- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲੈਬ ਦੇ ਚਾਲੂ ਹੋਣ ਨਾਲ ਹੁਣ ਬਾਇਓ ਖਾਦਾਂ ਦੇ ਨਮੂਨਿਆਂ ਦੀ ਜਾਂਚ ਪੰਜਾਬ ਅੰਦਰ ਹੀ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ 10 ਤੋਂ 15 ਦਿਨਾਂ ਵਿੱਚ ਮਿਲ ਜਾਵੇਗੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ ਵਿੱਚ ਬਾਇਓ ਖਾਦਾਂ ਦੀ ਗੁਣਵੱਤਾ ਦੀ ਜਾਂਚ ਨੂੰ ਤੇਜ਼, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਠਿੰਡਾ ਵਿੱਚ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਟੀ ਕੰਟਰੋਲ ਲੈਬਾਰਟਰੀ ਸਥਾਪਤ ਕੀਤੀ ਗਈ ਹੈ। ਇਸ ਲੈਬ ਦੇ ਚਾਲੂ ਹੋਣ ਨਾਲ ਹੁਣ ਬਾਇਓ ਖਾਦਾਂ ਦੇ ਨਮੂਨਿਆਂ ਦੀ ਜਾਂਚ ਪੰਜਾਬ ਅੰਦਰ ਹੀ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ 10 ਤੋਂ 15 ਦਿਨਾਂ ਵਿੱਚ ਮਿਲ ਜਾਵੇਗੀ। ਪਹਿਲਾਂ ਸੂਬੇ ਵਿੱਚ ਅਜਿਹੀ ਕੋਈ ਲੈਬ ਨਾ ਹੋਣ ਕਾਰਨ ਨਮੂਨੇ ਗਾਜ਼ੀਆਬਾਦ ਭੇਜੇ ਜਾਂਦੇ ਸਨ, ਜਿੱਥੋਂ ਰਿਪੋਰਟ ਆਉਣ ਵਿੱਚ ਕਰੀਬ ਛੇ ਮਹੀਨੇ ਲੱਗ ਜਾਂਦੇ ਸਨ। ਇਸ ਦੇਰੀ ਕਾਰਨ ਕਈ ਵਾਰ ਘਟੀਆ ਗੁਣਵੱਤਾ ਵਾਲੀਆਂ ਖਾਦਾਂ ਖ਼ਿਲਾਫ਼ ਸਮੇਂ ਸਿਰ ਕਾਰਵਾਈ ਕਰਨੀ ਸੰਭਵ ਨਹੀਂ ਹੋ ਸਕਦੀ ਸੀ।
ਆਧੁਨਿਕ ਉਪਕਰਨਾਂ ਨਾਲ ਹੋਵੇਗੀ ਵਿਗਿਆਨਕ ਜਾਂਚ
ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਲੈਬ ਵਿੱਚ ਆਧੁਨਿਕ ਮਸ਼ੀਨਾਂ ਅਤੇ ਵਿਗਿਆਨਕ ਉਪਕਰਨ ਲਗਾਏ ਗਏ ਹਨ। ਇੱਥੇ ਬਾਇਓ ਫਰਟੀਲਾਈਜ਼ਰ ਦੇ ਨਮੂਨਿਆਂ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਤਪਾਦ ਨਿਰਧਾਰਤ ਮਾਪਦੰਡਾਂ ’ਤੇ ਖਰੇ ਉਤਰਦੇ ਹਨ ਜਾਂ ਨਹੀਂ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਘਟੀਆ ਬਾਇਓ ਖਾਦਾਂ ਦੀ ਵਿਕਰੀ ’ਤੇ ਰੋਕ ਲੱਗੇਗੀ ਅਤੇ ਕਿਸਾਨਾਂ ਨੂੰ ਮਿਆਰੀ ਉਤਪਾਦ ਮਿਲਣਗੇ। ਬਾਜ਼ਾਰ ਵਿੱਚੋਂ ਨਿਯਮਤ ਤੌਰ ’ਤੇ ਨਮੂਨੇ ਲੈ ਕੇ ਜਾਂਚ ਵੀ ਕੀਤੀ ਜਾਵੇਗੀ।
ਮੋਹਾਲੀ ਅਤੇ ਗੁਰਦਾਸਪੁਰ ’ਚ ਵੀ ਬਣਨਗੀਆਂ ਲੈਬਾਂ
ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬਠਿੰਡਾ ਦੀ ਤਰਜ਼ ’ਤੇ ਮੋਹਾਲੀ ਅਤੇ ਗੁਰਦਾਸਪੁਰ ਵਿੱਚ ਵੀ ਬਾਇਓ ਫਰਟੀਲਾਈਜ਼ਰ ਕੁਆਲਟੀ ਕੰਟਰੋਲ ਲੈਬਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਾਇਓ ਖਾਦਾਂ ਦੀ ਜਾਂਚ ਲਈ ਨਮੂਨੇ ਸੂਬੇ ਤੋਂ ਬਾਹਰ ਭੇਜਣ ਦੀ ਲੋੜ ਨਹੀਂ ਰਹੇਗੀ। ਲੈਬਾਰਟਰੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਬਾਇਓ ਖਾਦਾਂ ਦੀ ਵਰਤੋਂ ਵਧਣ ਦੇ ਮੱਦੇਨਜ਼ਰ ਲੈਬ ਦੀ ਸਮਰੱਥਾ ਵੀ ਲੋੜ ਅਨੁਸਾਰ ਵਧਾਈ ਜਾਵੇਗੀ।
ਨਵੀਂ ਲੈਬ ਦੇ ਮੁੱਖ ਫਾਇਦੇ
ਰਿਪੋਰਟ 10-15 ਦਿਨਾਂ ਵਿੱਚ ਮਿਲੇਗੀ।
ਘਟੀਆ ਬਾਇਓ ਖਾਦਾਂ ਖ਼ਿਲਾਫ਼ ਤੁਰੰਤ ਕਾਰਵਾਈ ਸੰਭਵ।
ਕਿਸਾਨਾਂ ਨੂੰ ਮਿਆਰੀ ਅਤੇ ਭਰੋਸੇਯੋਗ ਉਤਪਾਦ ਮਿਲਣਗੇ।
ਸੂਬੇ ਵਿੱਚ ਟਿਕਾਊ ਅਤੇ ਕੁਦਰਤੀ ਖੇਤੀ ਨੂੰ ਹੋਰ ਉਤਸ਼ਾਹ ਮਿਲੇਗਾ।