- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਾਜਪਾ ਦੇ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਦੇ ਧਿਆਨ ਵਿਚ ਇਹ ਮੰਗ ਲਿਆ ਦਿੱਤੀ ਹੈ ਅਤੇ ਭਾਰਤ ਸਰਕਾਰ ਕਦੇ ਵੀ ਲਾਂਘਾ ਮੁੜ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ। ਇਹ ਖੁਲਾਸਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਕੀਤਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਕਮਲ ਖਿਲਾਉਣ ਲਈ ਪੂਰੀ ਤਾਕਤ ਝੋਕੀ ਹੋਈ ਹੈ। ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਧਾਰਮਿਕ ਸ਼ਰਧਾਂ ਨੂੰ ਭਾਂਪਦੇ ਹੋਏ ਸਰਕਾਰ ਜ਼ਲਦ ਹੀ ਕਰਤਾਰਪੁਰ ਲਾਂਘਾ ਖੁੱਲਣ ਦਾ ਐਲਾਨ ਕਰ ਸਕਦੀ ਹੈ। ਪੰਜਾਬ ਭਾਜਪਾ ਦੇ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਦੇ ਧਿਆਨ ਵਿਚ ਇਹ ਮੰਗ ਲਿਆ ਦਿੱਤੀ ਹੈ ਅਤੇ ਭਾਰਤ ਸਰਕਾਰ ਕਦੇ ਵੀ ਲਾਂਘਾ ਮੁੜ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ। ਇਹ ਖੁਲਾਸਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਕੀਤਾ ਹੈ। ਅਕਾਲੀ ਭਾਜਪਾ ਗਠਜੋੜ ਦੀਆਂ ਅਟਕਲਾਂ ’ਤੇ ਵਿਰਾਮ ਲਾਉਂਦੇ ਹੋਏ ਇਹਨਾਂ ਆਗੂਆਂ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਹੁਣ ਕੰਡਕਟਰ ਦੀ ਨਹੀਂ ਬਲਕਿ ਡਰਾਈਵਰ ਦੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ ਭਾਜਪਾ ਨੇ ਹੇਠਲੇ ਪੱਧਰ ’ਤੇ ਕੰਮ ਕੀਤਾ ਅਤੇ ਇਤਿਹਾਸ ਰਚ ਦਿੱਤਾ, ਉਸੇ ਤਰਜ ’ਤੇ ਪੰਜਾਬ ’ਚ ਇਕੱਲਿਆ ਸਰਕਾਰ ਬਣਾਉਣ ਦਾ ਚਮਤਕਾਰ ਹੋਵੇਗਾ।
ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀਨਿਵਾਸੁਲੂ ਨੇ ਦੱਸਿਆ ਕਿ ਅਕਾਲੀ ਦਲ ਨੇ ਖ਼ੁਦ ਭਾਜਪਾ ਨਾਲੋਂ ਨਾਤਾ ਤੋੜਿਆ ਹੈ। ਗਠਜੋੜ ਵੇਲੇ ਭਾਜਪਾ ਦੀ ਤ੍ਰਾਸਦੀ ਰਹੀ ਕਿ ਉਨ੍ਹਾਂ ਨੇ ਪਿੰਡਾਂ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਪਾਰਟੀ ਸ਼ਹਿਰ ਪੱਧਰ ਤੱਕ ਸੀਮਤ ਹੋ ਕੇ ਰਹਿ ਗਈ ਜਦਕਿ ਹੁਣ ਭਾਜਪਾ ਦਾ ਹਰੇਕ ਪਿੰਡ ਵਿਚ ਬੂਥ ਲਾਉਣ ਵਾਲਾ ਵਰਕਰ ਹੈ। ਸ੍ਰੀਨਿਵਾਸੁਲੂ ਨੇ ਦਾਅਵਾ ਕੀਤਾ ਕਿ ਪਿੰਡ ਵਿਚ ਟਰਾਂਸਫਾਰਮਰ ਖਰਾਬ ਹੋਣ ਦੀ ਸਥਿਤੀ ਵਿਚ ਭਾਜਪਾ ਦੇ ਵਰਕਰ ਹੁਣ ਪਿੰਡ ਵਿਚ ਧਰਨਾ ਦੇਣ ਦੀ ਸਮਰੱਥਾ ਰੱਖਦੇ ਹਨ। ਸੂਬੇ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ (ਭਾਜਪਾ) ਦੇ ਸੰਪਰਕ ਵਿਚ ਹਨ। ਇਹੀ ਕਾਰਨ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਦੇ ਪੰਜਾਬ ਪੁੱਜਣ ’ਤੇ ਕਿਸੇ ਵੀ ਕਿਸਾਨ ਸੰਗਠਨ ਨੇ ਵਿਰੋਧ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਸੂਬੇ ਵਿਚ 62 ਰੈਲੀਆਂ ਕੀਤੀਆਂ ਸਨ। ਮੋਗਾ ਰੈਲੀ ’ਚ ਹਰੇਕ ਜ਼ਿਲ੍ਹੇ ਅਤੇ ਪਿੰਡ ’ਚੋਂ ਵਰਕਰ ਸ਼ਾਮਲ ਹੋਏ ਹਨ। ਮੋਗਾ ਰੈਲੀ ਵਿਚ ਬਾਕਾਇਦਾ ਕਿਊ ਆਰ ਕੋਡ ਰਾਹੀਂ ਰੈਲੀ ਵਿਚ ਐਂਟਰੀ ਹੋਈ ਜਿਸ ਨਾਲ ਸਹੀ ਗਿਣਤੀ ਦਾ ਅੰਦਾਜ਼ਾ ਲੱਗਿਆ ਹੈ। ਸੂਬੇ ਦੀਆਂ 36 ਹਜ਼ਾਰ ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਤੇਲ, ਬੀਜ ਅਤੇ ਖਾਦ ਮਹੁੱਈਆਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਗਠਜੋੜ ਦੌਰਾਨ ਅਕਾਲੀ ਦਲ ਨੇ ਭਾਜਪਾ ਨੂੰ ਪਿੰਡਾਂ ਵਿਚ ਵੜ੍ਹਨ ਨਹੀਂ ਦਿੱਤਾ ਜਿਸ ਕਰਕੇ ਭਾਜਪਾ ਸ਼ਹਿਰਾਂ ਤੱਕ ਸੀਮਤ ਹੋ ਕੇ ਰਹਿ ਗਈ, ਪ੍ਰੰਤੂ ਹੁਣ ਸਥਿਤੀ ਬਦਲ ਗਈ ਹੈ।
---
ਭਾਜਪਾ ਨੇ ਖਿੱਚੀ ਇਕੱਲਿਆਂ ਚੋਣ ਲੜਨ ਦੀ ਤਿਆਰੀ
ਬੇਸ਼ੱਕ ਪੰਜਾਬ ਭਾਜਪਾ ਦੇ ਕੁੱਝ ਆਗੂ ਅਕਾਲੀ ਦਲ ਨਾਲ ਗਠਜੋੜ ਕਰਨ ਦੀਆਂ ਸਲਾਹਾਂ ਦੇ ਰਹੇ ਹਨ ਪਰ ਭਾਜਪਾ ਨੇ ਇਕੱਲਿਆਂ ਚੋਣ ਲੜਨ ਦੀ ਤਿਆਰੀ ਖਿੱਚੀ ਹੋਈ ਹੈ। ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸੁਲੂ ਦਾ ਕਹਿਣਾ ਹੈ ਕਿ ਭਾਜਪਾ ਕਦੇ ਪਾਵਰ ਲਈ ਨਹੀਂ , ਬਲਕਿ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਬਣਾਉਂਦੀ ਹੈ। ਸ਼੍ਰੀਨਿਵਾਸੁਲੂ ਮੰਨਦੇ ਹਨ ਕਿ ਪਾਣੀ, ਭਾਸ਼ਾ, ਐੱਸ.ਵਾਈ.ਐੱਲ, ਰਾਜਧਾਨੀ ਸਮੇਤ ਪੰਜਾਬ ਦੀਆਂ ਕੁੱਝ ਚਿਰਸਥਾਈ ਸਮੱਸਿਆਵਾਂ ਹਨ, ਪਰ ਉਹ ਦਾਅਵਾ ਕਰਦੇ ਹਨ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਭਾਜਪਾ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਹੈ।