- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੋਮੇਨ ਦੇਬਨਾਥ ਵਲੋਂ ਦੁਨੀਆ ਭਰ ਦੀ ਯਾਤਰਾ ਕਰ ਕੇ ਲੋਕਾਂ ਨੂੰ ਜਿਥੇ ਏਡਜ਼ ਬਾਰੇ ਜਾਣੂ ਕਰਵਾਇਆ ਗਿਆ ਹੈ, ਉੱਥੇ ਨਾਲ ਹੀ ਸਾਡੇ ਦੇਸ਼ ਦੀ ਅਮੀਰ ਭਾਰਤੀ ਸੰਸਕ੍ਰਿਤੀ ਨੂੰ ਵੀ ਦੁਨੀਆ ਭਰ ’ਚ ਪਹੁੰਚਾਇਆ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਪਿਛਲੇ 19 ਸਾਲ ਤੋਂ ਦੁਨੀਆ ਭਰ ਵਿਚ 191 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਸਾਈਕਲਿਸਟ ਸੋਮੇਨ ਦੇਬਨਾਥ ਦਾ ਐਤਵਾਰ ਨੂੰ ਬਟਾਲਾ ਪਹੁੰਚਣ ’ਤੇ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਤੇ ਸਾਥੀਆ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਨਗਰ ਨਿਗਮ ਦਫਤਰ ਵਿਖੇ ਗੱਲਬਾਤ ਕਰਦਿਆਂ ਸੋਮੇਨ ਦੇਬਨਾਥ ਨੇ ਕਿਹਾ ਕਿ ਉਨ੍ਹਾਂ ਨੇ 2004 ਤੋਂ 2023 ਤਕ ਐਚਆਈਵੀ/ਏਡਜ਼ ਜਾਗਰੂਕਤਾ ਪ੍ਰੋਗਰਾਮ ਅਤੇ ਭਾਰਤੀ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਦੁਨੀਆ ਭਰ ਦੇ 191 ਦੇਸ਼ਾਂ 'ਚ ਸਾਈਕਲ ’ਤੇ ਕਰੀਬ 2 ਲੱਖ ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਦੇ 36 ਰਾਸ਼ਟਰਪਤੀਆਂ ਅਤੇ 72 ਪ੍ਰਧਾਨ ਮੰਤਰੀਆਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਦੀ ਯਾਤਰਾ ਕਰਨ ਦਾ ਇਕ ਹੋਰ ਮਿਸ਼ਨ ਰੀਯੂਨੀਅਨ ਭਾਰਤ, ਇਕ ਰੁੱਖ ਇਕ ਜੀਵਨ, ਭਾਰਤੀ ਯੁਵਾ ਅਤੇ ਖੇਡਾਂ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਹ ਯਾਤਰਾ ਵੀ ਸਾਈਕਲ ’ਤੇ ਕੀਤੀ ਜਾ ਰਹੀ ਹੈ ਤੇ ਅੱਜ ਉਹ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਪਹੁੰਚੇ ਹਨ ਜਿੱਥੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਤੱਕ ਬਟਾਲਾ ਸ਼ਹਿਰ ’ਚ ਹੀ ਰਹਿਣਗੇ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਨਾਲ ਹੀ ਪੰਜਾਬ ਵੱਖ-ਵੱਖ ਜ਼ਿਲ੍ਹਿਆ ਅਤੇ ਭਾਰਤ ਦੇ ਹੋਰ ਰਾਜਾਂ ਦਾ ਵੀ ਦੌਰਾ ਕਰਨਗੇ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੋਮੇਨ ਦੇਬਨਾਥ ਵਲੋਂ ਦੁਨੀਆ ਭਰ ਦੀ ਯਾਤਰਾ ਕਰ ਕੇ ਲੋਕਾਂ ਨੂੰ ਜਿਥੇ ਏਡਜ਼ ਬਾਰੇ ਜਾਣੂ ਕਰਵਾਇਆ ਗਿਆ ਹੈ, ਉੱਥੇ ਨਾਲ ਹੀ ਸਾਡੇ ਦੇਸ਼ ਦੀ ਅਮੀਰ ਭਾਰਤੀ ਸੰਸਕ੍ਰਿਤੀ ਨੂੰ ਵੀ ਦੁਨੀਆ ਭਰ ’ਚ ਪਹੁੰਚਾਇਆ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੋਮੇਨ ਦੇਬਨਾਥ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਦੇਸ਼ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਦੀਪ ਕੁਮਾਰ, ਜਤਿੰਦਰ ਸੈਮੀ, ਵੱਖ-ਵੱਖ ਵਾਰਡਾਂ ਦੇ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।