- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਕਿੰਗਰਾ ਨੇ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਰੀਬ 14 ਰਾਊਂਡ ਫਾਇਰਿੰਗ ਕੀਤੀ ਸੀ, ਜਦੋਂ ਕਿ ਉਸਦੇ ਇੱਕ ਸਾਥੀ ਨੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਬਿਸ਼ਨੋਈ ਗੈਂਗ ਨਾਲ ਜੁੜੇ ਲੋਕਾਂ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ: ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕਥਿਤ ਸ਼ੂਟਰ ਅਭਿਜੀਤ ਕਿੰਗਰਾ (Abhijeet Kingra) ਨੂੰ ਕੈਨੇਡਾ ਤੋਂ ਭਾਰਤ ਭੇਜੇ ਜਾਣ ਦਾ ਰਸਤਾ ਲਗਪਗ ਪੱਧਰਾ ਹੋ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਕਿੰਗਰਾ ਨੂੰ ਦੇਸ਼ 'ਚੋਂ ਡਿਪੋਰਟ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਬੋਰਡ ਨੇ ਆਪਣੇ ਫ਼ੈਸਲੇ 'ਚ ਕਿਹਾ ਹੈ ਕਿ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਜੋ ਹੱਤਿਆ, ਫਿਰੌਤੀ, ਗੋਲੀਬਾਰੀ, ਅੱਗਜ਼ਨੀ ਤੇ ਧਮਕੀਆਂ ਵਰਗੀਆਂ ਸੰਗਠਿਤ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ।
ਜਾਣਕਾਰੀ ਅਨੁਸਾਰ, ਅਭਿਜੀਤ ਕਿੰਗਰਾ ਸਾਲ 2018 'ਚ ਸਟੱਡੀ ਪਰਮਿਟ 'ਤੇ ਕੈਨੇਡਾ ਪਹੁੰਚਿਆ ਸੀ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਹੌਲੀ-ਹੌਲੀ ਬਿਸ਼ਨੋਈ ਗੈਂਗ ਦੇ ਸੰਪਰਕ 'ਚ ਆਇਆ ਅਤੇ ਗੈਂਗ ਲਈ ਕੰਮ ਕਰਨ ਲੱਗਾ। ਕੈਨੇਡੀਅਨ ਅਧਿਕਾਰੀਆਂ ਮੁਤਾਬਕ ਸਤੰਬਰ 2024 'ਚ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਖੇਤਰ 'ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ 'ਤੇ ਹੋਏ ਹਮਲੇ ਵਿੱਚ ਕਿੰਗਰਾ ਦੀ ਭੂਮਿਕਾ ਸਾਹਮਣੇ ਆਈ ਸੀ।
ਦੋਸ਼ ਹੈ ਕਿ ਕਿੰਗਰਾ ਨੇ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਰੀਬ 14 ਰਾਊਂਡ ਫਾਇਰਿੰਗ ਕੀਤੀ ਸੀ, ਜਦੋਂ ਕਿ ਉਸਦੇ ਇੱਕ ਸਾਥੀ ਨੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਬਿਸ਼ਨੋਈ ਗੈਂਗ ਨਾਲ ਜੁੜੇ ਲੋਕਾਂ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਕਿੰਗਰਾ ਅਤੇ ਉਸਦਾ ਇਕ ਹੋਰ ਸਹਿਯੋਗੀ ਸਰੀ (ਬ੍ਰਿਟਿਸ਼ ਕੋਲੰਬੀਆ) 'ਚ ਹੋਈ ਇਕ ਹੋਰ ਅਜਿਹੀ ਘਟਨਾ 'ਚ ਵੀ ਦੋਸ਼ੀ ਹਨ।
ਸੁਣਵਾਈ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸਨੂੰ ਇਸ ਵਾਰਦਾਤ 'ਚ ਸ਼ਾਮਲ ਹੋਣ ਲਈ 4,000 ਕੈਨੇਡੀਅਨ ਡਾਲਰ ਦੇਣ ਦਾ ਲਾਲਚ ਦਿੱਤਾ ਗਿਆ ਸੀ। ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨਾ ਚਾਹੁੰਦਾ ਸੀ ਅਤੇ ਉਸਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਹੈ। ਹਾਲਾਂਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇਸ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਸੰਗਠਿਤ ਗੈਂਗ ਆਪਣੇ ਨੈੱਟਵਰਕ ਨੂੰ ਲੈਵਲਜ਼ 'ਚ ਚਲਾਉਂਦੇ ਹਨ, ਜਿੱਥੇ ਹੇਠਲੇ ਪੱਧਰ ਦੇ ਮੈਂਬਰ ਕੇਵਲ ਆਪਣੇ ਤਤਕਾਲੀ ਸੰਪਰਕਾਂ ਨੂੰ ਹੀ ਜਾਣਦੇ ਹਨ।
IRB ਮੈਂਬਰ ਅਜ਼ੀਮ ਲਾਲਜੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਕਿੰਗਰਾ ਨੂੰ ਬਿਸ਼ਨੋਈ ਗੈਂਗ ਦਾ ਮੈਂਬਰ ਮੰਨ ਚੁੱਕੀ ਹੈ। ਬੋਰਡ ਨੇ ਇਹ ਵੀ ਮੰਨਿਆ ਕਿ ਗੈਂਗ ਕੈਨੇਡਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀਆਂ, ਗਾਇਕਾਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾ ਕੇ ਧਮਕੀ, ਰੰਗਦਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ।
ਫਿਲਹਾਲ ਕਿੰਗਰਾ ਗੋਲੀਬਾਰੀ ਦੇ ਮਾਮਲੇ 'ਚ ਛੇ ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਇਕ ਹੋਰ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਅਗਲੀ ਅਦਾਲਤੀ ਪੇਸ਼ੀ 18 ਜੂਨ ਨੂੰ ਤੈਅ ਹੈ। ਹਾਲਾਂਕਿ ਉਹ ਡਿਪੋਰਟੇਸ਼ਨ ਆਦੇਸ਼ ਖ਼ਿਲਾਫ਼ ਅਪੀਲ ਦੀ ਤਿਆਰੀ ਕਰ ਰਿਹਾ ਹੈ। ਉਸਨੇ ਦਾਅਵਾ ਕੀਤਾ ਹੈ ਕਿ ਭਾਰਤ ਪਰਤਣ 'ਤੇ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਪਰ ਬੋਰਡ ਨੇ ਕਿਹਾ ਕਿ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ।
CBSA ਅਨੁਸਾਰ, ਕੈਨੇਡਾ 'ਚ ਸੰਗਠਿਤ ਅਪਰਾਧ, ਫਿਰੌਤੀ ਤੇ ਗੈਂਗ ਹਿੰਸਾ ਨਾਲ ਜੁੜੇ 400 ਤੋਂ ਵੱਧ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਜਦੋਂਕਿ 55 ਸ਼ੱਕੀਆਂ ਨੂੰ ਪਹਿਲਾਂ ਹੀ ਦੇਸ਼ ਤੋਂ ਬਾਹਰ ਕੀਤਾ ਜਾ ਚੁੱਕਾ ਹੈ। ਏਜੰਸੀ ਦਾ ਕਹਿਣਾ ਹੈ ਕਿ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ 'ਚ ਸਭ ਤੋਂ ਵੱਧ ਸਰਗਰਮ ਰਹੀਆਂ ਹਨ। ਉੱਥੇ ਹੀ ਇਸ ਮਾਮਲੇ 'ਚ ਦੋਸ਼ੀ ਵਿਕਰਮ ਸ਼ਰਮਾ ਕੈਨੇਡਾ ਛੱਡ ਕੇ ਭਾਰਤ ਭੱਜ ਚੁੱਕਾ ਹੈ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਉਸਨੂੰ ਲੋੜੀਂਦਾ ਐਲਾਨਿਆ ਹੋਇਆ ਹੈ।
ਦੋਸ਼ ਹੈ ਕਿ ਅਭਿਜੀਤ ਕਿੰਗਰਾ ਨੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸਥਿਤ ਏਪੀ ਢਿੱਲੋਂ ਦੇ ਘਰ ਦੇ ਬਾਹਰ 14 ਰਾਊਂਡ ਫਾਇਰਿੰਗ ਕੀਤੀ ਸੀ। ਇਸ ਮਾਮਲੇ ਦਾ ਜ਼ਿਕਰ ਆਈਆਰਬੀ (IRB) ਦੇ ਡਿਪੋਰਟੇਸ਼ਨ ਆਦੇਸ਼ ਤੇ ਸੀਬੀਐੱਸਏ (CBSA) ਦੀ ਸੁਣਵਾਈ 'ਚ ਹੋਇਆ।
ਕੈਨੇਡੀਅਨ ਏਜੰਸੀਆਂ ਨੇ ਸੁਣਵਾਈ 'ਚ ਕਿਹਾ ਕਿ ਬਿਸ਼ਨੋਈ ਗੈਂਗ ਨੇ ਕੈਨੇਡਾ 'ਚ ਭਾਰਤੀ ਮੂਲ ਦੇ ਕਾਰੋਬਾਰੀਆਂ, ਗਾਇਕਾਂ ਤੇ ਹੋਰਾਂ ਨੂੰ ਧਮਕੀ ਭਰੀਆਂ ਕਾਲਾਂ, ਸੁਨੇਹਿਆਂ (ਮੈਸੇਜਾਂ) ਅਤੇ ਇੰਟਰਨੈੱਟ ਮੀਡੀਆ ਰਾਹੀਂ ਫਿਰੌਤੀ ਲਈ ਨਿਸ਼ਾਨਾ ਬਣਾਇਆ। ਹਾਲ ਹੀ 'ਚ ਦਿੱਲੀ ਵਿਚ ਗਾਇਕ ਗੁਰੂ ਰੰਧਾਵਾ ਦੇ ਜਿਮ 'ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਲਈ ਸੀ। ਹਾਲਾਂਕਿ ਇਹ ਮਾਮਲਾ ਪੰਜਾਬ 'ਚ ਨਹੀਂ, ਪਰ ਇਕ ਪੰਜਾਬੀ ਗਾਇਕ ਨਾਲ ਜੁੜਿਆ ਹੋਣ ਕਰਕੇ ਕਾਫ਼ੀ ਚਰਚਾ 'ਚ ਰਿਹਾ। IRB ਦੇ ਫ਼ੈਸਲੇ 'ਚ ਜ਼ਿਕਰ ਹੈ ਕਿ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਵਿਸ਼ੇਸ਼ ਤੌਰ 'ਤੇ ਪੰਜਾਬੀ ਮੂਲ ਦੇ ਲੋਕਾਂ ਨਾਲ ਜੁੜੇ ਫਿਰੌਤੀ ਤੇ ਧਮਕੀ ਦੇ ਮਾਮਲਿਆਂ 'ਚ ਸਾਹਮਣੇ ਆਈਆਂ ਹਨ।