- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਰੋਸੇਯੋਗ ਪੁਲਿਸ ਸੂਤਰ ਅਨੁਸਾਰ ਅਸ਼ੋਕ ਸਿੰਘ ਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਸਰਾਏ ਥਾਣਾ ਅਜਨਾਲਾ ਸ੍ਰੀ ਅੰਮ੍ਰਿਤਸਰ ਨੇ ਕੈਮਰਾ ਲਾਉਣ ਦਾ ਕੰਮ ਪੈਸੇ ਦੇ ਲਾਲਚ ’ਚ ਕੀਤਾ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਕਲੀਅਰ ਨਹੀਂ ਕੀਤਾ ਕਿ ਉਨ੍ਹਾਂ ਨੂੰ ਕਿੰਨੇ ਪੈਸੇ ਦਿੱਤੇ ਗਏ ਸਨ ਜਾਂ ਦੇਣੇ ਸਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ-ਮਲੋਟ ਰੋਡ ’ਤੇ ਸੋਲਰ ਹਾਈਟੈਕ ਕੈਮਰੇ ਰਾਹੀਂ ਜਾਸੂਸੀ ਕਰਨ ਦੇ ਮਾਮਲੇ ਦੀਆਂ ਪਰਤਾਂ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਹੀ ਖੁੱਲ੍ਹ ਸਕਣਗੀਆਂ। ਪੁਲਿਸ ਦੀਆਂ ਵੱਖ-ਵੱਖ ਤਿੰਨ ਟੀਮਾਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਹਾਈਟੈਕ ਸੋਲਰ ਕੈਮਰਾ ਖਰੀਦਣ ਤੇ ਇਸ ਨੂੰ ਇੰਸਟਾਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਇਹੀ ਪਤਾ ਲੱਗਾ ਹੈ ਕਿ ਇਸ ਜਾਸੂਸੀ ਦਾ ਮੁੱਖ ਮੁਲਜ਼ਮ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਸੀ ਹੈ, ਜਿਸ ਦੇ ਕਹਿਣ ’ਤੇ ਹੀ ਉਨ੍ਹਾਂ ਇਹ ਕੈਮਰਾ ਫੌਜ ਦੀ ਜਾਸੂਸੀ ਲਈ ਲਗਾਇਆ ਸੀ। ਭਰੋਸੇਯੋਗ ਪੁਲਿਸ ਸੂਤਰ ਅਨੁਸਾਰ ਅਸ਼ੋਕ ਸਿੰਘ ਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਸਰਾਏ ਥਾਣਾ ਅਜਨਾਲਾ ਸ੍ਰੀ ਅੰਮ੍ਰਿਤਸਰ ਨੇ ਕੈਮਰਾ ਲਾਉਣ ਦਾ ਕੰਮ ਪੈਸੇ ਦੇ ਲਾਲਚ ’ਚ ਕੀਤਾ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਕਲੀਅਰ ਨਹੀਂ ਕੀਤਾ ਕਿ ਉਨ੍ਹਾਂ ਨੂੰ ਕਿੰਨੇ ਪੈਸੇ ਦਿੱਤੇ ਗਏ ਸਨ ਜਾਂ ਦੇਣੇ ਸਨ। ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਕੈਮਰਾ ਖ਼ਰੀਦਣ ਤੇ ਉਸ ਨੂੰ ਲਗਾਉਣ ਤੱਕ ਹੀ ਸੀਮਤ ਸਨ, ਜਦਕਿ ਉਕਤ ਕੈਮਰਾ ਮੁੱਖ ਮੁਲਜ਼ਮ ਦੇ ਮੋਬਾਈਲ ਫੋਨ ਨਾਲ ਜੁੜਿਆ ਹੋਇਆ ਸੀ। ਸੂਤਰ ਅਨੁਸਾਰ ਇਸ ਪੂਰੇ ਕਾਂਡ ਦਾ ਮੁੱਖ ਦੋਸ਼ੀ ਹੀ ਫ਼ੌਜ ਦੀ ਜਾਸੂਸੀ ਦੀਆਂ ਵੀਡੀਓ ਅੱਗੇ ਭੇਜ ਰਿਹਾ ਸੀ। ਸੂਤਰ ਅਨੁਸਾਰ ਫ਼ੌਜ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਨਸ਼ਾ ਤਸਕਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਪਾਕਿਸਤਾਨ ਆਈਐੱਸਆਈ ਨਾਲ ਸਬੰਧ ਹੋ ਸਕਦੇ ਹਨ। ਇਸ ਲਈ ਬਠਿੰਡਾ ਪੁਲਿਸ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੁਲਜਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਜਾਸੂਸੀ ਦੇ ਇਸ ਮਾਮਲੇ ਦਾ ਰਾਜ਼ ਖੁੱਲੇਗਾ। ਪੁਲਿਸ ਨੂੰ ਸ਼ੱਕ ਹੈ ਕਿ ਉਕਤ ਮੁਲਜ਼ਮ ਨੇ ਇਸ ਤਰ੍ਹਾਂ ਦੇ ਕੈਮਰੇ ਹੋਰ ਥਾਵਾਂ ’ਤੇ ਵੀ ਲਾਏ ਹੋ ਸਕਦੇ ਹਨ। ਇਸ ਲਈ ਸੰਵੇਦਨਸ਼ੀਲ ਥਾਵਾਂ ਨੇੜੇ ਪੁਲਿਸ ਵੱਲੋਂ ਪੂਰੇ ਪੰਜਾਬ ਅੰਦਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਜਿਹੇ ਲੱਗੇ ਹੋਏ ਕੈਮਰਿਆਂ ਨੂੰ ਫੜਿਆ ਜਾ ਸਕੇ। ਇਸ ਲਈ ਪੁਲਿਸ ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੋ ਗਈ ਹੈ। ਐੱਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਜਾਸੂਸੀ ਕਾਂਡ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸੀ, ਸੀਆਈਏ ਤੇ ਬਠਿੰਡਾ ਪੁਲਿਸ ਦੀਆਂ ਟੀਮਾਂ ਨੇ ਅੱਜ ਵੀ ਮੁਲਜ਼ਮ ਦੇ ਟਿਕਾਣਿਆਂ ’ਤੇ ਰੇਡ ਕੀਤੀ ਹੈ, ਪਰ ਉਹ ਉੱਥੇ ਨਹੀਂ ਮਿਲ ਸਕਿਆ। ਐੱਸਪੀ ਨੇ ਕਿਹਾ ਕਿ ਜਾਸੂਸੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫੋਨ ਜਾਂਚ ਲਈ ਭੇਜੇ
ਜਾਸੂਸੀ ਕਾਂਡ ’ਚ ਫੜੇ ਗਏ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਫੋਨ ਪੁਲਿਸ ਨੇ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਆਪਣੇ ਫੋਨ ਰਾਹੀਂ ਜਾਣਕਾਰੀ ਬਾਹਰ ਭੇਜੀ ਹੋ ਸਕਦੀ। ਮੋਬਾਈਲ ਫੋਨ ਤੋਂ ਇਹ ਪਤਾ ਲੱਗ ਜਾਵੇਗਾ ਕਿ ਕੌਣ-ਕੌਣ ਦੋਵਾਂ ਨਾਲ ਜੁੜੇ ਹੋਏ ਸਨ। ਪੁਲਿਸ ਨੇ ਬਠਿੰਡਾ-ਮਲੋਟ ਰੋਡ ’ਤੇ ਲੱਗੇ ਉਕਤ ਕੈਮਰੇ ਨੂੰ ਜ਼ਬਤ ਕਰ ਲਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ
ਐਤਵਾਰ ਨੂੰ ਜਾਸੂਸੀ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਸ੍ਰੀ ਅੰਮ੍ਰਿਤਸਰ ਵਾਸੀ ਆਕਾਸ਼ਦੀਪ ਸਿੰਘ ਵਾਸੀ ਸ੍ਰੀ ਅੰਮ੍ਰਿਤਸਰ ਨੂੰ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ ਮੁਲਜ਼ਮ ਕੋਲੋਂ ਪੁੱਛਗਿੱਛ ਕਰਨ ਲਈ ਅਦਾਲਤ ਪਾਸੋਂ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਆਕਾਸ਼ਦੀਪ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਕਥਿਤ ਦੋਸ਼ੀ ਕੋਲੋਂ ਇਸ ਮਾਮਲੇ ਦੇ ਮੁੱਖ ਮੁਲਜਮ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕਰੇਗੀ ਤਾਂ ਜੋ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਜਾਸੂਸੀ ਦੇ ਇਸ ਕਾਂਡ ਤੋਂ ਪਰਦਾ ਉਠਾਇਆ ਜਾ ਸਕੇ।
ਫੌਜੀ ਖੇਤਰਾਂ, ਹਵਾਈ ਅੱਡਿਆਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਨੇੜੇ ਪੁਲਿਸ ਨੂੰ ਚੈਕਿੰਗ ਕਰਨ ਦੇ ਹੁਕਮ
ਹਾਈਟੈਕ ਸੋਲਰ ਕੈਮਰਾ ਲਾ ਕੇ ਜਸੂਸੀ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏਜੰਸੀਆਂ ਵੀ ਹੈਰਾਨ ਹੋ ਗਈਆਂ ਹਨ। ਸੂਬੇ ਦੇ ਫੌਜੀ ਖੇਤਰਾਂ, ਹਵਾਈ ਅੱਡਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਨੇੜੇ ਪੁਲਿਸ ਨੂੰ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੁਲਿਸ ਪੂਰੇ ਸੂਬੇ ’ਚ ਸੰਵੇਦਨਸ਼ੀਲ ਥਾਵਾਂ ਨੇੜੇ ਚੈੱਕ ਕਰ ਰਹੀ ਹੈ, ਕਿਧਰੇ ਕੋਈ ਅਜਿਹਾ ਕੈਮਰਾ ਨਜ਼ਰ ਤਾਂ ਨਹੀਂ ਆ ਰਿਹਾ। ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਫ਼ੌਜ ਨਾਲ ਵੀ ਸੰਪਰਕ ਸਾਧਿਆ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਦੁਸ਼ਮਣ ਜਾਸੂਸੀ ਲਈ ਅਜਿਹੀ ਚਾਲ ਚੱਲ ਸਕਦਾ ਹੈ। ਫੜੇ ਗਏ ਦੋਵਾਂ ਮਲਜ਼ਮਾਂ ਸਮੇਤ ਤਿੰਨੇ ਪਿੰਡ ਸਰਾਏ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।