- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਚਸਪ ਗੱਲ ਹੈ ਕਿ ਸੋਸ਼ਲ ਮੀਡੀਆ ਫੇਸਬੁੱਕ, ਵ੍ਹਟਸਐਪ, ਐਕਸ ਤੇ ਹੋਰ ਸੋਸ਼ਲ ਸਾਈਟ ’ਤੇ ਸਿਆਸੀ ਆਗੂਆਂ ਦੇ ਦੋ-ਢਾਈ ਦਹਾਕਿਆਂ ਦੀਆਂ ਪੁਰਾਣੀਆਂ ਘਟਨਾਵਾਂ ਅਤੇ ਕਿੱਸੇ ਵੀ ਵਾਇਰਲ ਹੋ ਰਹੇ ਹਨ। ਕੁਝ ਸਿਆਸੀ ਪਾਰਟੀਆਂ ਨੇ ਆਪਣੇ ਪੇਜ਼ਾਂ ’ਤੇ ਵੀ ਨੇਤਾਵਾਂ ਦੇ ਪੁਰਾਣੇ ਕਿੱਸੇ ਮੁੜ ਉਭਾਰੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪਿਛਲੇ ਦਿਨੀਂ ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਮੁੱਖ ਮੰਤਰੀ ਤੇ ਸਮੂਹ ਸਿੱਖ ਵਿਧਾਇਕਾਂ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਚੁੱਕੀ ਹੈ। ਧਰਮ ਤੇ ਸਿਆਸਤ ਦੀ ਮਰਿਆਦਾ ਭੁੱਲ ਕੇ ਆਗੂ ਸੋਸ਼ਲ ਮੀਡੀਆ ਉੱਪਰ ਜਨਤਕ ਤੌਰ ’ਤੇ ਇਕ-ਦੂਜੇ ਖ਼ਿਲਾਫ਼ ਸਖ਼ਤ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਸੂਬੇ ਦੀਆਂ ਲਗਪਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ, ਜਦਕਿ ‘ਆਪ’ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਦੇ ਤੀਰ ਛੱਡੇ ਜਾ ਰਹੇ ਹਨ।
ਦਿਲਚਸਪ ਗੱਲ ਹੈ ਕਿ ਸੋਸ਼ਲ ਮੀਡੀਆ ਫੇਸਬੁੱਕ, ਵ੍ਹਟਸਐਪ, ਐਕਸ ਤੇ ਹੋਰ ਸੋਸ਼ਲ ਸਾਈਟ ’ਤੇ ਸਿਆਸੀ ਆਗੂਆਂ ਦੇ ਦੋ-ਢਾਈ ਦਹਾਕਿਆਂ ਦੀਆਂ ਪੁਰਾਣੀਆਂ ਘਟਨਾਵਾਂ ਅਤੇ ਕਿੱਸੇ ਵੀ ਵਾਇਰਲ ਹੋ ਰਹੇ ਹਨ। ਕੁਝ ਸਿਆਸੀ ਪਾਰਟੀਆਂ ਨੇ ਆਪਣੇ ਪੇਜ਼ਾਂ ’ਤੇ ਵੀ ਨੇਤਾਵਾਂ ਦੇ ਪੁਰਾਣੇ ਕਿੱਸੇ ਮੁੜ ਉਭਾਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਕਾਮੇਡੀ ਕਲਾਕਾਰ ਵੇਲੇ ਦੀਆਂ ਪੁਰਾਣੀਆਂ ਵੀਡੀਓਜ਼ ਅੱਜ ਮੁੜ ਵਾਇਰਲ ਹੋ ਰਹੀਆਂ ਹਨ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਮੁੜ-ਮੁੜ ਘੁੰਮ ਰਹੀ ਹੈ। ਸਿਆਸੀ ਆਗੂ ਹੀ ਨਹੀਂ, ਆਮ ਲੋਕਾਂ ਵਲੋਂ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ ਅਤੇ ਇਕ-ਦੂਜੇ ਦੇ ਪੋਤੜੇ ਫਰੋਲੇ ਜਾ ਰਹੇ ਹਨ।
ਅਗਲੇ ਵਰ੍ਹੇ ਸੂਬੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਕਰ ਕੇ ਰਾਜਸੀ ਆਗੂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਜਾਂ ਭੰਡਣ ਲਈ ਕੋਈ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਅਕਾਲੀ ਦਲ ਨੇ ਤਾਂ ਮੁੱਖ ਮੰਤਰੀ ਨੂੰ 19 ਜੁਲਾਈ ਤੱਕ ਅਹੁਦੇ ਤੋਂ ਹਟਾਉਣ ਦਾ ਨੋਟਿਸ ਦਿੰਦਿਆਂ ਭਵਿੱਖ ਵਿਚ ਮੋਰਚਾ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ।
ਅਕਾਲ ਤਖ਼ਤ ਨਾਲ ਮੱਥਾ ਲਾਇਆ ਤਾਂ ਮੱਥਾ ਪਾਟੇਗਾ : ਮਜੀਠੀਆ
ਓਧਰ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਸਖ਼ਤ ਟਿੱਪਣੀਆਂ ਅਤੇ ਆਪ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿੰਦਾ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸ਼ਾਨ ਸੀ ਅਤੇ ਸ਼ਾਨ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਗੁਰੂ ਮਹਾਰਾਜ, ਅਕਾਲ ਤਖ਼ਤ ਸਾਹਿਬ ਨੇ ਭੁੱਲ ਬਖ਼ਸ਼ਾਉਣ ਵਾਲਿਆਂ ਨੂੰ ਮਾਫ਼ ਕੀਤਾ ਹੈ, ਪਰ ਜੇਕਰ ਕਿਸੇ ਨੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਤਾਂ ਉਸ ਦਾ ਮੱਥਾ ਪਾਟੇਗਾ।