- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਮਜ਼ਦੂਰ ਮਹਿਲਾਵਾਂ ਜੈਕਾਰਿਆਂ ਦੀ ਗੂੰਜ ਵਿਚਕਾਰ ਹੇਠਾਂ ਉਤਰ ਆਈਆਂ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ।ਸੰਘਰਸ਼ ਦੀ ਸਮਾਪਤੀ ਮੌਕੇ ਮਜ਼ਦੂਰਾਂ ਵੱਲੋਂ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਅਤੇ ਟੈਂਕੀ 'ਤੇ ਡਟੀਆਂ ਰਹੀਆਂ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ: ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਰਾਏਸਰ ਵਿੱਚ ਦਲਿਤ ਭਾਈਚਾਰੇ ਦੀਆਂ ਰੂੜੀਆਂ ਅਤੇ ਵਾੜਿਆਂ ਵਾਲੀ ਥਾਂ 'ਤੇ ਪਾਰਕ ਬਣਾਉਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਸ਼ੁੱਕਰਵਾਰ ਦੇਰ ਸਾਮ ਨੂੰ ਉਸ ਵੇਲੇ ਸਫਲਤਾ ਨਾਲ ਸਮਾਪਤ ਹੋਇਆ ਜਦੋਂ ਪ੍ਰਸ਼ਾਸਨ ਵੱਲੋਂ ਵਿਵਾਦਤ ਥਾਂ 'ਤੇ ਕੰਮ ਰੋਕਣ ਅਤੇ ਭਵਿੱਖ ਵਿੱਚ ਕੋਈ ਵੀ ਨਿਰਮਾਣ ਸਬੰਧਤ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਨਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਪਾਣੀ ਵਾਲੀ ਟੈਂਕੀ 'ਤੇ ਡਟੀਆਂ ਮਜ਼ਦੂਰ ਮਹਿਲਾਵਾਂ ਜੈਕਾਰਿਆਂ ਦੀ ਗੂੰਜ ਵਿਚਕਾਰ ਹੇਠਾਂ ਉਤਰ ਆਈਆਂ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ।ਸੰਘਰਸ਼ ਦੀ ਸਮਾਪਤੀ ਮੌਕੇ ਮਜ਼ਦੂਰਾਂ ਵੱਲੋਂ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਅਤੇ ਟੈਂਕੀ 'ਤੇ ਡਟੀਆਂ ਰਹੀਆਂ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਮੌਕੇ 'ਤੇ ਪੁੱਜੇ ਡੀਐਸਪੀ ਮਹਿਲ ਕਲਾਂ ਸਤਵਿੰਦਰ ਸਿੰਘ ਵਿਰਕ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਗ੍ਰਾਮ ਪੰਚਾਇਤ ਨਾਲ ਸਹਿਮਤੀ ਬਣ ਗਈ ਹੈ ਅਤੇ ਵਿਵਾਦਤ ਥਾਂ 'ਤੇ ਫਿਲਹਾਲ ਕੋਈ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਪਾਰਕ ਜਾਂ ਖੇਡ ਮੈਦਾਨ ਬਣਾਉਣ ਦੀ ਲੋੜ ਪਈ ਤਾਂ ਇਹ ਸਬੰਧਤ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਕੀਤਾ ਜਾਵੇਗਾ।ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਗਰੀਬ ਅਤੇ ਦਲਿਤ ਪਰਿਵਾਰਾਂ ਕੋਲ ਰੂੜੀਆਂ, ਵਾੜਿਆਂ ਅਤੇ ਪਾਥੀਆਂ ਲਈ ਬਹੁਤ ਹੀ ਸੀਮਤ ਥਾਂ ਬਚੀ ਹੈ, ਪਰ ਅਕਸਰ ਵਿਕਾਸ ਦੇ ਨਾਮ 'ਤੇ ਇਨ੍ਹਾਂ ਥਾਵਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਤੱਕ ਮਜ਼ਦੂਰ ਮਹਿਲਾਵਾਂ ਨੇ ਹੌਸਲੇ ਅਤੇ ਏਕਤਾ ਨਾਲ ਸੰਘਰਸ਼ ਲੜਿਆ, ਜਿਸ ਦਾ ਨਤੀਜਾ ਅੱਜ ਜਿੱਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਾਬਤ ਕਰਦਾ ਹੈ ਕਿ ਜੇਕਰ ਮਜ਼ਦੂਰ ਵਰਗ ਇਕੱਠਾ ਰਹੇ ਤਾਂ ਆਪਣੇ ਹੱਕਾਂ ਦੀ ਰੱਖਿਆ ਕਰ ਸਕਦਾ ਹੈ। ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ, ਪਤਨੀ ਗੁਰਜੰਟ ਸਿੰਘ ਖਾਲਸਾ, ਨੇ ਕਿਹਾ ਕਿ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਵਾਰਸਾਂ ਨੇ ਸੰਘਰਸ਼ ਦੇ ਬਲ 'ਤੇ ਆਪਣਾ ਹੱਕ ਬਚਾਇਆ ਹੈ ਅਤੇ ਪ੍ਰਸ਼ਾਸਨ ਨੂੰ ਆਪਣੀ ਮੰਗ ਮਨਵਾਉਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਪਹਿਲਾਂ ਹੀ ਪਾਰਕ ਅਤੇ ਹੋਰ ਯਾਦਗਾਰਾਂ ਮੌਜੂਦ ਹਨ, ਇਸ ਲਈ ਉਨ੍ਹਾਂ ਦੇ ਨਾਮ 'ਤੇ ਕਰੀਬ 50 ਤੋਂ 60 ਪਰਿਵਾਰਾਂ ਦੀ ਰੂੜੀਆਂ ਅਤੇ ਵਾੜਿਆਂ ਵਾਲੀ ਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਸੀ।ਇਸ ਦੌਰਾਨ ਗੁਰਜੰਟ ਸਿੰਘ ਖਾਲਸਾ, ਮੰਦਰ ਸਿੰਘ, ਕੁਲਵਿੰਦਰ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਪਰਮਿੰਦਰ ਕੌਰ ਅਤੇ ਸਮਨਦੀਪ ਕੌਰ ਨੇ ਕਿਹਾ ਕਿ ਦਲਿਤ ਭਾਈਚਾਰੇ ਕੋਲ ਰੂੜੀਆਂ ਅਤੇ ਵਾੜਿਆਂ ਲਈ ਇਹ ਇੱਕੋ-ਇੱਕ ਸਾਂਝੀ ਥਾਂ ਹੈ, ਜਿਸ ਦੀ ਰੱਖਿਆ ਲਈ ਭਵਿੱਖ ਵਿੱਚ ਵੀ ਪੂਰੀ ਏਕਤਾ ਨਾਲ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਇਸ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਸੰਘਰਸ਼ ਦੀ ਸਮਾਪਤੀ ਮੌਕੇ ਮਜ਼ਦੂਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਸਮੂਹ ਪਿੰਡ ਵਾਸੀਆਂ, ਮਹਿਲਾਵਾਂ ਅਤੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਏਕਤਾ ਕਾਇਮ ਰੱਖਣ ਦਾ ਅਹਿਦ ਲਿਆ ।