
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਿੱਟਾ ਸਾਡੀ ਪੀੜੀ ਨੂੰ ਘੁਣ ਵਾਂਗ ਖਾ ਰਿਹਾ ਹੈ, ਇਸ ਲਈ ਅਸੀਂ ਤੀਆਂ ਦੇ ਤਿਉਹਾਰ ’ਚ ਕਾਲੇ ਰੰਗ ਦੀਆਂ ਚੁੰਨੀਆਂ ਬਿਨਾਂ ਚੂੜੀਆਂ ਪਾਏ ਤੇ ਬਿਨਾਂ ਤਿਆਰ ਹੋਏ ਅੱਜ ਅਸੀਂ ਨਸ਼ਿਆਂ ਦੇ ਵਿਰੁੱਧ ਰੈਲੀ ਕਰ ਰਹੀਆਂ ਹਾਂ ਤਾਂ ਜੋ ਸਾਡੇ ਭਰਾ ਨਸ਼ਿਆਂ ਤੋਂ ਦੂਰ ਹੋ ਸਕਣ ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ: ਜਿੱਥੇ ਸਾਉਣ ਦੇ ਮਹੀਨੇ ’ਚ ਕੁੜੀਆਂ ਪੇਕੇ ਪਿੰਡ ਆ ਕੇ ਤਿਆਰ ਹੋ ਅਪਣੀਆਂ ਸਹੇਲੀਆਂ ਨਾਲ ਤੀਆਂ ’ਚ ਜਾਂਦੀਆਂ ਤੇ ਗੀਤ ਗਾਉਂਦੀਆਂ ਹਨ, ਪਰ ਇਸਦੇ ਉਲਟ ਮਹਿਲ ਕਲਾਂ ਦੇ ਪਿੰਡ ਹਮੀਦੀ ’ਚ ਧੀਆਂ ਦੀ ਕਮੇਟੀ ਵੱਲੋਂ ਅੱਜ ਤੀਆਂ ਦੇ ਮੌਕੇ ਨਸ਼ੇ ਵਿਰੁੱਧ ਇੱਕ ਰੈਲੀ ਕੀਤੀ ਗਈ। ਜਿਸ ’ਚ ਪਿੰਡ ਦੀਆਂ ਧੀਆਂ ਤੇ ਹੋਰ ਔਰਤਾਂ ਵੱਲੋਂ ਵੱਡੇ ਪੱਧਰ ਉੱਪਰ ਹਿੱਸਾ ਲਿਆ ਗਿਆ ਉੱਥੇ ਹੀ ਛੋਟੀ ਉਮਰ ਦੇ ਬੱਚਿਆਂ ਦੇ ਹੱਥ ’ਚ ਨਸ਼ਾ ਵਿਰੋਧੀ ਨਾਅਰੇ ਲਿਖ ਕੇ ਇਸ ਰੈਲੀ ’ਚ ਹਿੱਸਾ ਲਿਆ। ਇਸ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਬਜੀਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਪਿੰਡ ਇੱਕ ਚਿੱਟੇ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ ।ਚਿੱਟਾ ਸਾਡੀ ਪੀੜੀ ਨੂੰ ਘੁਣ ਵਾਂਗ ਖਾ ਰਿਹਾ ਹੈ, ਇਸ ਲਈ ਅਸੀਂ ਤੀਆਂ ਦੇ ਤਿਉਹਾਰ ’ਚ ਕਾਲੇ ਰੰਗ ਦੀਆਂ ਚੁੰਨੀਆਂ ਬਿਨਾਂ ਚੂੜੀਆਂ ਪਾਏ ਤੇ ਬਿਨਾਂ ਤਿਆਰ ਹੋਏ ਅੱਜ ਅਸੀਂ ਨਸ਼ਿਆਂ ਦੇ ਵਿਰੁੱਧ ਰੈਲੀ ਕਰ ਰਹੀਆਂ ਹਾਂ ਤਾਂ ਜੋ ਸਾਡੇ ਭਰਾ ਨਸ਼ਿਆਂ ਤੋਂ ਦੂਰ ਹੋ ਸਕਣ । ਜੇਕਰ ਸਾਡੇ ਭਰਾ ਜਿਉਂਦੇ ਹਨ ਤਾਂ ਹੀ ਸਾਡੇ ਪੇਕੇ ਹਨ ਇਸ ਲਈ ਸਾਡੇ ਪਿੰਡ ’ਚ ਤੀਆਂ ਦਾ ਤਿਉਹਾਰ ਨਹੀਂ ਮਨਾਇਆ ਗਿਆ ਤੇ ਸਾਡੀ ਤੀਆਂ ਦੀ ਕਮੇਟੀ ਵੱਲੋਂ ਨਸ਼ਾ ਜਾਗਰੂਕ ਰੈਲੀ ਪੂਰੇ ਪਿੰਡ ਹਮੀਦੀ ’ਚ ਕੱਢੀ ਗਈ ਹੈ ਤਾਂ ਜੋ ਕਿਸੇ ਹੋਰ ਭੈਣ ਦਾ ਭਾਈ ਤੇ ਮਾਂ ਪਿਓ ਦੇ ਪੁੱਤ ਦੀ ਨਸ਼ਿਆਂ ਨਾਲ ਜਾਨ ਨਾ ਜਾ ਸਕੇ। ਇਸ ਵੇਲੇ ਲੋਕ ਭਲਾਈ ਵੈਲਫੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਡਾਕਟਰ ਪਰਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਸਾਡੀ ਸੋਸਾਇਟੀ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ’ਚੋਂ ਬਾਹਰ ਕੱਢਣ ਲਈ ਵੱਡੀ ਪੱਧਰ ਉੱਪਰ ਕੋਸ਼ਿਸ਼ਾਂ ਜਾਰੀ ਹਨ ਤੇ ਸੈਂਕੜੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਭਰੀ ਜ਼ਿੰਦਗੀ ’ਚੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਨੌਜਵਾਨ ਤੁਹਾਡੇ ਆਲੇ ਦੁਆਲੇ ਮਿਲਦਾ ਹੈ ਜਾਂ ਰਹਿੰਦਾ ਹੈ ਜੋ ਨਸ਼ਿਆਂ ਦੀ ਦਲਦਲ ’ਚ ਫਸ ਚੁੱਕਿਆ ਹੈ ਤੇ ਬਾਹਰ ਆਉਣਾ ਚਾਹੁੰਦਾ ਹੈ ਤਾਂ ਸਾਡੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਇਹੋ ਜਿਹੇ ਨੌਜਵਾਨਾਂ ਲਈ ਦਿਨ ਰਾਤ ਕੰਮ ਕੀਤਾ ਜਾਂਦਾ ਹੈ ਤੇ ਬਿਲਕੁਲ ਫਰੀ ’ਚ ਜਿਹੜਾ ਨਸ਼ਾ ਛੁਡਾਇਆ ਜਾਂਦਾ ਹੈ। ਇਸ ਮੌਕੇ ਕਰਮਜੀਤ ਕੌਰ, ਹਰਪਾਲ ਕੌਰ ਰਾਣੂ, ਸੁਖਵਿੰਦਰ ਕੌਰ ਜੈਲਦਾਰ, ਸੁਖਪਾਲ ਕੌਰ ਸੰਦੀਪ ਕੌਰ ਮਨਦੀਪ ਕੌਰ, ਮਹਿੰਦਰ ਕੌਰ, ਲਖਵਿੰਦਰ ਕੌਰ ਰਾਣੀ ਬਮਰਾ, ਹਰਪ੍ਰੀਤ ਕੌਰ, ਪਰਮਜੀਤ ਕੌਰ ਦਿਓਲ, ਅਮਰਜੀਤ ਕੌਰ, ਸਲਮਾ, ਅਮਨਦੀਪ ਕੌਰ, ਪਾਲ ਕੌਰ, ਪਰਮਜੀਤ ਕੌਰ, ਸ਼ਿੰਦਰ ਕੌਰ ਆਦਿ ਹਾਜ਼ਰ ਸਨ।