- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਨੇ ਰੈਸਟੋਰੈਂਟ ਪ੍ਰਬੰਧਨ ਨੂੰ ਦੋ ਦਿਨਾਂ ਦੇ ਅੰਦਰ ਸਾਰੀਆਂ ਕਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਬਾਅਦ ਮੁੜ ਨਿਰੀਖਣ ਕੀਤਾ ਜਾਵੇਗਾ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੀ ਪੁੱਡਾ ਮਾਰਕੀਟ ਸਥਿਤ ਨਵੇਂ ਖੁੱਲ੍ਹੇ ਚਾਟ ਕਿੰਗ ਇੰਡੀਆ' ਰੈਸਟੋਰੈਂਟ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਗਾਹਕ ਵੱਲੋਂ ਖਾਧੀ ਜਾ ਰਹੀ ਟਿੱਕੀ 'ਚੋਂ ਮਰੀ ਹੋਈ ਕਿਰਲੀ ਨਿਕਲ ਆਈ। ਘਟਨਾ ਤੋਂ ਬਾਅਦ ਗਾਹਕ ਤੇ ਉਸ ਦੇ ਸਾਥੀਆਂ ਨੇ ਰੈਸਟੋਰੈਂਟ ਪ੍ਰਬੰਧਨ ਖ਼ਿਲਾਫ਼ ਰੋਸ ਪ੍ਰਗਟਾਇਆ। ਸੂਚਨਾ ਮਿਲਣ ਉਪਰੰਤ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਟੋਰੈਂਟ ਦੀ ਜਾਂਚ ਕੀਤੀ। ਜਾਂਚ ਦੌਰਾਨ ਰਸੋਈ 'ਚ ਕਈ ਗੰਭੀਰ ਖਾਮੀਆਂ ਸਾਹਮਣੇ ਆਉਣ 'ਤੇ ਵਿਭਾਗ ਨੇ ਪ੍ਰਬੰਧਨ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਕਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੀੜਤ ਗਾਹਕ ਮਨੂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ 'ਚ ਟਿੱਕੀ ਅਤੇ ਭੱਲਾ ਖਾਣ ਲਈ ਆਇਆ ਸੀ। ਜਦੋਂ ਉਹ ਟਿੱਕੀ ਖਾ ਰਿਹਾ ਸੀ ਤਾਂ ਉਸ ਨੂੰ ਮੂੰਹ 'ਚ ਕਿਸੇ ਪੱਤੇ ਵਰਗੀ ਚੀਜ਼ ਮਹਿਸੂਸ ਹੋਈ। ਪਹਿਲਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਧਨੀਏ ਦਾ ਪੱਤਾ ਹੋਵੇਗਾ, ਪਰ ਜਦੋਂ ਉਸ ਨੇ ਇਸ ਨੂੰ ਬਾਹਰ ਕੱਢ ਕੇ ਵੇਖਿਆ ਤਾਂ ਉਹ ਮਰੀ ਹੋਈ ਕਿਰਲੀ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਤੁਰੰਤ ਇਸ ਦੀ ਜਾਣਕਾਰੀ ਰੈਸਟੋਰੈਂਟ ਪ੍ਰਬੰਧਨ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਕਰੀਬ ਦੋ ਘੰਟੇ ਬਾਅਦ ਫੂਡ ਸੇਫਟੀ ਅਫ਼ਸਰ ਦਿਵਿਆ ਗੋਸਵਾਮੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਰੈਸਟੋਰੈਂਟ ਦੀ ਜਾਂਚ ਕੀਤੀ।
ਜਾਂਚ ਦੌਰਾਨ ਰਸੋਈ 'ਚ ਕਈ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ। ਰਸੋਈ ਦੇ ਅੰਦਰ ਹੀ ਮੁਲਾਜ਼ਮਾਂ ਦੇ ਰਹਿਣ ਲਈ ਪਾਰਟੀਸ਼ਨ ਕੀਤਾ ਗਿਆ ਸੀ ਤੇ ਉੱਥੇ ਹੀ ਪਖਾਨਾ ਵੀ ਬਣਿਆ ਹੋਇਆ ਸੀ। ਕੂੜੇਦਾਨ ਭਰੇ ਹੋਏ ਮਿਲੇ, ਕਈ ਦਿਨ ਪੁਰਾਣੀਆਂ ਚਟਣੀਆਂ ਵਰਤੋਂ ਲਈ ਰੱਖੀਆਂ ਹੋਈਆਂ ਸਨ ਤੇ ਮੁਲਾਜ਼ਮ ਬਿਨਾਂ ਕੈਪ ਅਤੇ ਦਸਤਾਨਿਆਂ ਦੇ ਖਾਣਾ ਤਿਆਰ ਕਰ ਰਹੇ ਸਨ। ਸਿਹਤ ਵਿਭਾਗ ਦੀ ਟੀਮ ਨੇ ਜਾਂਚ ਦੌਰਾਨ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਵੀ ਇਕੱਠੇ ਕੀਤੇ, ਜਿਨ੍ਹਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ। ਵਿਭਾਗ ਨੇ ਰੈਸਟੋਰੈਂਟ ਪ੍ਰਬੰਧਨ ਨੂੰ ਦੋ ਦਿਨਾਂ ਦੇ ਅੰਦਰ ਸਾਰੀਆਂ ਕਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਬਾਅਦ ਮੁੜ ਨਿਰੀਖਣ ਕੀਤਾ ਜਾਵੇਗਾ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।