- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
16 ਮਾਰਚ 2025 ਨੂੰ ਜਲੰਧਰ ਵਿੱਚ ਯੂਟਿਊਬਰ ਦੇ ਘਰ ਗ੍ਰਨੇਡ ਹਮਲਾ, ਨਵੰਬਰ 2025 ਵਿੱਚ ਸਿਰਸਾ ਮਹਿਲਾ ਥਾਣੇ ਵਿੱਚ ਧਮਾਕਾ, ਜਨਵਰੀ 2026 ਵਿੱਚ ਅੰਬਾਲਾ ਕਾਰ ਬੰਬ ਧਮਾਕਾ ਅਤੇ 6 ਮਈ 2026 ਨੂੰ ਜਲੰਧਰ ਵਿੱਚ ਸੁਰੱਖਿਆ ਬਲਾਂ ਦੇ ਮੁੱਖ ਦਫ਼ਤਰ ਨੇੜੇ ਧਮਾਕੇ ਦੀ ਜਾਂਚ ਦੌਰਾਨ ਵੀ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੌਜਵਾਨਾਂ ਦੀ ਵਰਤੋਂ ਦਾ ਪੈਟਰਨ ਸਾਹਮਣੇ ਆਇਆ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਅਤੇ ਅਪਰਾਧਿਕ ਗਿਰੋਹ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਆਪਣੇ ਜਾਲ ਵਿੱਚ ਫਸਾ ਰਹੇ ਹਨ। ਸੁਰੱਖਿਆ ਏਜੰਸੀਆਂ ਅਨੁਸਾਰ ਤੇਜ਼ੀ ਨਾਲ ਪੈਸਾ ਕਮਾਉਣ ਦੀ ਲਾਲਸਾ, ਬੇਰੁਜ਼ਗਾਰੀ, ਵਿਦੇਸ਼ ਜਾਣ ਦੀ ਇੱਛਾ ਅਤੇ ਆਸਾਨ ਕਮਾਈ ਦੇ ਸੁਪਨੇ ਕਈ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਧੱਕ ਰਹੇ ਹਨ। ਹਾਲੀਆ ਮਾਮਲਿਆਂ ਨੇ ਸੰਕੇਤ ਦਿੱਤਾ ਹੈ ਕਿ ਸਰਹੱਦ ਪਾਰ ਬੈਠੇ ਹੈਂਡਲਰ ਹੁਣ ਸਿਰਫ਼ ਫਿਰੌਤੀ ਜਾਂ ਗੈਂਗਵਾਰ ਤੱਕ ਸੀਮਤ ਨਹੀਂ ਰਹੇ, ਸਗੋਂ ਸੰਵੇਦਨਸ਼ੀਲ ਥਾਵਾਂ ਦੀ ਰੇਕੀ ਅਤੇ ਹੋਰ ਸ਼ੱਕੀ ਗਤੀਵਿਧੀਆਂ ਲਈ ਵੀ ਸਥਾਨਕ ਨੌਜਵਾਨਾਂ ਦੀ ਵਰਤੋਂ ਕਰ ਰਹੇ ਹਨ।
ਏਜੰਸੀਆਂ ਮੁਤਾਬਕ ਗੈਂਗਸਟਰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸਤੀ ਕਰਦੇ ਹਨ, ਫਿਰ ਨਿੱਜੀ ਗੱਲਬਾਤ ਰਾਹੀਂ ਭਰੋਸਾ ਜਿੱਤਦੇ ਹਨ। ਸ਼ੁਰੂ ਵਿੱਚ ਪੈਕੇਟ ਪਹੁੰਚਾਉਣ, ਸਿਮ ਕਾਰਡ ਜਾਂ ਬੈਂਕ ਖਾਤਾ ਮੁਹੱਈਆ ਕਰਵਾਉਣ ਜਾਂ ਕਿਸੇ ਥਾਂ ਦੀ ਰੇਕੀ ਵਰਗੇ ਕੰਮਾਂ ਦੇ ਬਦਲੇ ਚੰਗੀ ਰਕਮ ਦਿੱਤੀ ਜਾਂਦੀ ਹੈ। ਕਈ ਨੌਜਵਾਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸੇ ਅਪਰਾਧਿਕ ਨੈੱਟਵਰਕ ਲਈ ਕੰਮ ਕਰ ਰਹੇ ਹਨ। ਇੱਕ-ਦੋ ਵਾਰ ਪੈਸੇ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਅਪਰਾਧਾਂ ਵਿੱਚ ਧੱਕ ਦਿੱਤਾ ਜਾਂਦਾ ਹੈ, ਜਿੱਥੋਂ ਵਾਪਸੀ ਮੁਸ਼ਕਲ ਹੋ ਜਾਂਦੀ ਹੈ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਸੋਸ਼ਲ ਮੀਡੀਆ 'ਤੇ ਦਿਖਾਈ ਜਾਂਦੀ ਆਲੀਸ਼ਾਨ ਜ਼ਿੰਦਗੀ ਦੀ ਚਮਕ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਵਿਦੇਸ਼ੀ ਗੈਂਗਸਟਰ ਇਨ੍ਹਾਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਨੌਜਵਾਨਾਂ ਨੂੰ ਆਸਾਨ ਕਮਾਈ ਦਾ ਲਾਲਚ ਦਿੰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਵਰਤੋਂ ਗੰਭੀਰ ਅਪਰਾਧਾਂ ਲਈ ਕਰਦੇ ਹਨ।
ਦਾਨ ਸਿੰਘ ਵਾਲਾ ਦਾ ਮਾਮਲਾ
ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਪਾਕਿਸਤਾਨੀ ਅਪਰਾਧਿਕ ਗਿਰੋਹ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਜਾਲ ਵਿੱਚ ਫਸਾਇਆ। ਉਸ ਨੂੰ ਮਹਿੰਗਾ ਮੋਬਾਈਲ ਅਤੇ ਮੋਟਰਸਾਈਕਲ ਖਰੀਦਣ ਲਈ ਵਿਦੇਸ਼ ਤੋਂ ਪੈਸੇ ਭੇਜੇ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੀ ਵਰਤੋਂ ਜੰਮੂ ਵਿੱਚ ਫੌਜੀ ਟਿਕਾਣੇ ਜਾਂ ਕਾਫ਼ਲੇ 'ਤੇ ਹਮਲੇ ਦੀ ਸਾਜ਼ਿਸ਼ ਲਈ ਕੀਤੀ ਜਾਣੀ ਸੀ।
ਕੁਝ ਹਜ਼ਾਰ ਰੁਪਏ ਲਈ ਪੈਟਰੋਲ ਬੰਬ ਹਮਲਾ
22 ਜੂਨ 2026 ਨੂੰ ਬਠਿੰਡਾ ਵਿੱਚ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਹੋਏ ਪੈਟਰੋਲ ਬੰਬ ਹਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਨੇ ਸਥਾਨਕ ਨੌਜਵਾਨਾਂ ਨੂੰ ਕੁਝ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਮੋਹਰੇ ਵਜੋਂ ਵਰਤਿਆ ਸੀ।
13 ਹਜ਼ਾਰ ਰੁਪਏ ਲਈ ਫੌਜ ਦੀ ਰੇਕੀ
ਬਠਿੰਡਾ-ਮਲੋਟ ਰੋਡ 'ਤੇ ਫੌਜੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਲਗਾਏ ਗਏ ਸੋਲਰ ਕੈਮਰੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨਿੰਬੂ ਨੂੰ ਕਥਿਤ ਤੌਰ 'ਤੇ ਸਿਰਫ਼ 13 ਹਜ਼ਾਰ ਰੁਪਏ ਮਿਲੇ। ਪੁਲਿਸ ਅਨੁਸਾਰ ਕੈਮਰਾ ਵਿਦੇਸ਼ੀ ਨੈੱਟਵਰਕ ਨਾਲ ਜੋੜਿਆ ਗਿਆ ਸੀ ਅਤੇ ਇਸ ਸਾਜ਼ਿਸ਼ ਵਿੱਚ ਚਾਰ ਵਿਅਕਤੀ ਸ਼ਾਮਲ ਸਨ।
ਇੱਕੋ ਨੈੱਟਵਰਕ ਨਾਲ ਜੁੜਦੀਆਂ ਕਈ ਵਾਰਦਾਤਾਂ
16 ਮਾਰਚ 2025 ਨੂੰ ਜਲੰਧਰ ਵਿੱਚ ਯੂਟਿਊਬਰ ਦੇ ਘਰ ਗ੍ਰਨੇਡ ਹਮਲਾ, ਨਵੰਬਰ 2025 ਵਿੱਚ ਸਿਰਸਾ ਮਹਿਲਾ ਥਾਣੇ ਵਿੱਚ ਧਮਾਕਾ, ਜਨਵਰੀ 2026 ਵਿੱਚ ਅੰਬਾਲਾ ਕਾਰ ਬੰਬ ਧਮਾਕਾ ਅਤੇ 6 ਮਈ 2026 ਨੂੰ ਜਲੰਧਰ ਵਿੱਚ ਸੁਰੱਖਿਆ ਬਲਾਂ ਦੇ ਮੁੱਖ ਦਫ਼ਤਰ ਨੇੜੇ ਧਮਾਕੇ ਦੀ ਜਾਂਚ ਦੌਰਾਨ ਵੀ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੌਜਵਾਨਾਂ ਦੀ ਵਰਤੋਂ ਦਾ ਪੈਟਰਨ ਸਾਹਮਣੇ ਆਇਆ।
ਤਿੰਨ ਵੱਡੇ ਕਾਰਨ
●ਬੇਰੁਜ਼ਗਾਰੀ: ਯੋਗਤਾ ਅਨੁਸਾਰ ਰੁਜ਼ਗਾਰ ਨਾ ਮਿਲਣ ਕਾਰਨ ਕਈ ਨੌਜਵਾਨ ਆਸਾਨ ਕਮਾਈ ਦੇ ਝਾਂਸੇ ਵਿੱਚ ਆ ਜਾਂਦੇ ਹਨ।
● ਨਸ਼ਾਖੋਰੀ: ਨਸ਼ੇ ਦੀ ਲਤ ਪੂਰੀ ਕਰਨ ਲਈ ਪੈਸਿਆਂ ਦੀ ਲੋੜ ਕਈ ਨੌਜਵਾਨਾਂ ਨੂੰ ਅਪਰਾਧ ਵੱਲ ਧੱਕਦੀ ਹੈ।
● ਸੋਸ਼ਲ ਮੀਡੀਆ: ਗੈਂਗਸਟਰਾਂ ਦਾ ਰੁਤਬਾ, ਹਥਿਆਰਾਂ ਦਾ ਪ੍ਰਦਰਸ਼ਨ ਅਤੇ ਫ਼ਰਜ਼ੀ ਸ਼ੋਹਰਤ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦਾ ਵਿਦੇਸ਼ੀ ਹੈਂਡਲਰ ਫਾਇਦਾ ਚੁੱਕਦੇ ਹਨ।
ਮਾਹਿਰ ਦੀ ਰਾਏ
ਸੇਵਾ-ਮੁਕਤ ਡੀਐੱਸਪੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਸਿਰਫ਼ ਪੁਲਿਸ ਕਾਰਵਾਈ ਕਾਫ਼ੀ ਨਹੀਂ। ਪਰਿਵਾਰ, ਸਕੂਲ, ਕਾਲਜ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੋਵੇਗਾ। ਕਿਸੇ ਵੀ ਅਣਪਛਾਤੇ ਵਿਅਕਤੀ ਵੱਲੋਂ ਆਨਲਾਈਨ ਪੈਸਿਆਂ ਜਾਂ ਸ਼ੱਕੀ ਕੰਮ ਦੀ ਪੇਸ਼ਕਸ਼ ਮਿਲਣ 'ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ।