- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਮੁਲਾਜ਼ਮਾਂ ਨੂੰ ਇਨ੍ਹਾਂ ਉਪਕਰਨਾਂ ਦੀ ਵਰਤੋਂ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਨਾਲ ਨਵੀਂ ਤਕਨੀਕ ਨੂੰ ਨਿਯਮਿਤ ਸਿਹਤ ਸੇਵਾਵਾਂ ਵਿੱਚ ਸਹਿਜ ਤਰੀਕੇ ਨਾਲ ਸ਼ਾਮਲ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਭਵਿੱਖ ਵਿੱਚ ਪੂਰੇ ਪੰਜਾਬ ਵਿੱਚ ਏਆਈ ਅਧਾਰਿਤ ਸਿਹਤ ਸੇਵਾਵਾਂ ਦੇ ਵਿਸਥਾਰ ਦੇ ਲਈ ਅਧਾਰ ਤਿਆਰ ਕਰੇਗਾ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਸੂਬੇ ਦੇ ਤਿੰਨ ਜ਼ਿਲ੍ਹਿਆਂ 'ਚ ਦਿਲ ਦੀ ਜਾਂਚ ਏਆਈ ਨਾਲ ਹੋਵੇਗੀ। ਹਾਰਟ-ਲੰਗ (ਦਿਲ ਤੇ ਫੇਫੜਿਆਂ ਦੀ) ਸਕ੍ਰੀਨਿੰਗ ਲਈ ਹਾਈਟੈੱਕ ਉਪਕਰਨ ਲੱਗਣਗੇ। ਸੈਂਟਰ ਫਾਰ ਹੈਲਥ ਰਿਸਰਚ ਐਂਡ ਇਨੋਵੇਸ਼ਨ (CHRI) ਨਾਲ ਭਾਈਵਾਲੀ ਕਰ ਕੇ ਤਿੰਨ ਜ਼ਿਲ੍ਹਿਆਂ 'ਚ ਦਿਲ ਅਤੇ ਸਾਹ ਸਬੰਧੀ ਬਿਮਾਰੀਆਂ ਦੀ ਜਾਂਚ ਲਈ ਏਆਈ ਆਧਾਰਤ ਉਪਕਰਨ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪਹਿਲਕਦਮੀ ਨਾਲ ਸ਼ੁਰੂਆਤੀ ਪੱਧਰ 'ਤੇ ਗੰਭੀਰ ਬਿਮਾਰੀਆਂ ਦੀ ਪਛਾਣ ਆਸਾਨ ਹੋਵੇਗੀ ਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ। ਇਸ ਦੇ ਲਈ ਸਿਹਤ ਵਿਭਾਗ ਤੇ ਸੀਐਚਆਰਆਈ (CHRI) ਵਿਚਕਾਰ ਸਮਝੌਤਾ ਸਹੀਬੱਧ ਹੋ ਗਿਆ ਹੈ। ਭਾਈਵਾਲੀ ਦਾ ਮਕਸਦ ਅਤਿ-ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨੂੰ ਜ਼ਮੀਨੀ ਪੱਧਰ ਤਕ ਪਹੁੰਚਾ ਕੇ ਜਨਤਕ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਪਾਇਲਟ ਪ੍ਰੋਜੈਕਟ ਤਹਿਤ ਪਹਿਲੇ ਪੜਾਅ 'ਚ ਪਟਿਆਲਾ, ਮੋਹਾਲੀ ਤੇ ਫ਼ਤਹਿਗੜ੍ਹ ਸਾਹਿਬ 'ਚ ਏਆਈ ਅਧਾਰਿਤ ਆਧੁਨਿਕ ਉਪਕਰਨ ਲਗਾਏ ਜਾਣਗੇ। ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਲੋਕਾਂ ਦੀ ਨਿਯਮਿਤ ਸਿਹਤ ਜਾਂਚ ਤੇਜ਼ ਹੋਵੇਗੀ ਤੇ ਦਿਲ ਅਤੇ ਸਾਹ ਸਬੰਧੀ ਸਮੱਸਿਆਵਾਂ ਦਾ ਸ਼ੁਰੂਆਤੀ ਪੱਧਰ 'ਤੇ ਸਹੀ ਪਤਾ ਲਗਾਇਆ ਜਾ ਸਕੇਗਾ। ਇਸ ਪ੍ਰੋਜੈਕਟ 'ਚ ਏਆਈ ਅਧਾਰਿਤ ਈਸੀਜੀ (ECG) ਉਪਕਰਨ ਤੇ ਏਆਈ ਡਿਜੀਟਲ ਸਟੈਥੋਸਕੋਪ ਲਗਾਏ ਜਾਣਗੇ। ਸਨਫੌਕਸ ਈਸੀਜੀ ਮਸ਼ੀਨ ਘੱਟ ਸਮੇਂ 'ਚ ਦਿਲ ਦੀ ਜਾਂਚ ਕਰ ਕੇ ਗੰਭੀਰ ਮਰੀਜ਼ਾਂ ਦੀ ਪਛਾਣ ਕਰੇਗੀ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਤੁਰੰਤ ਮਾਹਿਰ ਡਾਕਟਰ ਕੋਲ ਰੈਫ਼ਰ ਕੀਤਾ ਜਾ ਸਕੇ। ਉੱਥੇ ਹੀ ਏਆਈ ਸਟੈਥੋਸਕੋਪ ਬੱਚਿਆਂ 'ਚ ਦਿਲ ਸਬੰਧੀ ਬਿਮਾਰੀਆਂ ਦੀ ਸਕ੍ਰੀਨਿੰਗ 'ਚ ਮਦਦ ਕਰੇਗਾ, ਜਿਸ ਨਾਲ ਸਮਾਂ ਰਹਿੰਦੇ ਇਲਾਜ ਸੰਭਵ ਹੋ ਸਕੇਗਾ।
ਇਸ ਤਕਨੀਕ ਦਾ ਸਭ ਤੋਂ ਵੱਡਾ ਫਾਇਦਾ ਰੈਫ਼ਰਲ ਸਿਸਟਮ ਵਿਚ ਦੇਖਣ ਨੂੰ ਮਿਲੇਗਾ। ਅਜੇ ਕਈ ਮਾਮਲਿਆਂ 'ਚ ਗੰਭੀਰ ਮਰੀਜ਼ਾਂ ਦੀ ਪਛਾਣ ਦੇਰ ਨਾਲ ਹੋਣ ਕਾਰਨ ਇਲਾਜ ਸ਼ੁਰੂ ਹੋਣ 'ਚ ਸਮਾਂ ਲੱਗ ਜਾਂਦਾ ਹੈ ਪਰ ਏਆਈ ਅਧਾਰਿਤ ਸਕ੍ਰੀਨਿੰਗ ਜ਼ਰੀਏ ਸਿਹਤ ਕਰਮੀ ਤੁਰੰਤ ਤੈਅ ਕਰ ਸਕਣਗੇ ਕਿ ਕਿਸ ਮਰੀਜ਼ ਨੂੰ ਸਥਾਨਕ ਪੱਧਰ 'ਤੇ ਇਲਾਜ ਦੇਣਾ ਹੈ ਅਤੇ ਕਿਸ ਨੂੰ ਤੁਰੰਤ ਮਾਹਿਰ ਡਾਕਟਰ ਜਾਂ ਵੱਡੇ ਹਸਪਤਾਲ ਵਿੱਚ ਭੇਜਣ ਦੀ ਲੋੜ ਹੈ। ਇਸ ਨਾਲ ਬੇਲੋੜੇ ਰੈਫ਼ਰਲ ਘੱਟ ਹੋਣਗੇ ਅਤੇ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਉਪਚਾਰ ਮਿਲ ਸਕੇਗਾ।
ਇਸ ਤੋਂ ਇਲਾਵਾ, ਇਨ੍ਹਾਂ ਉਪਕਰਨਾਂ ਤੋਂ ਮਿਲਣ ਵਾਲਾ ਸਿਹਤ ਡੇਟਾ ਡਿਜੀਟਲ ਰੂਪ 'ਚ ਰਿਕਾਰਡ ਹੋਵੇਗਾ, ਜਿਸ ਨਾਲ ਵਿਭਾਗ ਨੂੰ ਵੱਖ-ਵੱਖ ਖੇਤਰਾਂ 'ਚ ਬਿਮਾਰੀ ਦੇ ਪੈਟਰਨ ਸਮਝਣ ਵਿਚ ਮਦਦ ਮਿਲੇਗੀ। ਸਰਕਾਰ ਇਸ ਡੇਟਾ ਦੇ ਅਧਾਰ 'ਤੇ ਇਹ ਤੈਅ ਕਰ ਸਕੇਗੀ ਕਿ ਕਿਹੜੇ ਜ਼ਿਲ੍ਹਿਆਂ ਜਾਂ ਇਲਾਕਿਆਂ 'ਚ ਦਿਲ ਦੇ ਰੋਗ ਅਤੇ ਸਾਹ ਸਬੰਧੀ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੈ ਅਤੇ ਉੱਥੇ ਵਾਧੂ ਸਰੋਤ, ਡਾਕਟਰ ਜਾਂ ਵਿਸ਼ੇਸ਼ ਸਿਹਤ ਮੁਹਿੰਮਾਂ ਚਲਾਉਣ ਦੀ ਲੋੜ ਹੈ। ਇਸੇ ਡੇਟਾ ਆਧਾਰਤ ਯੋਜਨਾ ਨਾਲ ਭਵਿੱਖ ਵਿਚ ਸਿਹਤ ਨੀਤੀਆਂ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਬਣ ਸਕਣਗੀਆਂ।
ਸਿਹਤ ਮੁਲਾਜ਼ਮਾਂ ਨੂੰ ਇਨ੍ਹਾਂ ਉਪਕਰਨਾਂ ਦੀ ਵਰਤੋਂ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਨਾਲ ਨਵੀਂ ਤਕਨੀਕ ਨੂੰ ਨਿਯਮਿਤ ਸਿਹਤ ਸੇਵਾਵਾਂ ਵਿੱਚ ਸਹਿਜ ਤਰੀਕੇ ਨਾਲ ਸ਼ਾਮਲ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਭਵਿੱਖ ਵਿੱਚ ਪੂਰੇ ਪੰਜਾਬ ਵਿੱਚ ਏਆਈ ਅਧਾਰਿਤ ਸਿਹਤ ਸੇਵਾਵਾਂ ਦੇ ਵਿਸਥਾਰ ਦੇ ਲਈ ਅਧਾਰ ਤਿਆਰ ਕਰੇਗਾ।