- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੂੜੀ ਦੀਆਂ ਕੀਮਤਾਂ ਵਿੱਚ ਇਸ ਭਾਰੀ ਵਾਧੇ ਨਾਲ ਡੇਅਰੀ ਕਾਰੋਬਾਰ ਦੀ ਲਾਗਤ ਕਾਫ਼ੀ ਵਧ ਗਈ ਹੈ। ਦੂਜੇ ਪਾਸੇ ਦੁੱਧ ਦੇ ਭਾਅ ਵਿੱਚ ਸਿਰਫ਼ ਕਰੀਬ 5 ਰੁਪਏ ਪ੍ਰਤੀ ਲਿਟਰ ਦਾ ਹੀ ਵਾਧਾ ਹੋਇਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ ਵਿੱਚ ਤੂੜੀ ਦੇ ਭਾਅ ਵਿੱਚ ਆਏ ਅਚਾਨਕ ਉਛਾਲ ਨੇ ਪਸ਼ੂ ਪਾਲਕਾਂ ਅਤੇ ਡੇਅਰੀ ਸੰਚਾਲਕਾਂ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਤੱਕ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲੀ ਤੂੜੀ ਹੁਣ 850 ਤੋਂ 900 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ, ਜਦਕਿ ਕਈ ਮੰਡੀਆਂ ਵਿੱਚ ਇਹ 1000 ਰੁਪਏ ਪ੍ਰਤੀ ਕੁਇੰਟਲ ਦੇ ਨੇੜੇ ਵੀ ਵਿਕ ਰਹੀ ਹੈ। ਤੂੜੀ ਦੀਆਂ ਕੀਮਤਾਂ ਵਿੱਚ ਇਸ ਭਾਰੀ ਵਾਧੇ ਨਾਲ ਡੇਅਰੀ ਕਾਰੋਬਾਰ ਦੀ ਲਾਗਤ ਕਾਫ਼ੀ ਵਧ ਗਈ ਹੈ। ਦੂਜੇ ਪਾਸੇ ਦੁੱਧ ਦੇ ਭਾਅ ਵਿੱਚ ਸਿਰਫ਼ ਕਰੀਬ 5 ਰੁਪਏ ਪ੍ਰਤੀ ਲਿਟਰ ਦਾ ਹੀ ਵਾਧਾ ਹੋਇਆ ਹੈ। ਇਸ ਵੇਲੇ ਡੇਅਰੀ ਸੰਚਾਲਕਾਂ ਨੂੰ ਦੁੱਧ ਲਗਭਗ 60 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵੇਚਣਾ ਪੈ ਰਿਹਾ ਹੈ, ਪਰ ਚਾਰਾ, ਦਾਣਾ, ਖਲ, ਬਿਜਲੀ, ਦਵਾਈਆਂ, ਮਜ਼ਦੂਰੀ ਅਤੇ ਹੁਣ ਤੂੜੀ ਮਹਿੰਗੀ ਹੋਣ ਕਾਰਨ ਮੁਨਾਫ਼ਾ ਲਗਾਤਾਰ ਘਟਦਾ ਜਾ ਰਿਹਾ ਹੈ। ਡੇਅਰੀ ਸੰਚਾਲਕਾਂ ਦਾ ਕਹਿਣਾ ਹੈ ਕਿ ਤੂੜੀ ਪਸ਼ੂਆਂ ਦੇ ਮੁੱਖ ਚਾਰੇ ਦਾ ਅਹਿਮ ਹਿੱਸਾ ਹੈ ਅਤੇ ਜ਼ਿਆਦਾਤਰ ਡੇਅਰੀ ਮਾਲਕ ਇਸ ਨੂੰ ਬਾਜ਼ਾਰ ਤੋਂ ਖਰੀਦਦੇ ਹਨ। ਅਜਿਹੇ ਵਿੱਚ ਭਾਅ ਵਧਣ ਦਾ ਸਿੱਧਾ ਅਸਰ ਉਨ੍ਹਾਂ ਦੀ ਆਮਦਨ 'ਤੇ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮ ਚਲਾਉਣਾ ਮੁਸ਼ਕਲ ਹੋ ਜਾਵੇਗਾ।
ਮਾਹਿਰਾਂ ਅਨੁਸਾਰ ਇਸ ਸਾਲ ਪਈ ਭਾਰੀ ਗਰਮੀ ਕਾਰਨ ਦੁੱਧ ਉਤਪਾਦਨ ਵਿੱਚ ਪਹਿਲਾਂ ਹੀ 15 ਤੋਂ 20 ਫ਼ੀਸਦੀ ਤੱਕ ਕਮੀ ਆ ਚੁੱਕੀ ਹੈ। ਹੁਣ ਚਾਰੇ ਦੀ ਵਧਦੀ ਲਾਗਤ ਨੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਦੁੱਧ ਦੀ ਉਪਲਬਧਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਮਿਲਾਵਟੀ ਦੁੱਧ ਦੀ ਸਮੱਸਿਆ ਵੀ ਵਧ ਸਕਦੀ ਹੈ।
ਬੇਮੌਸਮੀ ਬਾਰਿਸ਼ ਤੇ ਉਦਯੋਗਿਕ ਮੰਗ ਬਣੇ ਮੁੱਖ ਕਾਰਨ
ਪਸ਼ੂ ਪਾਲਕ ਗੁਰਧਿਆਨ ਸਿੰਘ ਅਤੇ ਸੁੱਖਾ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਕਣਕ ਦੀ ਫ਼ਸਲ ਦੌਰਾਨ ਪਈ ਬੇਮੌਸਮੀ ਬਾਰਿਸ਼ ਕਾਰਨ ਤੂੜੀ ਦੀ ਪੈਦਾਵਾਰ ਕਾਫ਼ੀ ਘਟ ਗਈ ਹੈ। ਇਸ ਕਾਰਨ ਬਾਜ਼ਾਰ ਵਿੱਚ ਸਪਲਾਈ ਘਟੀ ਅਤੇ ਕੀਮਤਾਂ ਵਿੱਚ ਤੇਜ਼ੀ ਆਈ ਹੈ। ਪਸ਼ੂ ਪਾਲਕ ਸ਼ੇਖਰ ਸਿੰਘ ਅਤੇ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਹੁਣ ਤੂੜੀ ਦੀ ਵਰਤੋਂ ਸਿਰਫ਼ ਪਸ਼ੂਆਂ ਦੇ ਚਾਰੇ ਤੱਕ ਸੀਮਤ ਨਹੀਂ ਰਹੀ। ਪੇਪਰ ਮਿੱਲਾਂ, ਬਾਇਓ ਐਨਰਜੀ ਪਲਾਂਟਾਂ ਅਤੇ ਪੈਕਜਿੰਗ ਉਦਯੋਗ ਵਿੱਚ ਵੀ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਦਾ ਸਿੱਧਾ ਅਸਰ ਕੀਮਤਾਂ 'ਤੇ ਪਿਆ ਹੈ।
ਖੇਤਰੀ ਖੋਜ ਕੇਂਦਰ ਦੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਤੂੜੀ ਦੇ ਭਾਅ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵਾਤਾਵਰਨ ਪੱਖੀ ਉਤਪਾਦਾਂ ਦੀ ਵਧਦੀ ਮੰਗ ਕਾਰਨ ਕਣਕ ਦੀ ਤੂੜੀ ਦਾ ਬਾਜ਼ਾਰ ਲਗਭਗ 5 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਸ ਨਾਲ ਵੱਡੇ ਕਿਸਾਨਾਂ ਨੂੰ ਆਰਥਿਕ ਲਾਭ ਮਿਲ ਸਕਦਾ ਹੈ, ਕਿਉਂਕਿ ਇਕ ਏਕੜ ਤੋਂ 18 ਤੋਂ 20 ਕੁਇੰਟਲ ਤੱਕ ਤੂੜੀ ਮਿਲਣ ਨਾਲ 9 ਤੋਂ 10 ਹਜ਼ਾਰ ਰੁਪਏ ਤੱਕ ਦੀ ਵਾਧੂ ਆਮਦਨ ਹੋ ਸਕਦੀ ਹੈ। ਪਰ ਦੂਜੇ ਪਾਸੇ ਇਸ ਦਾ ਸਭ ਤੋਂ ਵੱਡਾ ਬੋਝ ਪਸ਼ੂ ਪਾਲਕਾਂ ਅਤੇ ਡੇਅਰੀ ਧੰਦੇ 'ਤੇ ਪੈ ਰਿਹਾ ਹੈ।
ਤੂੜੀ 200-300 ਰੁਪਏ ਤੋਂ ਵਧ ਕੇ 850-900 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚੀ।
ਕਈ ਮੰਡੀਆਂ ਵਿੱਚ ਭਾਅ 1000 ਰੁਪਏ ਪ੍ਰਤੀ ਕੁਇੰਟਲ ਦੇ ਨੇੜੇ।
ਗਰਮੀ ਕਾਰਨ ਦੁੱਧ ਉਤਪਾਦਨ 15-20 ਫ਼ੀਸਦੀ ਤੱਕ ਘਟਿਆ।
ਬੇਮੌਸਮੀ ਬਾਰਿਸ਼ ਨਾਲ ਤੂੜੀ ਦੀ ਪੈਦਾਵਾਰ ਪ੍ਰਭਾਵਿਤ।
ਪੇਪਰ ਮਿੱਲਾਂ, ਬਾਇਓ ਐਨਰਜੀ ਅਤੇ ਪੈਕਜਿੰਗ ਉਦਯੋਗ ਦੀ ਵਧਦੀ ਮੰਗ ਨੇ ਵੀ ਕੀਮਤਾਂ ਨੂੰ ਉੱਪਰ ਧੱਕਿਆ।
ਮਾਹਿਰਾਂ ਅਨੁਸਾਰ ਵਿਸ਼ਵ ਪੱਧਰ 'ਤੇ ਤੂੜੀ ਦਾ ਬਾਜ਼ਾਰ ਲਗਭਗ 5 ਫ਼ੀਸਦੀ ਸਲਾਨਾ ਦਰ ਨਾਲ ਵਧ ਰਿਹਾ ਹੈ।