- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
AAP ਨੇ ਸੰਭਾਵੀ ਚੋਣ ਉਮੀਦਵਾਰਾਂ ਨੂੰ ਹਰ ਰੋਜ਼ ਤਿੰਨ ਲੋਕ ਮਿਲਣੀਆਂ ਕਰਵਾਉਣ ਦਾ ਟੀਚਾ ਦਿੱਤਾ ਹੈ। ਇਨ੍ਹਾਂ ਬੈਠਕਾਂ ਜ਼ਰੀਏ ਨਾ ਕੇਵਲ ਸਰਕਾਰ ਦੀਆਂ ਯੋਜਨਾਵਾਂ ਤੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਬਲਕਿ ਖੇਤਰ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਉਮੀਦਾਂ ਨੂੰ ਵੀ ਜਾਣਿਆ ਜਾਵੇਗਾ।

ਰੋਹਿਤ ਕੁਮਾਰ, ਪੰਜਾਬੀ ਜਾਗਰਣ ਚੰਡੀਗੜ੍ਹ : ਰਾਜ ਵਿਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP Punjab) ਨੇ ਸੰਗਠਨ ਤੇ ਸਰਕਾਰ ਦੇ ਕੰਮਕਾਜ ਨੂੰ ਸਿੱਧੇ ਜਨਤਾ ਤਕ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਜਨਸੰਪਰਕ ਮੁਹਿੰਮ ਸ਼ੁਰੂ ਕਰਨ ਦੀ ਰਣਨੀਤੀ ਬਣਾਈ ਹੈ। ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੇ ਦੋ ਮਹੀਨਿਆਂ ਤਕ ਆਪਣੇ-ਆਪਣੇ ਖੇਤਰਾਂ 'ਚ ਲਗਾਤਾਰ ਲੋਕ ਮਿਲਣੀਆਂ ਕਰਵਾਉਣ 'ਤੇ ਲੋਕਾਂ ਵਿਚਕਾਰ ਰਹਿਣ ਤੇ ਸਰਕਾਰ ਦੀਆਂ ਉਪਲਬਧੀਆਂ ਦਾ ਰਿਪੋਰਟ ਕਾਰਡ ਪੇਸ਼ ਕਰਨ।
ਪਾਰਟੀ ਨੇ ਸੰਭਾਵੀ ਚੋਣ ਉਮੀਦਵਾਰਾਂ ਨੂੰ ਹਰ ਰੋਜ਼ ਤਿੰਨ ਲੋਕ ਮਿਲਣੀਆਂ ਕਰਵਾਉਣ ਦਾ ਟੀਚਾ ਦਿੱਤਾ ਹੈ। ਇਨ੍ਹਾਂ ਬੈਠਕਾਂ ਜ਼ਰੀਏ ਨਾ ਕੇਵਲ ਸਰਕਾਰ ਦੀਆਂ ਯੋਜਨਾਵਾਂ ਤੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਬਲਕਿ ਖੇਤਰ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਉਮੀਦਾਂ ਨੂੰ ਵੀ ਜਾਣਿਆ ਜਾਵੇਗਾ। ਪਾਰਟੀ ਦਾ ਟੀਚਾ ਹੈ ਕਿ 15 ਅਗਸਤ ਤਕ ਹਰ ਵਿਧਾਨ ਸਭਾ ਖੇਤਰ ਦੇ ਸਾਰੇ ਪਿੰਡਾਂ ਅਤੇ ਪ੍ਰਮੁੱਖ ਸ਼ਹਿਰੀ ਵਾਰਡਾਂ ਤੱਕ ਪਹੁੰਚ ਬਣਾਈ ਜਾਵੇ।
ਪਾਰਟੀ ਦੇ ਅੰਦਰ ਇਸ ਨੂੰ 2027 ਲਈ ਸ਼ੁਰੂਆਤੀ ਚੋਣ ਤਿਆਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਵੱਖ-ਵੱਖ ਇਲਾਕਿਆਂ 'ਚ ਲੋਕ ਮਿਲਣੀਆਂ ਕਰ ਰਹੇ ਹਨ, ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਸਮੇਤ ਕਈ ਮੰਤਰੀ ਵੀ ਆਪਣੇ-ਆਪਣੇ ਖੇਤਰਾਂ ਵਿੱਚ ਜਨਸਭਾਵਾਂ ਅਤੇ ਸੰਵਾਦ ਪ੍ਰੋਗਰਾਮ ਸ਼ੁਰੂ ਕਰ ਚੁੱਕੇ ਹਨ।
ਸੂਤਰ ਦੱਸਦੇ ਹਨ ਕਿ ਜਿਨ੍ਹਾਂ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਪਾਰਟੀ ਸੰਭਾਵੀ ਉਮੀਦਵਾਰ ਮੰਨ ਰਹੀ ਹੈ, ਉਨ੍ਹਾਂ ਨੂੰ ਆਪਣੇ ਖੇਤਰਾਂ 'ਚ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ 'ਰੰਗਲਾ ਪੰਜਾਬ ਫੰਡ' 'ਚੋਂ ਰਾਸ਼ੀ ਵੀ ਉਪਲਬਧ ਕਰਵਾਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰੇਕ ਵਿਧਾਨ ਸਭਾ ਖੇਤਰ ਲਈ ਕਰੀਬ 10 ਕਰੋੜ ਰੁਪਏ ਤਕ ਦੇ ਵਿਕਾਸ ਕਾਰਜਾਂ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਕੰਮ ਦਿਖਾਈ ਦੇ ਸਕੇ।
ਪਾਰਟੀ ਲੀਡਰਸ਼ਿਪ ਨੇ ਲੋਕ ਨੁਮਾਇੰਦਿਆਂ ਨੂੰ ਅਗਲੇ ਦੋ ਮਹੀਨਿਆਂ ਤਕ ਆਪਣੇ ਵਿਧਾਨ ਸਭਾ ਖੇਤਰਾਂ 'ਚ ਵੱਧ ਤੋਂ ਵੱਧ ਸਮਾਂ ਦੇਣ ਤੇ ਬਿਨਾਂ ਵਜ੍ਹਾ ਖੇਤਰ ਤੋਂ ਬਾਹਰ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਉੱਥੇ ਹੀ, 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਉਣ ਵਾਲੇ ਸਮੇਂ 'ਚ ਵਪਾਰੀਆਂ ਤੇ ਉਦਯੋਗ ਜਗਤ ਨਾਲ ਜੁੜੇ ਵਰਗਾਂ ਦੇ ਨਾਲ ਵਿਸ਼ੇਸ਼ ਸੰਵਾਦ ਪ੍ਰੋਗਰਾਮਾਂ 'ਚ ਹਿੱਸਾ ਲੈ ਸਕਦੇ ਹਨ ਜਿਸ ਨਾਲ ਪਾਰਟੀ ਦਾ ਸਮਰਥਨ ਆਧਾਰ ਹੋਰ ਵਿਆਪਕ ਬਣਾਇਆ ਜਾ ਸਕੇ।
ਮੰਨਣਾ ਹੈ ਕਿ ਲਗਾਤਾਰ ਜਨਸੰਪਰਕ, ਵਿਕਾਸ ਕਾਰਜਾਂ ਦੀ ਪੇਸ਼ਕਾਰੀ ਤੇ ਲਾਭਪਾਤਰੀ ਵਰਗਾਂ ਨਾਲ ਸਿੱਧਾ ਸੰਵਾਦ, 'ਆਪ' ਦੀ ਚੋਣ ਰਣਨੀਤੀ ਦਾ ਅਹਿਮ ਹਿੱਸਾ ਬਣਨ ਜਾ ਰਿਹਾ ਹੈ। ਪਾਰਟੀ ਇਸ ਮੁਹਿੰਮ ਦੇ ਜ਼ਰੀਏ ਸਰਕਾਰ ਦੀਆਂ ਯੋਜਨਾਵਾਂ ਨੂੰ ਸਿਆਸੀ ਸਮਰਥਨ ਵਿੱਚ ਬਦਲਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।