- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ 920 ਮੈਗਾਵਾਟ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਰੂਪਨਗਰ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦਾ ਵੀ ਇਕ-ਇਕ ਯੂਨਿਟ ਬੰਦ ਹੋਣ ਕਾਰਨ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਸਮਰੱਥਾ ਦੇ ਮੁਕਾਬਲੇ ਹੇਠਾਂ ਆ ਗਿਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ’ਚ ਗਰਮੀ ਤੇ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਬਿਜਲੀ ਉਤਪਾਦਨ ਨੂੰ ਵੱਡਾ ਝਟਕਾ ਲੱਗਿਆ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਇੱਥੋਂ ਦੇ ਚਾਰ ਯੂਨਿਟ ਬੰਦ ਹੋ ਗਏ ਹਨ। ਇਸ ਨਾਲ 920 ਮੈਗਾਵਾਟ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਰੂਪਨਗਰ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦਾ ਵੀ ਇਕ-ਇਕ ਯੂਨਿਟ ਬੰਦ ਹੋਣ ਕਾਰਨ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਸਮਰੱਥਾ ਦੇ ਮੁਕਾਬਲੇ ਹੇਠਾਂ ਆ ਗਿਆ ਹੈ। ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਲਗਭਗ 2300 ਮੈਗਾਵਾਟ ਹੈ, ਪਰ ਮੌਜੂਦਾ ਸਮੇਂ ’ਚ ਇਨ੍ਹਾਂ ਤੋਂ ਸਿਰਫ਼ 600 ਮੈਗਾਵਾਟ ਦੇ ਕਰੀਬ ਹੀ ਬਿਜਲੀ ਉਤਪਾਦਨ ਹੋ ਰਹੀ ਹੈ। ਇਸ ਤਰ੍ਹਾਂ ਕਰੀਬ 1700 ਮੈਗਾਵਾਟ ਉਤਪਾਦਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਜੇਕਰ ਹੜਤਾਲ ਜਲਦੀ ਖ਼ਤਮ ਨਾ ਹੋਈ ਅਤੇ ਬੰਦ ਯੂਨਿਟ ਮੁੜ ਚਾਲੂ ਨਾ ਹੋਏ ਤਾਂ ਝੋਨੇ ਦੀ ਲਵਾਈ ਦੇ ਪੀਕ ਸੀਜ਼ਨ ਦੌਰਾਨ ਪੰਜਾਬ ਨੂੰ ਬਿਜਲੀ ਸਪਲਾਈ ਅਤੇ ਆਰਥਿਕ ਦੋਵੇਂ ਮੋਰਚਿਆਂ ’ਤੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਕੜਿਆਂ ਮੁਤਾਬਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ ਤੇ ਇਸ ਦੇ ਚਾਰੇ ਯੂਨਿਟ ਬੰਦ ਹੋਣ ਕਾਰਨ ਇੱਥੋਂ ਇਕ ਵੀ ਮੈਗਾਵਾਟ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ। ਇਸੇ ਤਰ੍ਹਾਂ ਰੂਪਨਗਰ ਥਰਮਲ ਪਲਾਂਟ ਦੀ ਸਮਰੱਥਾ 840 ਮੈਗਾਵਾਟ ਹੈ, ਪਰ ਇਕ ਯੂਨਿਟ ਬੰਦ ਹੋਣ ਕਾਰਨ ਇੱਥੇ ਸਿਰਫ਼ 355 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀ ਸਮਰੱਥਾ 540 ਮੈਗਾਵਾਟ ਹੈ, ਜਦਕਿ ਮੌਜੂਦਾ ਸਮੇਂ ’ਚ ਉੱਥੇ ਕੇਵਲ 244 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।
ਇਹ ਸਥਿਤੀ ਉਸ ਸਮੇਂ ਬਣੀ ਹੈ ਜਦੋਂ ਪੰਜਾਬ ’ਚ ਝੋਨੇ ਦੀ ਲਵਾਈ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਸਿੰਚਾਈ ਲਈ ਹਜ਼ਾਰਾਂ ਟਿਊਬਵੈੱਲਾਂ ਨੂੰ ਲਗਾਤਾਰ ਬਿਜਲੀ ਦੀ ਲੋੜ ਹੈ ਤੇ ਆਉਣ ਵਾਲੇ ਦਿਨਾਂ ’ਚ ਜਿਵੇਂ-ਜਿਵੇਂ ਝੋਨੇ ਦੀ ਲੁਆਈ ਤੇਜ਼ ਹੋਵੇਗੀ, ਬਿਜਲੀ ਦੀ ਮੰਗ ਵੀ ਵਧੇਗੀ। ਅਜਿਹੇ ਹਾਲਾਤਾਂ ’ਚ ਸਰਕਾਰੀ ਥਰਮਲ ਪਲਾਂਟਾਂ ਤੋਂ ਉਤਪਾਦਨ ਘਟਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਮੁਲਾਜ਼ਮ ਆਗੂ ਰਜਿੰਦਰ ਸਿੰਘ ਨੇ ਦੱਸਿਆ ਕਿ ਥਰਮਲ ਪਲਾਂਟਾਂ ’ਚ ਮੈਨਟੇਨਸ ਤੇ ਕਈ ਹੋਰ ਤਕਨੀਕੀ ਕੰਮ ਵੱਡੇ ਪੱਧਰ ’ਤੇ ਆਊਟਸੋਰਸ ਕਾਮਿਆਂ ਵੱਲੋਂ ਕੀਤੇ ਜਾਂਦੇ ਹਨ ਪਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਹਨ। ਇਸ ਨਾਲ ਜ਼ਰੂਰੀ ਕੰਮਕਾਜ ਪ੍ਰਭਾਵਿਤ ਹੋਇਆ ਹੈ। ਨਤੀਜੇ ਵਜੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕਰਨੇ ਪਏ ਹਨ। ਜੇਕਰ ਹੜਤਾਲ ਦਾ ਹੱਲ ਨਾ ਕੱਢਿਆ ਗਿਆ ਤਾਂ ਬਿਜਲੀ ਉਤਪਾਦਨ ’ਤੇ ਹੋਰ ਮਾੜਾ ਅਸਰ ਪੈ ਸਕਦਾ ਹੈ।
ਸਰਕਾਰ ’ਤੇ ਪਵੇਗਾ ਦੋਹਰਾ ਆਰਥਿਕ ਬੋਝ
ਜੇਕਰ ਛੇਤੀ ਇਨ੍ਹਾਂ ਪਲਾਟਾਂ ’ਤੇ ਬਿਜਲੀ ਉਤਪਾਦਨ ਸ਼ੁਰੂ ਨਹੀਂ ਹੁੰਦਾ ਤਾਂ ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾਂ ਪੰਜਾਬ ਸਰਕਾਰ ਨੂੰ ਖੁੱਲ੍ਹੇ ਬਾਜ਼ਾਰ ਜਾਂ ਹੋਰ ਸਰੋਤਾਂ ਤੋਂ ਮਹਿੰਗੇ ਭਾਅ ’ਤੇ ਬਿਜਲੀ ਖ਼ਰੀਦਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਰੇਲਵੇ ਨੂੰ ਵੀ ਵਾਧੂ ਅਦਾਇਗੀ ਕਰਨੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਲਈ ਕੋਲੇ ਦੇ ਤਿੰਨ ਰੈਕ ਪੁੱਜੇ ਹੋਏ ਹਨ ਪਰ ਮੁਲਾਜ਼ਮਾਂ ਦੀ ਹੜਤਾਲ ਕਾਰਨ 18 ਜੂਨ ਤੋਂ ਇਹ ਰੈਕ ਖਾਲ੍ਹੀ ਨਹੀਂ ਹੋਏ। ਨਿਯਮਾਂ ਮੁਤਾਬਕ ਕੋਲੇ ਦੇ ਰੈਕ ਸੱਤ ਘੰਟਿਆਂ ਦੇ ਅੰਦਰ ਖਾਲੀ ਕਰਨੇ ਲਾਜ਼ਮੀ ਹੁੰਦੇ ਹਨ। ਇਸ ਤੋਂ ਬਾਅਦ ਰੇਲਵੇ ਪ੍ਰਤੀ ਘੰਟਾ 10,500 ਰੁਪਏ ਚਾਰਜ ਵਸੂਲਦਾ ਹੈ। ਇਸ ਹਿਸਾਬ ਨਾਲ ਪੰਜਾਬ ਸਰਕਾਰ ਤੇ ਥਰਮਲ ਮੈਨੇਜ਼ਮੈਂਟ ਨੂੰ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਏ ਤਕ ਦਾ ਵਾਧੂ ਆਰਥਿਕ ਬੋਝ ਝੱਲਣਾ ਪੈ ਸਕਦਾ ਹੈ।
ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋੜੀਂਦੇ ਸਟਾਫ ਦੀ ਕਮੀ ਪੈਦਾ ਗਈ ਹੈ। ਇਸ ਕਾਰਨ ਪਲਾਂਟ ਦੇ ਯੂਨਿਟ ਬੰਦ ਕਰਨੇ ਪਏ ਹਨ। ਪ੍ਰਬੰਧਨ ਵੱਲੋਂ ਸਥਿਤੀ ਨੂੰ ਆਮ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਜਲਦ ਪਲਾਂਟ ਦੇ ਸਾਰੇ ਚਾਰ ਯੂਨਿਟ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਤੇਜ਼ ਬਾਂਸਲ,
ਚੀਫ ਇੰਜੀਨੀਅਰ, ਲਹਿਰਾ ਮੁਹੱਬਤ ਥਰਮਲ ਪਲਾਂਟ