- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2018 ਤੋਂ 2026 ਤੱਕ ਦੇ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਜ਼ਿਲ੍ਹਾ 3,692 ਮਰੀਜ਼ਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਲੁਧਿਆਣਾ ਵਿੱਚ 2,184 ਅਤੇ ਸੰਗਰੂਰ ਵਿੱਚ 1,984 ਮਰੀਜ਼ ਦਰਜ ਕੀਤੇ ਗਏ। ਗੁਰਦਾਸਪੁਰ ਵਿੱਚ 1,832 ਅਤੇ ਜਲੰਧਰ ਵਿੱਚ 1,704 ਮਰੀਜ਼ ਸਾਹਮਣੇ ਆਏ। ਇੱਕ ਸਮੇਂ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਬਠਿੰਡਾ ਵਿੱਚ ਇਸ ਦੌਰਾਨ 1,314 ਮਰੀਜ਼ ਦਰਜ ਹੋਏ, ਜਿਸ ਕਾਰਨ ਉਹ ਸੱਤਵੇਂ ਸਥਾਨ ’ਤੇ ਰਿਹਾ।

ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਲਗਾਤਾਰ ਚਿੰਤਾਜਨਕ ਰੂਪ ਧਾਰ ਰਹੀ ਹੈ ਅਤੇ ਹੁਣ ਇਹ ਸਿਰਫ਼ ਮਾਲਵਾ ਖੇਤਰ ਤੱਕ ਸੀਮਤ ਨਹੀਂ ਰਹੀ। ਆਰਟੀਆਈ ਰਾਹੀਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਨੌਂ ਸਾਲਾਂ ਦੌਰਾਨ ਸੂਬੇ ਵਿੱਚ 23,711 ਕੈਂਸਰ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਨੂੰ 305 ਕਰੋੜ ਰੁਪਏ ਤੋਂ ਵੱਧ ਖਰਚ ਕਰਨੇ ਪਏ ਹਨ। ਅੰਕੜੇ ਦਰਸਾਉਂਦੇ ਹਨ ਕਿ ਮਾਝਾ ਅਤੇ ਦੁਆਬਾ ਖੇਤਰ ਵੀ ਹੁਣ ਕੈਂਸਰ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ।
ਸਾਲ 2018 ਤੋਂ 2026 ਤੱਕ ਦੇ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਜ਼ਿਲ੍ਹਾ 3,692 ਮਰੀਜ਼ਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਲੁਧਿਆਣਾ ਵਿੱਚ 2,184 ਅਤੇ ਸੰਗਰੂਰ ਵਿੱਚ 1,984 ਮਰੀਜ਼ ਦਰਜ ਕੀਤੇ ਗਏ। ਗੁਰਦਾਸਪੁਰ ਵਿੱਚ 1,832 ਅਤੇ ਜਲੰਧਰ ਵਿੱਚ 1,704 ਮਰੀਜ਼ ਸਾਹਮਣੇ ਆਏ। ਇੱਕ ਸਮੇਂ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਬਠਿੰਡਾ ਵਿੱਚ ਇਸ ਦੌਰਾਨ 1,314 ਮਰੀਜ਼ ਦਰਜ ਹੋਏ, ਜਿਸ ਕਾਰਨ ਉਹ ਸੱਤਵੇਂ ਸਥਾਨ ’ਤੇ ਰਿਹਾ।
ਜੀਵਨ ਸ਼ੈਲੀ ਤੇ ਪ੍ਰਦੂਸ਼ਣ ਵੱਡੇ ਕਾਰਨ
ਸਿਹਤ ਮਾਹਿਰਾਂ ਅਨੁਸਾਰ ਬਦਲਦੀ ਜੀਵਨ ਸ਼ੈਲੀ, ਪ੍ਰਦੂਸ਼ਿਤ ਵਾਤਾਵਰਨ, ਦੂਸ਼ਿਤ ਪੀਣ ਵਾਲਾ ਪਾਣੀ, ਤੰਬਾਕੂ ਅਤੇ ਜੰਕ ਫੂਡ ਦੀ ਵਧਦੀ ਵਰਤੋਂ ਕੈਂਸਰ ਦੇ ਮਾਮਲਿਆਂ ਵਿੱਚ ਵਾਧੇ ਦੇ ਮੁੱਖ ਕਾਰਨ ਹਨ। ਸਿਹਤ ਮਾਹਿਰ ਡਾ. ਅਰੁਣ ਬਾਂਸਲ ਦਾ ਕਹਿਣਾ ਹੈ ਕਿ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਕੈਂਸਰ ਦੇ ਸਭ ਤੋਂ ਵੱਡੇ ਜੋਖ਼ਮ ਕਾਰਕਾਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਹਾਨੀਕਾਰਕ ਰਸਾਇਣਾਂ, ਮਿਲਾਵਟੀ ਖੁਰਾਕ ਅਤੇ ਪਰਾਬੈਗਨੀ ਕਿਰਨਾਂ ਨਾਲ ਲੰਬੇ ਸਮੇਂ ਤੱਕ ਸੰਪਰਕ ਵੀ ਖ਼ਤਰਾ ਵਧਾਉਂਦਾ ਹੈ। ਉਨ੍ਹਾਂ ਮੁਤਾਬਕ 5 ਤੋਂ 10 ਫ਼ੀਸਦੀ ਮਾਮਲੇ ਜੈਨੇਟਿਕ ਕਾਰਨਾਂ ਨਾਲ ਵੀ ਜੁੜੇ ਹੁੰਦੇ ਹਨ।
ਅੰਕੜਿਆਂ ਅਨੁਸਾਰ ਸਾਲ 2019 ਵਿੱਚ ਸਭ ਤੋਂ ਵੱਧ 7,879 ਕੈਂਸਰ ਮਰੀਜ਼ ਦਰਜ ਹੋਏ ਸਨ। ਇਸੇ ਦੌਰਾਨ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤਹਿਤ ਸਭ ਤੋਂ ਵੱਧ 107 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਜਾਰੀ ਕੀਤੀ ਸੀ। ਸਾਲ 2026 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਹੀ 192 ਨਵੇਂ ਮਰੀਜ਼ ਸਾਹਮਣੇ ਆ ਚੁੱਕੇ ਹਨ।
ਸਭ ਤੋਂ ਵੱਧ ਪ੍ਰਭਾਵਿਤ ਪੰਜ ਜ਼ਿਲ੍ਹੇ
ਅੰਮ੍ਰਿਤਸਰ – 3,692
ਲੁਧਿਆਣਾ – 2,184
ਸੰਗਰੂਰ – 1,984
ਗੁਰਦਾਸਪੁਰ – 1,832
ਜਲੰਧਰ – 1,704
ਸਭ ਤੋਂ ਘੱਟ ਪ੍ਰਭਾਵਿਤ ਪੰਜ ਜ਼ਿਲ੍ਹੇ
ਮਲੇਰਕੋਟਲਾ – 138
ਰੂਪਨਗਰ – 188
ਐੱਸਏਐੱਸ ਨਗਰ – 330
ਫਤਿਹਗੜ੍ਹ ਸਾਹਿਬ – 343
ਸ਼ਹੀਦ ਭਗਤ ਸਿੰਘ ਨਗਰ – 362
ਇਲਾਜ ’ਤੇ ਸਰਕਾਰੀ ਖਰਚ
ਕੁੱਲ ਮਰੀਜ਼ (2018-2026): 23,711
ਕੁੱਲ ਸਹਾਇਤਾ ਰਾਸ਼ੀ: 305.32 ਕਰੋੜ ਰੁਪਏ
2019 ਵਿੱਚ ਸਭ ਤੋਂ ਵੱਧ ਮਰੀਜ਼: 7,879
2026 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਨਵੇਂ ਮਰੀਜ਼: 192