- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਤੋਂ-ਰਾਤ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਇਸ ਧੰਦੇ ’ਚ ਧੱਕਿਆ ਜਾਂਦਾ ਸੀ, ਪਰ ਹੁਣ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪੜ੍ਹ ਰਹੇ ਵਿਦਿਆਰਥੀ ਵੀ ਨਸ਼ਾ ਤਸਕਰੀ ਦੇ ਜਾਲ ’ਚ ਫਸਦੇ ਜਾ ਰਹੇ ਹਨ। ਤਸਕਰ ਆਪਣੇ ਸਥਾਨਕ ਸਾਥੀਆਂ ਰਾਹੀਂ ਨੌਜਵਾਨਾਂ ਨੂੰ ਲਗਜ਼ਰੀ ਜ਼ਿੰਦਗੀ, ਮਹਿੰਗੇ ਮੋਬਾਈਲ ਫੋਨ, ਬ੍ਰਾਂਡਿਡ ਕੱਪੜੇ, ਮਹਿੰਗੀਆਂ ਬਾਈਕਾਂ ਤੇ ਆਸਾਨ ਕਮਾਈ ਦਾ ਲਾਲਚ ਦੇ ਕੇ ਹੈਰੋਇਨ ਅਤੇ ਚਿੱਟੇ ਦੀ ਸਪਲਾਈ ਚੇਨ ਦਾ ਹਿੱਸਾ ਬਣਾ ਰਹੇ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ , ਬਠਿੰਡਾ : ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਸਖ਼ਤੀ ਬਾਅਦ ਤਸਕਰ ਸਪਲਾਈ ਲਈ ਕਈ ਤਰ੍ਹਾਂ ਦਾ ਹੱਥਕੰਡੇ ਅਪਣਾ ਰਹੇ ਹਨ। ਹੁਣ ਨਸ਼ਾ ਤਸਕਰਾਂ ਦਾ ਸਭ ਤੋਂ ਵੱਡਾ ਨਿਸ਼ਾਨਾ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਬਣ ਗਏ ਹਨ। ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਤੋਂ-ਰਾਤ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਇਸ ਧੰਦੇ ’ਚ ਧੱਕਿਆ ਜਾਂਦਾ ਸੀ, ਪਰ ਹੁਣ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪੜ੍ਹ ਰਹੇ ਵਿਦਿਆਰਥੀ ਵੀ ਨਸ਼ਾ ਤਸਕਰੀ ਦੇ ਜਾਲ ’ਚ ਫਸਦੇ ਜਾ ਰਹੇ ਹਨ। ਤਸਕਰ ਆਪਣੇ ਸਥਾਨਕ ਸਾਥੀਆਂ ਰਾਹੀਂ ਨੌਜਵਾਨਾਂ ਨੂੰ ਲਗਜ਼ਰੀ ਜ਼ਿੰਦਗੀ, ਮਹਿੰਗੇ ਮੋਬਾਈਲ ਫੋਨ, ਬ੍ਰਾਂਡਿਡ ਕੱਪੜੇ, ਮਹਿੰਗੀਆਂ ਬਾਈਕਾਂ ਤੇ ਆਸਾਨ ਕਮਾਈ ਦਾ ਲਾਲਚ ਦੇ ਕੇ ਹੈਰੋਇਨ ਅਤੇ ਚਿੱਟੇ ਦੀ ਸਪਲਾਈ ਚੇਨ ਦਾ ਹਿੱਸਾ ਬਣਾ ਰਹੇ ਹਨ। ਇਸ ਦਾ ਖੁਲਾਸਾ ਪਿਛਲੇ ਸਮੇਂ ਦੌਰਾਨ ਨਸ਼ੇ ਸਮੇਤ ਫੜ੍ਹੇ ਗਏ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਹੋਇਆ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਤਸਕਰ ਜਾਣ ਬੁੱਝ ਕੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਉਨ੍ਹਾਂ ‘ਤੇ ਆਮ ਤੌਰ ‘ਤੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਅਤੇ ਉਹ ਲੰਮੇ ਸਮੇਂ ਤਕ ਪੁਲਿਸ ਦੀ ਨਜ਼ਰ ਤੋਂ ਵੀ ਬਚੇ ਰਹਿੰਦੇ ਹਨ। ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ ਕਿ ਕਾਲਜ ਕੈਂਪਸਾਂ ਅਤੇ ਹੋਸਟਲਾਂ ਵਿੱਚ ਰਹਿ ਰਹੇ ਕੁਝ ਨੌਜਵਾਨ ਪਹਿਲਾਂ ਆਪਣੇ ਸਾਥੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਪਾਉਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਤਸਕਰੀ ਦੇ ਨੈੱਟਵਰਕ ਨਾਲ ਜੋੜ ਦਿੰਦੇ ਹਨ। ਬਠਿੰਡਾ ਵਿੱਚ ਪਿਛਲੇ ਡੇਢ ਸਾਲ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਮਾਪਿਆਂ, ਅਧਿਆਪਕਾਂ ਅਤੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਤਾਰ ਪੰਜਾਬ ਦੇ ਸਥਾਨਕ ਨੈੱਟਵਰਕ ਨਾਲ ਜੁੜੇ ਹੋਏ ਹਨ, ਜਿਹੜੇ ਨੌਜਵਾਨਾਂ ਨੂੰ ਮੋਹਰੇ ਵਜੋਂ ਵਰਤ ਰਹੇ ਹਨ।
ਉਧਾਰ ’ਚ ਨਸ਼ਾ ਦੇ ਕੇ ਕਰਵਾਉਂਦੇ ਹਨ ਸ਼ੁਰੂਆਤ
ਨੌਜਵਾਨਾਂ ਨੂੰ ਫਸਾਉਣ ਲਈ ਤਸਕਰਾਂ ਨੇ ਖ਼ਤਰਨਾਕ ਤਰੀਕਾ ਅਪਣਾਇਆ ਹੋਇਆ ਹੈ। ਨਸ਼ੇ ਲੱਗਣ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਨੂੰ ਆਪਣੀ ਜੇਬ ਵਿਚੋਂ ਇਕ ਪੈਸਾ ਲਾਉਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਨੂੰ ਪਹਿਲਾਂ ਮੁਫ਼ਤ ਤੇ ਫਿਰ ਉਧਾਰ ’ਚ ਹੈਰੋਇਨ ਜਾਂ ਚਿੱਟਾ ਦਿੱਤਾ ਜਾਂਦਾ ਹੈ ਅਤੇ ਵੇਚਣ ਤੋਂ ਬਾਅਦ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ। ਇਹ ਤਰੀਕਾ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ, ਕਿਉਂਕਿ ਬਿਨਾਂ ਕਿਸੇ ਨਿਵੇਸ਼ ਦੇ ਵੱਡੇ ਮੁਨਾਫੇ ਦਾ ਲਾਲਚ ਮਿਲਦਾ ਹੈ। ਹੌਲੀ-ਹੌਲੀ ਇਹ ਨੌਜਵਾਨ ਖੁਦ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਫਿਰ ਇਸ ਗ਼ੈਰ-ਕਾਨੂੰਨੀ ਨੈੱਟਵਰਕ ਤੋਂ ਬਾਹਰ ਨਿਕਲਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ। ਆਸਾਨ ਕਮਾਈ ਦੀ ਇਹ ਚਾਹ ਉਨ੍ਹਾਂ ਦਾ ਕਰੀਅਰ, ਪਰਿਵਾਰ ਅਤੇ ਭਵਿੱਖ ਤਬਾਹ ਕਰ ਦਿੰਦੀ ਹੈ।
18 ਸਾਲਾ ਵਿਦਿਆਰਥੀ 500 ਗ੍ਰਾਮ ਹੈਰੋਇਨ ਸਮੇਤ ਕਾਬੂ
ਜੁਲਾਈ 2025 ’ਚ ਬਠਿੰਡਾ ਦੀ ਥਾਣਾ ਕੈਨਾਲ ਪੁਲਿਸ ਨੇ 18 ਸਾਲਾ ਵਿਦਿਆਰਥੀ ਗੁਰਪ੍ਰੀਤ ਸਿੰਘ ਉਰਫ਼ ਗੁਰੀ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਾਮਦ ਹੋਈ ਹੈਰੋਇਨ ਪਾਕਿਸਤਾਨ ਤੋਂ ਆਈ ਸੀ ਅਤੇ ਫਾਜ਼ਿਲਕਾ ਦੇ ਇਕ ਤਸਕਰ ਰਾਹੀਂ ਬਠਿੰਡਾ ਤਕ ਪਹੁੰਚਾਈ ਗਈ ਸੀ। ਕੁਝ ਮਹੀਨੇ ਪਹਿਲਾਂ ਹੀ ਬਾਲਗ ਹੋਇਆ ਇਹ ਨੌਜਵਾਨ ਨਸ਼ੇ ਦੇ ਮਾਮਲੇ ਵਿਚ ਫਸ ਚੁੱਕਾ ਹੈ।
ਬੀਏ ਪਹਿਲੇ ਸਾਲ ਦਾ ਵਿਦਿਆਰਥੀ ਵੀ ਨੈੱਟਵਰਕ ਦਾ ਹਿੱਸਾ
ਸਤੰਬਰ 2024 ਵਿੱਚ ਥਾਣਾ ਥਰਮਲ ਪੁਲਿਸ ਨੇ 400 ਗ੍ਰਾਮ ਚਿੱਟੇ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ 25 ਸਾਲਾ ਪਵਨ ਉਰਫ਼ ਸੁੱਖੀ ਅਤੇ 19 ਸਾਲਾ ਗੁਰਵਿੰਦਰ ਸਿੰਘ ਉਰਫ਼ ਸਾਧੂ ਸ਼ਾਮਲ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਪਵਨ ਚਿੱਟਾ ਲਿਆ ਕੇ ਬੀਏ ਪਹਿਲੇ ਸਾਲ ਦੇ ਵਿਦਿਆਰਥੀ ਗੁਰਵਿੰਦਰ ਨੂੰ ਦਿੰਦਾ ਸੀ, ਜਿਹੜਾ ਅੱਗੇ ਇਸ ਦੀ ਸਪਲਾਈ ਕਰਦਾ ਸੀ। ਗੁਰਵਿੰਦਰ ਸਿੰਘ ਨੂੰ ਲਗਜ਼ਰੀ ਜਿੰਦਗੀ ਅਤੇ ਮੋਟੀ ਕਮਾਈ ਦਾ ਲਾਲਚ ਦੇ ਕੇ ਨਸ਼ੇ ਦੇ ਕਾਰੋਬਾਰ ’ਚ ਜੋੜਿਆ ਗਿਆ ਸੀ।
ਪੜ੍ਹਾਈ ਦੇ ਨਾਲ-ਨਾਲ ਕਰ ਰਿਹਾ ਸੀ ਤਸਕਰੀ
ਕਰੀਬ ਇਕ ਸਾਲ ਪਹਿਲਾਂ ਸੀਆਈਏ ਸਟਾਫ ਦੀ ਪੁਲਿਸ ਨੇ 350 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਜਗਦੀਪ ਸਿੰਘ ਨਾਮਕ ਨੌਜਵਾਨ ਬੀਏ ਦੂਜੇ ਸਾਲ ਦਾ ਵਿਦਿਆਰਥੀ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਨਸ਼ਾ ਤਸਕਰੀ ਦੇ ਧੰਦੇ ਵਿੱਚ ਵੀ ਸਰਗਰਮ ਸੀ। ਉਹ ਤਸਕਰਾਂ ਦੇ ਗਿਰੋਹ ਦਾ ਸ਼ਿਕਾਰ ਹੋ ਗਿਆ ਸੀ।
ਬੀਟੈਕ ਪਾਸ ਨੌਜਵਾਨ ਕਰਦਾ ਸੀ ਵਿਦਿਆਰਥੀਆਂ ਤੱਕ ਸਪਲਾਈ
ਚੰਡੀਗੜ੍ਹ ਪੁਲਿਸ ਨੇ ਮਾਨਸਾ ਵਾਸੀ 28 ਸਾਲਾ ਪੰਕਜ ਕੁਮਾਰ ਨੂੰ 754 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਕਾਲਜਾਂ ਦੇ ਵਿਦਿਆਰਥੀਆਂ ਤੱਕ ਚਿੱਟੇ ਦੀ ਸਪਲਾਈ ਕਰਦਾ ਸੀ ਅਤੇ ਉਸ ਦੇ ਸੰਪਰਕ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਜੁੜੇ ਹੋਏ ਸਨ। ਇਸੇ ਸਾਲ ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਨਿੱਜੀ ਕਾਲਜ ਦੇ ਵਿਦਿਆਰਥੀ ਨੂੰ ਕਾਲਜ ਅੰਦਰ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲੇ ਦਰਸਾਉਂਦੇ ਹਨ ਕਿ ਨਸ਼ਾ ਤਸਕਰ ਹੁਣ ਸਿੱਖਿਆ ਸੰਸਥਾਵਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਅਹਿਮ
ਰਿਟਾਇਰਡ ਪ੍ਰੋਫੈਸਰ ਰਮੇਸ਼ ਕੁਮਾਰ ਪਸੀਜਾ ਦਾ ਮੰਨਣਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਾਂ ਤੇ ਸਿੱਖਿਆ ਸੰਸਥਾਵਾਂ ਨੂੰ ਵੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿਵਹਾਰ, ਖਰਚਿਆਂ, ਦੋਸਤਾਂ ਦੇ ਘੇਰੇ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ’ਤੇ ਧਿਆਨ ਰੱਖਣਾ ਚਾਹੀਦਾ ਹੈ। ਖ਼ਾਸ ਕਰ ਕੇ ਹੋਸਟਲਾਂ, ਪੀਜੀ ਤੇ ਬਾਕਸ ਕਿਰਾਏ ਦੇ ਕਮਰਿਆਂ ’ਚ ਰਹਿਣ ਵਾਲੇ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਦਿਆਰਥੀ ਅਚਾਨਕ ਮਹਿੰਗੇ ਮੋਬਾਈਲ, ਬਾਈਕ, ਬ੍ਰਾਂਡਿਡ ਸਾਮਾਨ ਜਾਂ ਲੋੜ ਤੋਂ ਵੱਧ ਖਰਚ ਕਰਨ ਲੱਗ ਪਏ ਤਾਂ ਇਸ ਨੂੰ ਅਣਡਿੱਠਾ ਨਹੀਂ ਕੀਤਾ ਜਾਣਾ ਚਾਹੀਦਾ। ਰਿਟਾਇਰਡ ਪ੍ਰਿੰਸੀਪਲ ਰਾਕੇਸ਼ ਨਰੂਲਾ ਨੇ ਵੀ ਕਿਹਾ ਕਿ ਇਹ ਬਹੁਤ ਗੰਭੀਰ ਸਥਿਤੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਨਾਲ ਲਗਾਤਾਰ ਸੰਵਾਦ ਬਣਾਈ ਰੱਖਣਾ ਹੋਵੇਗਾ ਤਾਂ ਜੋ ਉਹ ਕਿਸੇ ਵੀ ਗਲਤ ਸੰਗਤ ਜਾਂ ਲਾਲਚ ਦਾ ਸ਼ਿਕਾਰ ਨਾ ਬਣਨ।
ਸਿਰਫ਼ ਤਸਕਰ ਨਹੀਂ, ਪੂਰੀ ਸਪਲਾਈ ਚੇਨ ਪੁਲਿਸ ਦੇ ਨਿਸ਼ਾਨੇ ’ਤੇ
ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਸਿਰਫ਼ ਨਸ਼ੇ ਦੀ ਖੇਪ ਬਰਾਮਦ ਕਰਨ ਤੱਕ ਸੀਮਤ ਨਹੀਂ ਹੈ। ਹਰ ਮਾਮਲੇ ਦੀ ਜਾਂਚ ਦੌਰਾਨ ਬੈਕਵਰਡ ਤੇ ਫਾਰਵਰਡ ਦੋਵੇਂ ਲਿੰਕਾਂ ਦੀ ਪੜਤਾਲ ਕੀਤੀ ਜਾਂਦੀ ਹੈ। ਸਪਲਾਇਰਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਤੱਕ ਨਸ਼ਾ ਪਹੁੰਚਾਇਆ ਜਾਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਿੱਖਿਆ ਸੰਸਥਾਵਾਂ ਤੇ ਜਨਤਕ ਮੰਚਾਂ ਰਾਹੀਂ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਥੋੜ੍ਹੇ ਸਮੇਂ ਦੀ ਚਮਕ-ਦਮਕ, ਲਗਜ਼ਰੀ ਜੀਵਨ ਅਤੇ ਆਸਾਨ ਕਮਾਈ ਦਾ ਲਾਲਚ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਯਤਨ ਕਰਨੇ ਹੋਣਗੇ।