- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਹੀ ਮਾਰਗਦਰਸ਼ਨ ਅਤੇ ਮੰਡੀਕਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਤਾਂ ਡ੍ਰੈਗਨ ਫਰੂਟ ਵਰਗੀਆਂ ਫਸਲਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ।

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਵਿੱਚ ਹਰੀ ਕ੍ਰਾਂਤੀ ਨੇ ਇਕ ਸਮੇਂ ਖੇਤੀ ਉਤਪਾਦਨ ਵਿੱਚ ਇਨਕਲਾਬ ਲਿਆ ਕੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕੀਤਾ ਸੀ ਪਰ ਸਮੇਂ ਦੇ ਨਾਲ ਇਸ ਦੇ ਨਕਾਰਾਤਮਕ ਪ੍ਰਭਾਵ ਵੀ ਸਾਹਮਣੇ ਆਏ ਹਨ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋਈ ਹੈ, ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਇਆ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਦੀ ਨਵੀਂ ਪੀੜ੍ਹੀ ਹੁਣ ਰਵਾਇਤੀ ਫ਼ਸਲਾਂ ਦੇ ਚੱਕਰ ਤੋਂ ਬਾਹਰ ਨਿਕਲ ਕੇ ਭਵਿੱਖ-ਮੁਖੀ ਖੇਤੀ ਵੱਲ ਰੁਝਾਨ ਦਿਖਾ ਰਹੀ ਹੈ। ਖਾਸ ਤੌਰ 'ਤੇ ਡ੍ਰੈਗਨ ਫਰੂਟ ਦੀ ਖੇਤੀ ਨੌਜਵਾਨ ਕਿਸਾਨਾਂ ਲਈ ਇਕ ਨਵਾਂ ਅਤੇ ਲਾਭਦਾਇਕ ਵਿਕਲਪ ਬਣ ਕੇ ਉਭਰ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਡ੍ਰੈਗਨ ਫਰੂਟ ਦੀ ਖੇਤੀ ਵਿੱਚ ਲਾਗਤ ਮੁਕਾਬਲੇ ਘੱਟ ਹੁੰਦੀ ਹੈ, ਜਦਕਿ ਮੁਨਾਫ਼ਾ ਕਾਫ਼ੀ ਵੱਧ ਮਿਲਦਾ ਹੈ। ਇਕ ਵਾਰ ਬੂਟੇ ਲਗਾਉਣ ਤੋਂ ਬਾਅਦ ਇਹ ਲਗਭਗ 25 ਸਾਲ ਤਕ ਫਲ ਦਿੰਦੇ ਰਹਿੰਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਆਮਦਨ ਦਾ ਸਥਿਰ ਸਰੋਤ ਮਿਲ ਸਕਦਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੋ ਰਹੀ ਹੈ, ਸਗੋਂ ਖੇਤੀ ਵਿੱਚ ਵਿਭਿੰਨਤਾ ਵੀ ਆ ਰਹੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਹੀ ਮਾਰਗਦਰਸ਼ਨ ਅਤੇ ਮੰਡੀਕਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਤਾਂ ਡ੍ਰੈਗਨ ਫਰੂਟ ਵਰਗੀਆਂ ਫਸਲਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ। ਪੰਜਾਬ ਦੀ ਨਵੀਂ ਪੀੜ੍ਹੀ ਹੁਣ ਸਿਰਫ਼ ਰਿਵਾਇਤੀ ਖੇਤੀ ਤਕ ਸੀਮਤ ਨਹੀਂ ਰਹਿਣਾ ਚਾਹੁੰਦੀ, ਸਗੋਂ ਨਵੀਨਤਾ ਅਤੇ ਤਕਨਾਲੋਜੀ ਨਾਲ ਜੁੜੀ ਖੇਤੀ ਰਾਹੀਂ ਆਪਣੇ ਅਤੇ ਸੂਬੇ ਦੇ ਭਵਿੱਖ ਨੂੰ ਹੋਰ ਖੁਸ਼ਹਾਲ ਬਣਾਉਣ ਦੇ ਸੁਪਨੇ ਸਾਕਾਰ ਕਰ ਰਹੀ ਹੈ।
ਆਸਟਰੇਲੀਆਂ ਤੋਂ ਵਾਪਸ ਪਰਤ ਕੇ ਜ਼ਿਲ੍ਹੇ ਦੇ ਪਿੰਡ ਪੂਹਲੀ ਵਿਚ ਕਰੀਬ ਤਿੰਨ ਏਕੜ ਜ਼ਮੀਨ ਵਿਚ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਨੌਜਵਾਨ ਕਿਸਾਨ ਇੰਦਰਜੀਤ ਸਿੰਘ ਨੇ ਦੱਸਿਆ ਡ੍ਰੈਗਨ ਫਲ ਦੀ ਮੁੱਖ ਖੇਤੀ ਥਾਈਲੈਂਡ ਵਿਚ ਹੁੰਦੀ ਹੈ ਪਰ ਕਿਉਂਕਿ ਡ੍ਰੈਗਨ ਫਰੂਟ ਨੂੰ ਖੁਸ਼ਕ ਵਾਤਾਵਰਨ ਦੀ ਲੋੜ ਹੁੰਦੀ ਹੈ, ਇਸ ਲਈ ਪੰਜਾਬ ਦਾ ਮੌਸਮ ਵੀ ਇਸ ਦੇ ਅਨੁਕੂਲ ਹੈ । ਇੱਥੇ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਜਿਹੜੀ ਕਿ ਕਾਮਯਾਬ ਰਹੀ। ਉਸਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਰਵਾਇਤੀ ਖੇਤੀ ਦੀ ਬਜਾਏ ਹੋਰ ਫਸਲਾਂ ’ਤੇ ਤਜਰਬੇ ਕਰਨੇ ਚਾਹੀਦੇ ਹਨ। ਉਸਨੇ ਦੱਸਿਆ ਕਿ ਇਹ ਵਿਦੇਸ਼ੀ ਫਲ ਹੈ। ਪਰ ਭਾਰਤ ਵਿਚ ਗੁਜਰਾਤ ’ਚ ਇਸ ਦੀ ਕਾਸ਼ਤ ਚੰਗੀ ਤਰ੍ਹਾਂ ਹੋ ਰਹੀ ਹੈ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ''ਤੇ ਖੋਜ ਸ਼ੁਰੂ ਕੀਤੀ ਅਤੇ ਫਿਰ ਗੁਜਰਾਤ ਜਾ ਕੇ ਇਸ ਦੀ ਕਾਸ਼ਤ ਬਾਰੇ ਜਾਣਿਆ। ਕਿਸਾਨ ਅਨੁਸਾਰ ਪਹਿਲੇ ਸਾਲ ਇਕ ਏਕੜ ਰਕਬੇ ਵਿਚ ਡ੍ਰੈਗਨ ਫਰੂਟ ਦੀ ਕਾਸ਼ਤ 'ਤੇ ਕਰੀਬ ਤਿੰਨ ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਉਥੇ ਹੀ ਤੀਜੇ ਸਾਲ ਤੋਂ ਡ੍ਰੈਗਨ ਫਰੂਟ ਦੀ ਕਾਸ਼ਤ ਕਰਕੇ ਪੰਜ ਲੱਖ ਰੁਪਏ ਦਾ ਮੁਨਾਫਾ ਆਉਣਾ ਸ਼ੁਰੂ ਹੋ ਜਾਂਦਾ ਹੈ।
ਥਾਈਲੈਂਡ ਵਿਚ ਡ੍ਰੈਗਨ ਫਰੂਟ ਦੀ ਸਭ ਤੋਂ ਵੱਧ ਕਾਸ਼ਤ ਕੀਤੀ ਜਾਂਦੀ ਹੈ। ਵਿਦੇਸ਼ਾਂ ''ਚ ਡਰੈਗਨ ਫਰੂਟ ਦੀ ਜ਼ਿਆਦਾ ਮੰਗ ਹੋਣ ਕਾਰਨ ਇਸ ਫਲ ਦੀ ਕੀਮਤ ਜਿੱਥੇ ਜ਼ਿਆਦਾ ਹੈ, ਉੱਥੇ ਮੰਗ ਵਧਣ ਨਾਲ ਇਸ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ। ਬਠਿੰਡਾ ਵਿਚ ਵੀ ਡ੍ਰੈਗਨ ਫਰੂਟ 200 ਰੁਪਏ ਕਿਲੋ ਤੋਂ ਲੈ ਕੇ 250 ਰੁਪਏ ਕਿਲੋ ਤਕ ਵਿਕ ਰਿਹਾ ਹੈ, ਕਿਉਂਕਿ ਉਕਤ ਕਿਸਾਨ ਕੋਲ ਡ੍ਰੈਗਨ ਫਰੂਟ ਦੀ ਕਿਸਮ ਬਹੁਤ ਵਧੀਆ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਉਣੀ ਦਾ ਕਿਸਾਨ ਜਗਮੀਤ ਸਿੰਘ ਵੀ ਲੰਬੇ ਸਮੇਂ ਤੋਂ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਮੋਟਾ ਮੁਨਾਫਾ ਕਮਾ ਰਿਹਾ ਹੈ। ਉਕਤ ਕਿਸਾਨ ਦਾ ਕਹਿਣਾ ਸੀ ਕਿ ਡ੍ਰੈਗਨ ਫਰੂਟ ਦੀ ਖੇਤੀ ਪੰਜਾਬ ਦਾ ਭਵਿੱਖ ਸੰਵਾਰ ਸਕਦੀ ਹੈ। ਉਸ ਅਨੁਸਾਰ ਡ੍ਰੈਗਨ ਫਰੂਟ ਦੀ ਇਕ ਏਕੜ ਖੇਤੀ ਵਿੱਚੋਂ 10 ਏਕੜ ਫਸਲ ਜਿੰਨ੍ਹਾਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਜੇਕਰ ਕਿਸਾਨ ਕਿਸਾਨ ਝੋਨੇ ਦੀ ਰਿਵਾਇਤੀ ਖੇਤੀ ਤੋਂ ਹੱਟ ਕੇ ਅਜਿਹੀ ਖੇਤੀ ਕਰਨ ਤਾਂ ਪੰਜਾਬ ਨੂੰ ਖੁਸ਼ਹਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕਿਸਾਨ ਨੇ ਦੱਸਿਆ ਕਿ ਫਰੂਟ ਦੀ ਖੇਤੀ ’ਤੇ ਲਾਗਤ ਖਰਚ ਬਹੁਤ ਘੱਟ ਹੈ। ਡ੍ਰੈਗਟ ਫਰੂਟ ਦਾ ਬੂਟਾ ਦੋ ਸਾਲ ਬਾਅਦ ਫਲ ਦੇਣ ਲੱਗ ਜਾਂਦਾ ਹੈ। ਕਿਸਾਨ ਨੇ ਦੱਸਿਆ ਕਿ ਜਿੱਥੇ ਇਸ ਫਸਲ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਹੀ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਂ ਮਾਤਰ ਹੁੰਦੀ ਹੈ। ਕਿਸਾਨ ਨੇ ਦੱਸਅਿਾ ਕਿ ਹਸਪਤਾਲਾਂ, ਅਦਾਲਤਾਂ, ਹੋਰ ਸਰਕਾਰੀ ਦਫ਼ਤਰਾਂ ਵਿਚ ਉਨ੍ਹਾਂ ਦਾ ਫਰੂਟ ਸਪਲਾਈ ਹੁੰਦਾ ਹੈ। ਉਹ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਫਰੂਟ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੰਡੀਕਰਨ ਦਾ ਪਬੰਧ ਕਰੇ ਤਾਂ ਡ੍ਰੈਗਨ ਫਰੂਟ ਬਾਹਰਲੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ। ਉਸਨੇ ਦੱਸਿਆ ਕਿ ਮੌਜੂਦਾ ਸਮੇਂ ਇਕ ਏਕੜ ਵਿੱਚੋਂ ਉਹ 6 ਤੋਂ 7 ਲੱਖ ਦੀ ਕਮਾਈ ਕਰ ਰਿਹਾ ਹੈ।
ਡ੍ਰੈਗਨ ਫਲ ਦਾ ਵਿਗਿਆਨਕ ਨਾਮ ਹਾਈਲੋਸੇਰੇਸੁੰਡੈਟਸ ਹੈ, ਜੋ ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਸੰਯੁਕਤ ਰਾਜ ਅਤੇ ਵੀਅਤਨਾਮ ਵਿੱਚ ਮੁੱਖ ਤੌਰ ‘ਤੇ ਪ੍ਰਸਿੱਧ ਹੈ। ਅਤੇ ਭਾਰਤ ਵਿੱਚ, ਇਸਦੀ ਖੇਤੀ ਹੁਣ ਮਹਾਰਾਸ਼ਟਰ, ਤੇਲੰਗਾਨਾ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਕਰਨਾਟਕ, ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਵਿੱਚ ਕੀਤੀ ਜਾ ਰਹੀ ਹੈ। ਡ੍ਰੈਗਨ ਫਰੂਟ ਕਈ ਬਿਮਾਰੀਆਂ ਵਿਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਫਰੂਟ ਦਿਲ ਦੀਆਂ ਬਿਮਾਰੀਆਂ ਤੋਂ ਲੈ ਕੇ ਸ਼ੂਗਰ ਤਕ ਹਰ ਚੀਜ਼ ਨੂੰ ਠੀਕ ਕਰਨ ਵਿਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਨਾਲ ਹੀ ਇਹ ਫਲ ਇਮਿਊਨਿਟੀ ਵਧਾਉਣ 'ਚ ਵੀ ਕਾਫੀ ਕਾਰਗਰ ਹੈ। ਡੇਂਗੂ ਵਿਚ ਪਲੇਟਲੈਟਸ ਘੱਟ ਹੋਣ 'ਤੇ ਇਸ ਫ਼ਲ ਨੂੰ ਖਾਣ ਨਾਲ ਪਲੇਟਲੈਟਸ ਬਹੁਤ ਜਲਦੀ ਵਧ ਜਾਂਦੇ ਹਨ।