- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜਤਾਲ ਦੌਰਾਨ ਸਰਕਾਰ, ਪਾਵਰਕਾਮ ਪ੍ਰਬੰਧਨ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਕਈ ਗੇੜ ਦੀ ਗੱਲਬਾਤ ਹੋਈ। 29 ਜੂਨ ਨੂੰ ਸਰਕਾਰ ਵੱਲੋਂ ਮੁੱਖ ਮੰਗਾਂ ਸਵੀਕਾਰ ਕਰਨ ਦਾ ਭਰੋਸਾ ਦਿੱਤੇ ਜਾਣ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਪੰਜਾਬ ਦੇ ਥਰਮਲ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਸਰਕਾਰ ਵੱਲੋਂ ਮੁੱਖ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸਮਾਪਤ ਹੋ ਗਈ ਹੈ। ਹੜਤਾਲ ਖਤਮ ਹੋਣ ਨਾਲ ਮੁਲਾਜ਼ਮ ਮੁੜ ਡਿਊਟੀਆਂ 'ਤੇ ਪਰਤ ਆਏ ਹਨ ਅਤੇ ਬਿਜਲੀ ਉਤਪਾਦਨ ਨੂੰ ਆਮ ਲੀਹ 'ਤੇ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ, ਲਹਿਰਾ ਮੁਹੱਬਤ ਦਾ ਬੰਦ ਪਿਆ ਚੌਥਾ ਯੂਨਿਟ ਵੀ ਮੁੜ ਚਾਲੂ ਕਰ ਦਿੱਤਾ ਗਿਆ ਹੈ।
ਹੜਤਾਲ ਦੌਰਾਨ ਸਰਕਾਰ, ਪਾਵਰਕਾਮ ਪ੍ਰਬੰਧਨ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਕਈ ਗੇੜ ਦੀ ਗੱਲਬਾਤ ਹੋਈ। 29 ਜੂਨ ਨੂੰ ਸਰਕਾਰ ਵੱਲੋਂ ਮੁੱਖ ਮੰਗਾਂ ਸਵੀਕਾਰ ਕਰਨ ਦਾ ਭਰੋਸਾ ਦਿੱਤੇ ਜਾਣ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ। ਇਸ ਤੋਂ ਬਾਅਦ ਪਲਾਂਟਾਂ ਵਿੱਚ ਕੰਮਕਾਜ ਮੁੜ ਸ਼ੁਰੂ ਹੋ ਗਿਆ ਅਤੇ ਬੰਦ ਪਏ ਯੂਨਿਟਾਂ ਨੂੰ ਚਾਲੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੇ 9 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਸੀ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਠੇਕੇਦਾਰੀ ਪ੍ਰਣਾਲੀ ਹੇਠ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਨਖ਼ਾਹ, ਨੌਕਰੀ ਦੀ ਸੁਰੱਖਿਆ ਅਤੇ ਹੋਰ ਸੇਵਾ ਸਹੂਲਤਾਂ ਨਹੀਂ ਮਿਲ ਰਹੀਆਂ। ਹੜਤਾਲ ਦੌਰਾਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਇੱਕ-ਇੱਕ ਕਰਕੇ ਬੰਦ ਹੋ ਗਏ ਸਨ, ਜਿਸ ਕਾਰਨ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਪਾਵਰਕਾਮ 'ਤੇ ਬਿਜਲੀ ਪ੍ਰਬੰਧਨ ਦਾ ਦਬਾਅ ਵਧ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਕੰਮ 'ਤੇ ਪਰਤਣ ਅਤੇ ਯੂਨਿਟਾਂ ਦੇ ਮੁੜ ਚਾਲੂ ਹੋਣ ਨਾਲ ਸੂਬੇ ਦੀ ਬਿਜਲੀ ਸਪਲਾਈ ਨੂੰ ਮਜ਼ਬੂਤੀ ਮਿਲੇਗੀ। ਝੋਨੇ ਦੇ ਸੀਜ਼ਨ ਦੌਰਾਨ ਵਧੀ ਹੋਈ ਬਿਜਲੀ ਮੰਗ ਨੂੰ ਦੇਖਦਿਆਂ ਥਰਮਲ ਪਲਾਂਟਾਂ ਦਾ ਪੂਰੀ ਸਮਰੱਥਾ ਨਾਲ ਚੱਲਣਾ ਬਹੁਤ ਮਹੱਤਵਪੂਰਨ ਹੈ।