਰਦਰਜ਼' ਦਾ ਜ਼ਿਕਰ ਕੀਤਾ ਗਿਆ। ਇਸ ਨਾਲ ਜਾਂਚ ਏਜੰਸੀਆਂ ਦਾ ਸ਼ੱਕ ਹੋਰ ਮਜ਼ਬੂਤ ਹੋ ਗਿਆ ਹੈ ਕਿ ਅਸਲੀ ਨਿਸ਼ਾਨਾ ਕੁਮਾਰ ਬ੍ਰਦਰਜ਼ ਅਤੇ ਕੁਮਾਰ ਐਂਡ ਕੰਪਨੀ ਹੀ ਸਨ। ਦੋਵੇਂ ਦੁਕਾਨਾਂ ਇੱਕ ਹੀ ਪਰਿਵਾਰ ਦੀਆਂ ਹਨ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬਾਈਕ ਛੱਡ ਕੇ ਆਟੋ 'ਚ ਕਜਹੇੜੀ ਪਹੁੰਚੇ। ਜਿੱਥੇ ਮੁਲਜ਼ਮਾਂ ਨੇ ਕੱਪੜਿਆਂ ਦੀ ਇਕ ਦੁਕਾਨ ਤੋਂ ਕੱਪੜੇ ਖਰੀਦੇ। ਇਸ ਤੋਂ ਬਾਅਦ ਉਹ ਪੈਦਲ ਬੱਸ ਸਟੈਂਡ ਵੱਲ ਜਾਂਦੇ ਦਿਖਾਈ ਦਿੱਤੇ। ਪੁਲਿਸ ਬੱਸ ਸਟੈਂਡ ਦੇ ਕੈਮਰੇ ਖੰਗਾਲ ਰਹੀ ਹੈ।
ਪੁਲਿਸ ਨੂੰ ਖਦਸ਼ਾ ਹੈ ਕਿ ਹੋ ਸਕਦੈ ਹਮਲਾਵਰ ਬੱਸ 'ਚ ਬੈਠ ਕੇ ਗਏ ਹੋਣਗੇ। ਹਾਲਾਂਕਿ ਕੈਮਰਿਆਂ ਦੀ ਘਾਟ ਕਾਰਨ ਮੁਲਜ਼ਮਾਂ ਦੀ ਪੂਰੀ ਮੂਵਮੈਂਟ ਦਾ ਪਤਾ ਨਹੀਂ ਲੱਗ ਪਾ ਰਿਹਾ ਹੈ। ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀਆਂ ਕਈ ਟੀਮਾਂ ਪੰਜਾਬ, ਹਰਿਆਣਾ ਅਤੇ ਹੋਰਨਾਂ ਸੂਬਿਆਂ 'ਚ ਛਾਪੇਮਾਰੀ ਕਰ ਰਹੀਆਂ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰ ਕੁਮਾਰ ਐਂਡ ਕੰਪਨੀ ਦੇ ਅੰਦਰ ਤਕ ਗਏ ਸਨ। ਦੁਕਾਨ ਦੇ ਗੇਟ 'ਤੇ ਹੀ ਪੁਲਿਸ ਮੁਲਾਜ਼ਮ ਤਾਇਨਾਤ ਸੀ, ਜੋ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਦਿੱਤਾ ਹੋਇਆ ਹੈ। ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫ਼ਲ ਹੋਣ 'ਤੇ ਹਮਲਾਵਰ ਦੁਕਾਨਾਂ ਦੇ ਬਾਹਰ ਘੁੰਮਦੇ ਰਹੇ ਤੇ ਲਗਾਤਾਰ ਰੇਕੀ ਕਰਦੇ ਰਹੇ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਕਿਸੇ ਹੋਰ ਦੁਕਾਨ ਦੇ ਅੰਦਰ ਨਹੀਂ ਗਏ।
ਇਸ ਤੋਂ ਬਾਅਦ ਦੋਵੇਂ ਮੁਲਜ਼ਮ ਸ਼੍ਰੀ ਕੁਮਾਰ ਮੈਡੀਕਲ ਸਟੋਰ 'ਚ ਵੜੇ ਅਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਕਰੀਬ 13 ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਕਾਰਨ ਕੈਸ਼ੀਅਰ ਜਾਨਕੀ ਦਾਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੂਤਰਾਂ ਅਨੁਸਾਰ ਜਾਨਕੀ ਦਾਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ। ਨਾ ਤਾਂ ਉਨ੍ਹਾਂ ਦਾ ਕਿਸੇ ਗੈਂਗਸਟਰ ਨਾਲ ਸਬੰਧ ਸੀ ਤੇ ਨਾ ਹੀ ਕਿਸੇ ਪ੍ਰਕਾਰ ਦਾ ਵਿਵਾਦ। ਪੁਲਿਸ ਦਾ ਮੰਨਣਾ ਹੈ ਕਿ ਵਿਦੇਸ਼ 'ਚ ਬੈਠੇ ਇਨਾਮੀ ਗੈਂਗਸਟਰ ਗੋਲਡੀ ਢਿੱਲੋਂ ਨੇ ਇਲਾਕੇ 'ਚ ਦਹਿਸ਼ਤ ਫੈਲਾਉਣ ਅਤੇ ਕੈਮਿਸਟ ਕਾਰੋਬਾਰੀਆਂ 'ਤੇ ਦਬਾਅ ਬਣਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੁਮਾਰ ਬ੍ਰਦਰਜ਼ ਅਤੇ ਕੁਮਾਰ ਐਂਡ ਕੰਪਨੀ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ। ਸਾਲ 2018 'ਚ ਗੈਂਗਸਟਰ ਸੰਪਤ ਨਹਿਰਾ ਨੇ ਕਾਰੋਬਾਰੀ ਪਰਿਵਾਰ ਤੋਂ ਤਿੰਨ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ। ਉਸ ਮਾਮਲੇ 'ਚ ਸੈਕਟਰ-3 ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਦੁਕਾਨ ਦੇ ਨੰਬਰਾਂ 'ਤੇ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਕਾਲਾਂ ਆਉਂਦੀਆਂ ਰਹੀਆਂ।
ਹਾਲਾਂਕਿ ਕਾਰੋਬਾਰੀ ਪਰਿਵਾਰ ਵੱਲੋਂ ਉਨ੍ਹਾਂ ਕਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਨੰਬਰਾਂ ਨੂੰ ਬਲੌਕ ਕਰ ਦਿੱਤਾ ਗਿਆ। ਗੋਲਡੀ ਬਰਾੜ ਨੇ ਵੀ ਕੁਮਾਰ ਐਂਡ ਕੰਪਨੀ ਦੇ ਨੰਬਰ 'ਤੇ ਵੌਇਸ ਨੋਟ ਭੇਜ ਕੇ ਕਿਹਾ ਸੀ ਕਿ ਉਨ੍ਹਾਂ ਨੇ ਕਾਫ਼ੀ ਪੈਸਾ ਕਮਾ ਲਿਆ ਹੈ ਅਤੇ ਹੁਣ "ਟੈਕਸ" ਦੇਣ ਦੀ ਵਾਰੀ ਹੈ। ਇਸ ਤੋਂ ਬਾਅਦ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ।
ਕਰੀਬ ਤਿੰਨ ਮਹੀਨੇ ਪਹਿਲਾਂ ਦਿੱਲੀ ਆਪ੍ਰੇਸ਼ਨ ਸੈੱਲ ਨੇ ਗੋਲਡੀ ਬਰਾੜ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਚੰਡੀਗੜ੍ਹ 'ਚ ਕੁਮਾਰ ਐਂਡ ਕੰਪਨੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿਚ ਸਨ। ਮੁਲਜ਼ਮ ਦੁਕਾਨ ਤਕ ਪਹੁੰਚ ਕੇ ਰੇਕੀ ਵੀ ਕਰ ਚੁੱਕੇ ਸਨ ਤੇ ਉਨ੍ਹਾਂ ਕੋਲੋਂ ਫਰਮ ਦਾ ਨਾਂ ਮਿਲਿਆ ਸੀ। ਸੂਤਰਾਂ ਮੁਤਾਬਕ ਮੁਲਜ਼ਮ ਦੁਕਾਨ ਦੇ ਬੈਕਸਾਈਡ ਤਕ ਜਾ ਕੇ ਪੂਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਚੁੱਕੇ ਸਨ। ਮਾਮਲੇ ਵਿੱਚ ਦੋ ਹੋਰ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਵੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਕੁਮਾਰ ਬ੍ਰਦਰਜ਼ ਤੇ ਕੁਮਾਰ ਐਂਡ ਕੰਪਨੀ ਨੂੰ ਸੁਰੱਖਿਆ ਦਿੱਤੀ ਸੀ। ਸ਼ੁਰੂਆਤ ਵਿੱਚ ਤਾਂ ਦੁਕਾਨਾਂ ਦੇ ਬਾਹਰ ਪਰਮਾਨੈਂਟ ਪੀਸੀਆਰ ਵੀ ਖੜ੍ਹਾਈ ਗਈ ਸੀ, ਪਰ ਹੁਣ ਸਿਰਫ਼ ਇੱਕ ਪੁਲਿਸ ਮੁਲਾਜ਼ਮ ਹੀ ਸੁਰੱਖਿਆ ਵਿੱਚ ਹੈ।
ਡੀਜੀਪੀ ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਹਮਲਾਵਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਆਪ੍ਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ ਤੇ ਡਿਸਟ੍ਰਿਕਟ ਕ੍ਰਾਈਮ ਸੈੱਲ ਦੀਆਂ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਜੁੱਟੀਆਂ ਹਨ। ਜਲਦੀ ਹੀ ਸਾਰੇ ਹਮਲਾਵਰ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ।