- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭਾਵਿਤ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਯੋਜਨਾ ਤਹਿਤ ਵਿੱਤੀ ਸਹਾਇਤਾ ਮਨਜ਼ੂਰ ਹੋ ਚੁੱਕੀ ਹੈ। ਇਸ ਭਰੋਸੇ ’ਤੇ ਉਨ੍ਹਾਂ ਨੇ ਕੱਚੇ ਮਕਾਨ ਢਾਹ ਦਿੱਤੇ ਅਤੇ ਕਰਜ਼ਾ ਲੈ ਕੇ ਨਵੇਂ ਮਕਾਨਾਂ ਦੀਆਂ ਨੀਂਹਾਂ ਭਰ ਦਿੱਤੀਆਂ, ਪਰ ਅਜੇ ਤੱਕ ਖਾਤਿਆਂ ਵਿੱਚ ਰਾਸ਼ੀ ਨਹੀਂ ਪਹੁੰਚੀ।

ਗੁਰਤੇਜ ਸਿੰਘ ਸਿੱਧੂ/ ਜਸਪਾਲ ਪਾਲੀ, ਮਹਿਰਾਜ (ਬਠਿੰਡਾ) : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਰਾਸ਼ੀ ਮਿਲਣ ਦੀ ਉਮੀਦ ਵਿੱਚ ਆਪਣੇ ਪੁਰਾਣੇ ਮਕਾਨ ਢਾਹ ਚੁੱਕੇ ਪਿੰਡ ਮਹਿਰਾਜ ਦੇ ਕਈ ਪਰਿਵਾਰ ਛੇ ਮਹੀਨਿਆਂ ਤੋਂ ਤਰਪਾਲਾਂ ਹੇਠ ਰਹਿਣ ਲਈ ਮਜਬੂਰ ਹਨ। ਪ੍ਰਭਾਵਿਤ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਯੋਜਨਾ ਤਹਿਤ ਵਿੱਤੀ ਸਹਾਇਤਾ ਮਨਜ਼ੂਰ ਹੋ ਚੁੱਕੀ ਹੈ। ਇਸ ਭਰੋਸੇ ’ਤੇ ਉਨ੍ਹਾਂ ਨੇ ਕੱਚੇ ਮਕਾਨ ਢਾਹ ਦਿੱਤੇ ਅਤੇ ਕਰਜ਼ਾ ਲੈ ਕੇ ਨਵੇਂ ਮਕਾਨਾਂ ਦੀਆਂ ਨੀਂਹਾਂ ਭਰ ਦਿੱਤੀਆਂ, ਪਰ ਅਜੇ ਤੱਕ ਖਾਤਿਆਂ ਵਿੱਚ ਰਾਸ਼ੀ ਨਹੀਂ ਪਹੁੰਚੀ।
ਚੋਣਾਂ ਤੋਂ ਪਹਿਲਾਂ ਆਇਆ ਮੈਸਿਜ, ਪਰ ਖਾਤੇ ਰਹੇ ਖਾਲੀ
ਪੀੜਤ ਪਰਿਵਾਰਾਂ ਅਨੁਸਾਰ 25 ਮਈ ਨੂੰ ਨਗਰ ਪੰਚਾਇਤ ਚੋਣਾਂ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਮੋਬਾਈਲਾਂ ’ਤੇ ਸੰਦੇਸ਼ ਆਇਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਕ ਲੱਖ ਰੁਪਏ ਦੀ ਕਿਸ਼ਤ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਅਗਲੀ ਕਿਸ਼ਤ ਲਈ ਮਕਾਨ ਦਾ ਕੰਮ ਸ਼ੁਰੂ ਕੀਤਾ ਜਾਵੇ। ਸੰਦੇਸ਼ ਮਿਲਣ ਤੋਂ ਬਾਅਦ ਲੋਕ ਬੈਂਕਾਂ ਵਿੱਚ ਪੁੱਜੇ, ਪਰ ਕਿਸੇ ਦੇ ਖਾਤੇ ਵਿੱਚ ਰਾਸ਼ੀ ਨਹੀਂ ਸੀ। ਕੁਝ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਸੰਦੇਸ਼ ਚੋਣਾਂ ਦੌਰਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਭੇਜਿਆ ਗਿਆ ਹੋ ਸਕਦਾ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।
ਛੇ ਮਹੀਨਿਆਂ ਤੋਂ ਤਰਪਾਲਾਂ ਹੇਠ ਗੁਜ਼ਾਰਾ
ਨਛੱਛਰ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਛੇ ਮਹੀਨਿਆਂ ਤੋਂ ਤਰਪਾਲਾਂ ਹੇਠ ਰਹਿਣ ਕਾਰਨ ਗਰਮੀ, ਮੀਂਹ ਅਤੇ ਤੇਜ਼ ਹਵਾਵਾਂ ਹਰ ਰੋਜ਼ ਨਵੀਂ ਮੁਸੀਬਤ ਬਣ ਜਾਂਦੀਆਂ ਹਨ। ਮੀਂਹ ਦੌਰਾਨ ਪਾਣੀ ਅੰਦਰ ਵੜ ਜਾਂਦਾ ਹੈ, ਜਿਸ ਨਾਲ ਰਾਸ਼ਨ, ਬਿਸਤਰੇ ਅਤੇ ਹੋਰ ਸਮਾਨ ਵੀ ਖਰਾਬ ਹੋ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਅਤੇ ਬਜ਼ੁਰਗਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ।
'ਘਰ ਢਾਹ ਦਿੱਤਾ, ਹੁਣ ਬਣਾਉਣ ਲਈ ਪੈਸੇ ਨਹੀਂ'
ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰੀ ਮਦਦ ਦੀ ਉਮੀਦ ਵਿੱਚ ਉਨ੍ਹਾਂ ਨੇ ਪੁਰਾਣਾ ਘਰ ਢਾਹ ਦਿੱਤਾ ਅਤੇ ਉਧਾਰ ’ਤੇ ਸਰੀਆ, ਸੀਮੈਂਟ, ਰੇਤਾ ਅਤੇ ਇੱਟਾਂ ਲੈ ਕੇ ਨੀਂਹਾਂ ਭਰ ਦਿੱਤੀਆਂ। ਹੁਣ ਰਾਸ਼ੀ ਨਾ ਮਿਲਣ ਕਾਰਨ ਕੰਮ ਰੁਕ ਗਿਆ ਹੈ ਅਤੇ ਕਰਜ਼ਾ ਚੁਕਾਉਣਾ ਵੀ ਔਖਾ ਹੋ ਗਿਆ ਹੈ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਦਿਹਾੜੀ ਕਰਕੇ ਘਰ ਚਲਾਉਣਾ ਅਤੇ ਨਾਲ ਕਰਜ਼ੇ ਦਾ ਬੋਝ ਝੱਲਣਾ ਮੁਸ਼ਕਲ ਹੋ ਰਿਹਾ ਹੈ।
ਬੱਚਿਆਂ ਅਤੇ ਬਜ਼ੁਰਗਾਂ ਲਈ ਵਧੀਆਂ ਮੁਸ਼ਕਲਾਂ
ਜਸਵੀਰ ਕੌਰ ਅਤੇ ਲਛਮਣ ਸਿੰਘ ਨੇ ਦੱਸਿਆ ਕਿ ਤਰਪਾਲਾਂ ਹੇਠ ਰਹਿਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤਾਂ ਆ ਰਹੀਆਂ ਹਨ। ਗਿੱਲੇ ਬਿਸਤਰੇ, ਮੱਛਰਾਂ ਅਤੇ ਅਸੁਵਿਧਾਜਨਕ ਹਾਲਾਤ ਕਾਰਨ ਬਿਮਾਰੀਆਂ ਦਾ ਖਤਰਾ ਵੀ ਵਧ ਗਿਆ ਹੈ। ਪਰਿਵਾਰਾਂ ਨੂੰ ਹੁਣ ਮੀਂਹ ਦੌਰਾਨ ਬਚੇ ਹੋਏ ਸਮਾਨ ਦੇ ਖਰਾਬ ਹੋਣ ਦੀ ਵੀ ਚਿੰਤਾ ਹੈ।
ਲੋਕਾਂ ਨੇ ਜਲਦੀ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸਬੰਧਤ ਦਫ਼ਤਰਾਂ ਦੇ ਚੱਕਰ ਲਗਾ ਚੁੱਕੇ ਹਨ, ਪਰ ਅਜੇ ਤੱਕ ਰਾਸ਼ੀ ਜਾਰੀ ਨਹੀਂ ਹੋਈ। ਉਨ੍ਹਾਂ ਨੇ ਸਰਕਾਰ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਨਜ਼ੂਰ ਰਾਸ਼ੀ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅਧੂਰੇ ਮਕਾਨਾਂ ਦਾ ਕੰਮ ਮੁਕੰਮਲ ਹੋ ਸਕੇ।
10 ਦਿਨਾਂ ਅੰਦਰ ਰਾਸ਼ੀ ਜਾਰੀ ਕਰਵਾਉਣ ਦੇ ਯਤਨ ਕਰਾਂਗੇ : ਰਣਜੀਤ ਸਿੰਘ ਜੋਧਾ
ਨਗਰ ਪੰਚਾਇਤ ਮਹਿਰਾਜ ਦੇ ਨਵ-ਨਿਯੁਕਤ ਪ੍ਰਧਾਨ ਰਣਜੀਤ ਸਿੰਘ ਜੋਧਾ ਮਹਿਰਾਜ ਨੇ ਕਿਹਾ ਕਿ ਪਹਿਲਾਂ ਦੇ ਪ੍ਰਧਾਨ ਦੇ ਕਾਰਜਕਾਲ ਦੌਰਾਨ ਲਾਪਰਵਾਹੀ ਕਾਰਨ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਾਸ਼ੀ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਉਹ 10 ਦਿਨਾਂ ਦੇ ਅੰਦਰ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਜਾਰੀ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲਾਭਪਾਤਰੀਆਂ ਦੇ ਮੋਬਾਈਲਾਂ 'ਤੇ ਰਾਸ਼ੀ ਜਮ੍ਹਾਂ ਹੋਣ ਸਬੰਧੀ ਆਏ ਸੰਦੇਸ਼ਾਂ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦਾ ਜਲਦੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।