- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CPDL ਨੇ ਖਪਤਕਾਰਾਂ ਨੂੰ ਉਨ੍ਹਾਂ ਦੀ ਅਸਲ ਬਿਜਲੀ ਖਪਤ ਅਨੁਸਾਰ ਆਪਣੇ ਮਨਜ਼ੂਰ ਕੀਤੇ ਲੋਡ ਨੂੰ ਤੁਰੰਤ ਅਪਡੇਟ ਕਰਨ ਲਈ ਚਿਤਾਵਨੀ ਦਿੱਤੀ ਹੈ। ਸੀਪੀਡੀਐਲ ਅਨੁਸਾਰ, ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਖਪਤਕਾਰ ਮਨਜ਼ੂਰ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰ ਰਹੇ ਹਨ।

ਰਾਜੇਸ਼ ਢੱਲ, ਚੰਡੀਗੜ੍ਹ : ਜੇਕਰ ਤੁਸੀਂ ਆਪਣੇ ਘਰ ਜਾਂ ਦੁਕਾਨ 'ਤੇ ਏਸੀ, ਗੀਜ਼ਰ, ਇਲੈਕਟ੍ਰਿਕ ਵਾਹਨ ਚਾਰਜਰ ਜਾਂ ਹੋਰ ਬਿਜਲੀ ਉਪਕਰਨ ਵਧਾ ਲਏ ਹਨ, ਪਰ ਬਿਜਲੀ ਕੁਨੈਕਸ਼ਨ ਦਾ ਮਨਜ਼ੂਰ ਲੋਡ ਨਹੀਂ ਵਧਾਇਆ ਹੈ ਤਾਂ ਹੁਣ ਤੁਹਾਨੂੰ ਦੁੱਗਣਾ ਖਰਚਾ ਅਦਾ ਕਰਨਾ ਪੈ ਸਕਦਾ ਹੈ।
ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (CPDL) ਨੇ ਖਪਤਕਾਰਾਂ ਨੂੰ ਉਨ੍ਹਾਂ ਦੀ ਅਸਲ ਬਿਜਲੀ ਖਪਤ ਅਨੁਸਾਰ ਆਪਣੇ ਮਨਜ਼ੂਰ ਕੀਤੇ ਲੋਡ ਨੂੰ ਤੁਰੰਤ ਅਪਡੇਟ ਕਰਨ ਲਈ ਚਿਤਾਵਨੀ ਦਿੱਤੀ ਹੈ। ਸੀਪੀਡੀਐਲ ਅਨੁਸਾਰ, ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਖਪਤਕਾਰ ਮਨਜ਼ੂਰ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰ ਰਹੇ ਹਨ।
ਇਸ ਨਾਲ ਪਾਵਰ ਡਿਸਟ੍ਰੀਬਿਊਸ਼ਨ ਨੈੱਟਵਰਕ 'ਤੇ ਵਾਧੂ ਦਬਾਅ ਪੈ ਰਿਹਾ ਹੈ ਤੇ ਸੁਰੱਖਿਆ ਖਤਰੇ ਵੀ ਵਧ ਰਹੇ ਹਨ। ਕੰਪਨੀ ਨੇ ਕਿਹਾ ਕਿ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (JERC) ਮਿਤੀ 30 ਅਕਤੂਬਰ, 2025 ਦੇ ਟੈਰਿਫ ਆਰਡਰ ਤਹਿਤ, ਪ੍ਰਵਾਨਿਤ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ 'ਤੇ ਵਾਧੂ ਲੋਡ ਤੇ ਸੰਬੰਧਿਤ ਬਿਜਲੀ ਦੀ ਖਪਤ 'ਤੇ ਆਮ ਟੈਰਿਫ ਤੋਂ ਦੁੱਗਣਾ ਚਾਰਜ ਕੀਤਾ ਜਾਵੇਗਾ।
ਕੰਪਨੀ ਨੇ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਇਕ ਖਪਤਕਾਰ ਦਾ ਮਨਜ਼ੂਰਸ਼ੁਦਾ ਲੋਡ 5 ਕਿਲੋਵਾਟ ਹੈ ਤੇ ਵੱਧ ਤੋਂ ਵੱਧ ਮੰਗ 7 ਕਿਲੋਵਾਟ ਦਰਜ ਕੀਤੀ ਜਾਂਦੀ ਹੈ ਤਾਂ ਵਾਧੂ 2 ਕਿਲੋਵਾਟ ਲੋਡ ਤੇ ਇਸ ਨਾਲ ਸਬੰਧਤ ਬਿਜਲੀ ਦੀ ਖਪਤ ਦਾ ਬਿਲ ਦੁੱਗਣੀ ਦਰ ਨਾਲ ਅਦਾ ਕਰਨਾ ਪਵੇਗਾ।
CPDL ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੌਜੂਦਾ ਬਿਜਲੀ ਲੋੜਾਂ ਦਾ ਮੁਲਾਂਕਣ ਕਰਨ ਤੇ ਲੋਡ ਵਧਾਉਣ ਲਈ ਲੋੜ ਪੈਣ 'ਤੇ, ਗਾਹਕ ਸੇਵਾ ਕੇਂਦਰ ਜਾਂ ਡਿਜੀਟਲ ਪਲੇਟਫਾਰਮ ਰਾਹੀਂ ਅਰਜ਼ੀ ਦੇਣ। ਕੇਂਦਰੀ ਬਿਜਲੀ ਅਥਾਰਟੀ (CEA) ਨੇ ਖਪਤਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਬਿਜਲੀ ਦੇ ਲੋਡ ਨੂੰ ਮਨਜ਼ੂਰਸ਼ੁਦਾ ਲਿਮਟ ਅੰਦਰ ਰੱਖਣ ਅਤੇ ਕਿਸੇ ਵੀ ਵਾਧੇ ਦੀ ਸਮੇਂ 'ਤੇ ਬਿਜਲੀ ਵੰਡ ਕੰਪਨੀ ਨੂੰ ਸੂਚਿਤ ਕਰਨ।