- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਇਸ ਕੈਮਰੇ ਦੀ ਲਾਈਵ ਵੀਡੀਓ ਫੁਟੇਜ ਪਾਕਿਸਤਾਨ ਤੇ ਕੈਨੇਡਾ ਭੇਜਦੇ ਸਨ। ਹਾਲਾਂਕਿ ਪੁਲਿਸ ਨੇ ਹਾਲੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਫੁਟੇਜ ਕਿਸ ਨੂੰ ਭੇਜਦੇ ਸਨ ਪਰ ਪਾਕਿਸਤਾਨ ਵਾਲਾ ਪੱਖ ਦੇਖਦਿਆਂ ਮਾਮਲਾ ਖੁਫੀਆ ਏਜੰਸੀ ਆਈਐੱਸਆਈ ਨਾਲ ਜੁੜਿਆ ਜਾਪਦਾ ਹੈ। ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੈਮਰਾ ਲਗਾਉਣ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ ਬਠਿੰਡਾ ਸ਼ਹਿਰ ਤੇ ਛਾਉਣੀ ਦੀ ਰੈਕੀ ਕੀਤੀ ਸੀ। ਉੱਥੇ ਕੈਮਰਾ ਲਾਉਣ ਲਈ ਢੁਕਵੀਂ ਜਗ੍ਹਾ ਨਾ ਮਿਲਣ ਕਾਰਨ ਉਨ੍ਹਾਂ ਨੇ ਬਠਿੰਡਾ-ਮਲੋਟ ਰੋਡ ਨੂੰ ਚੁਣਿਆ ਸੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਅਤੇ ਬਠਿੰਡਾ ਸਥਿਤ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਵਿਚ ਉਕਾਈ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਲਈ ਜਾਸੂਸੀ ਕਰਨ ਤੇ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਥਾਣਾ ਥਰਮਲ ਦੀ ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ-ਇਕ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਦੌਰਾਨ ਹਾਈਟੈੱਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਦੀ ਪਛਾਣ ਅਸ਼ੋਕ ਸਿੰਘ ਵਾਸੀ ਪਿੰਡ ਸਰਾਏ ਨਾਗਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਅਕਾਸ਼ਦੀਪ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਥਾਣਾ ਥਰਮਲ ਵਿਚ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਸਥਾਨਕ ਪ੍ਰਬੰਧਕੀ ਕੰਪਲੈਕਸ ਵਿਚ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਹਾਈਟੈੱਕ ਸੋਲਰ ਕੈਮਰਾ ਮਾਰਚ ਮਹੀਨੇ ਦੌਰਾਨ ਮਲੋਟ ਰੋਡ ’ਤੇ ਅੰਬੂਜਾ ਸੀਮੈਂਟ ਫੈਕਟਰੀ ਦੇ ਬਿਲਕੁਲ ਸਾਹਮਣੇ, ਸੜਕ ’ਤੇ ਲੱਗੇ ਖੰਭੇ ਉੱਤੇ ਲਗਾਇਆ ਸੀ। ਰਾਜਸਥਾਨ ਵਿਚ ਸਥਿਤ ਫ਼ੌਜੀ ਰੇਂਜਾਂ ਵਿਚ ਜਾਣ ਲਈ ਫ਼ੌਜ ਦੀ ਸਰਗਰਮੀ ਇਸੇ ਸੜਕ ਤੋਂ ਹੁੰਦੀ ਹੈ।
ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਇਸ ਕੈਮਰੇ ਦੀ ਲਾਈਵ ਵੀਡੀਓ ਫੁਟੇਜ ਪਾਕਿਸਤਾਨ ਤੇ ਕੈਨੇਡਾ ਭੇਜਦੇ ਸਨ। ਹਾਲਾਂਕਿ ਪੁਲਿਸ ਨੇ ਹਾਲੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਫੁਟੇਜ ਕਿਸ ਨੂੰ ਭੇਜਦੇ ਸਨ ਪਰ ਪਾਕਿਸਤਾਨ ਵਾਲਾ ਪੱਖ ਦੇਖਦਿਆਂ ਮਾਮਲਾ ਖੁਫੀਆ ਏਜੰਸੀ ਆਈਐੱਸਆਈ ਨਾਲ ਜੁੜਿਆ ਜਾਪਦਾ ਹੈ। ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੈਮਰਾ ਲਗਾਉਣ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ ਬਠਿੰਡਾ ਸ਼ਹਿਰ ਤੇ ਛਾਉਣੀ ਦੀ ਰੈਕੀ ਕੀਤੀ ਸੀ। ਉੱਥੇ ਕੈਮਰਾ ਲਾਉਣ ਲਈ ਢੁਕਵੀਂ ਜਗ੍ਹਾ ਨਾ ਮਿਲਣ ਕਾਰਨ ਉਨ੍ਹਾਂ ਨੇ ਬਠਿੰਡਾ-ਮਲੋਟ ਰੋਡ ਨੂੰ ਚੁਣਿਆ ਸੀ।
ਫੜੇ ਗਏ ਮੁਲਜ਼ਮਾਂ ਵਿੱਚੋਂ ਇਕ ਜਣਾ ਤੰਦੂਰੀਆ ਹੈ, ਜਿਸ ਨੇ ਇਹ ਸੋਲਰ ਐਨਰਜੀ ਨਾਲ ਚੱਲਣ ਵਾਲਾ ਕੈਮਰਾ ਤੇ ਸਿਮ ਕਾਰਡ ਖ਼ਰੀਦਿਆ ਸੀ, ਜਦਕਿ ਦੂਜਾ ਅਨਸਰ ਬਠਿੰਡਾ ਪੁੱਜ ਕੇ ਕੈਮਰਾ ਇੰਸਟਾਲ ਕਰ ਕੇ ਗਿਆ ਸੀ। ਪੁਲਿਸ ਮੁਤਾਬਕ ਮਾਮਲੇ ਵਿਚ ਦੋ ਹੋਰ ਵਿਅਕਤੀ ਵੀ ਸ਼ਾਮਲ ਹਨ। ਪੁਲਿਸ ਨੇ ਅਜੇ ਤੱਕ ਦੋਵਾਂ ਦੇ ਨਾਂ ਗੁਪਤ ਰੱਖੇ ਹਨ। ਪੁਲਿਸ ਹੁਣ ਇਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਚੈੱਕ ਕਰੇਗੀ ਕਿ ਇਨ੍ਹਾਂ ਨੂੰ ਕਿੰਨੇ-ਕਿੰਨੇ ਪੈਸੇ ਮਿਲਦੇ ਰਹੇ ਹਨ। ਬਠਿੰਡਾ ਵਿਚ ਮਲੋਟ ਰੋਡ ’ਤੇ ਏਅਰ ਫੋਰਸ ਸਟੇਸ਼ਨ ਹੈ ਤੇ ਇੰਡੀਅਨ ਆਇਲ ਤੇ ਹਿੰਦੋਸਤਾਨ ਪੈਟਰੋਲੀਅਮ ਦੇ ਵੱਡੇ ਤੇਲ ਡੀਪੂ ਹਨ, ਜਿਸ ਕਾਰਨ ਇਹ ਮਾਮਲਾ ਗੰਭੀਰ ਬਣ ਜਾਂਦਾ ਹੈ। ਮੁਲਜ਼ਮਾਂ ਨੂੰ ਰਿਮਾਂਡ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੇ ਸ਼ਹਿਰ ਵਿਚ ਕਿਧਰੇ ਹੋਰ ਵੀ ਕੈਮਰੇ ਲਗਾਏ ਹੋ ਸਕਦੇ ਹਨ।
ਪੁਲਿਸ ਨੂੰ 3 ਮਹੀਨਿਆਂ ਬਾਅਦ ਲੱਗਾ ਪਤਾ : ਮਾਮਲੇ ਦਾ ਇਕ ਪੱਖ ਇਹ ਹੈ ਕਿ ਤਿੰਨ ਮਹੀਨੇ ਬਠਿੰਡੇ ਵਿਚ ਇਹ ਕੈਮਰਾ ਲੱਗਿਆ ਰਿਹਾ ਪਰ ਪੁਲਿਸ ਨੂੰ ਹੁਣ ਇਸ ਬਾਰੇ ਪਤਾ ਲੱਗਿਆ ਹੈ। ਪੁਲਿਸ ਨੂੰ ਪਹਿਲਾਂ ਵੀ ਇਨਪੁਟ ਮਿਲੀ ਸੀ ਪਰ ਸਿਰਫ਼ ਬਠਿੰਡਾ ਛਾਉਣੀ ਵਾਲੇ ਪਾਸੇ ਹੀ ਚੈੱਕ ਕੀਤਾ ਤੇ ਉੱਥੇ ਕੁਝ ਨਾ ਮਿਲਣ ’ਤੇ ਮਾਮਲਾ ਛੱਡ ਦਿੱਤਾ। ਹੁਣ ਜਦੋਂ ਦੁਬਾਰਾ ਖ਼ਬਰ ਮਿਲੀ ਕਿ ਕੈਮਰਾ ਮਲੋਟ ਰੋਡ ’ਤੇ ਲੱਗਾ ਹੋਇਆ ਹੈ ਤਦ ਜਾ ਕੇ ਥਾਣਾ ਥਰਮਲ ਦੀ ਪੁਲਿਸ, ਸੀਆਈਏ-ਇਕ ਅਤੇ ਕਾਊਂਟਰ ਇੰਟੈਲੀਜੈਂਸ ਟੀਮਾਂ ਹਰਕਤ ਵਿਚ ਆਈਆਂ ਤੇ ਕੈਮਰਾ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਫੜਿਆ। ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਜ਼ਬਤ ਕਰ ਕੇ ਜਾਂਚ ਲਈ ਭੇਜੇ ਹਨ।