- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ’ਚ ਮਹਿਲ ਕਲਾਂ ਸੋਢੇ ਦੀ ਸੱਥ ’ਚੋਂ ਲੋਕ ਮਿਲਣੀ ਦੌਰਾਨ ਕਿਹਾ ਕਿ ਸਰਕਾਰ 1 ਜੁਲਾਈ ਨੂੰ ਪੰਜਾਬ ਦੀਆਂ ਔਰਤਾਂ ਲਈ ਇਤਿਹਾਸਕ ਦਿਨ ਦੀ ਇਬਾਰਤ ਲਿਖਣ ਲਈ ਤਿਆਰ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਆਗਾਜ਼ ਨਾਲ ਇੱਕ ਹੋਰ ਵੱਡੀ ਗਾਰੰਟੀ ਪੂਰੀ ਕਰ ਰਹੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ’ਚ ਮਹਿਲ ਕਲਾਂ ਸੋਢੇ ਦੀ ਸੱਥ ’ਚੋਂ ਲੋਕ ਮਿਲਣੀ ਦੌਰਾਨ ਕਿਹਾ ਕਿ ਸਰਕਾਰ 1 ਜੁਲਾਈ ਨੂੰ ਪੰਜਾਬ ਦੀਆਂ ਔਰਤਾਂ ਲਈ ਇਤਿਹਾਸਕ ਦਿਨ ਦੀ ਇਬਾਰਤ ਲਿਖਣ ਲਈ ਤਿਆਰ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਆਗਾਜ਼ ਨਾਲ ਇੱਕ ਹੋਰ ਵੱਡੀ ਗਾਰੰਟੀ ਪੂਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚ ਦੁਪਹਿਰ 12 ਵਜੇ ਤੋਂ ਬਾਅਦ ਮੋਬਾਈਲ ਫੋਨਾਂ 'ਤੇ ਮੈਸੇਜ (ਟੂੰ-ਟੂੰ) ਆਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਤਿੰਨ ਮਹੀਨਿਆਂ ਦੀ 'ਸਤਿਕਾਰ ਰਾਸ਼ੀ' ਇੱਕੋ ਕਿਸ਼ਤ ਵਜੋਂ ਹਰ ਔਰਤ ਦੇ ਬੈਂਕ ਖਾਤੇ ‘ਚ 3,000 ਰੁਪਏ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੇ ਖਾਤਿਆਂ ’ਚ 4,500 ਰੁਪਏ ਜਮ੍ਹਾਂ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਦੇ ਮਾਣ-ਸਨਮਾਨ ਤੇ ਵਿੱਤੀ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਬਰਨਾਲਾ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਤੇਜ਼ ਵਿਕਾਸ ਤੋਂ ਬੁਖਲਾਏ ਵਿਰੋਧੀ ਸੂਬੇ ਦੀ ਤਰੱਕੀ ਵਿੱਚ ਰੋੜਾ ਅਟਕਾਉਣ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਰਕਮ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਜੋ ਔਰਤਾਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਲੈ ਰਹੀਆਂ ਹਨ, ਉਹ ਵੀ ਇਸ ਦੀਆਂ ਯੋਗ ਹੋਣਗੀਆਂ। ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ਸਾਡੀ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਅਸੀਂ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, 68,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਸੜਕਾਂ ਦਾ ਨਵੀਨੀਕਰਨ ਕੀਤਾ, ਟੋਲ ਪਲਾਜ਼ੇ ਬੰਦ ਕਰਕੇ ਰੋਜ਼ਾਨਾ ਕਰੀਬ 70 ਲੱਖ ਰੁਪਏ ਬਚਾਏ ਹਨ, ਸਿੱਖਿਆ ਅਤੇ ਸਿਹਤ ਸੰਭਾਲ ਨੂੰ ਮਜ਼ਬੂਤ ਕੀਤਾ ਹੈ, ਬੁਨਿਆਦੀ ਢਾਂਚਾ ਤਿਆਰ ਕੀਤਾ ਹੈ ਅਤੇ ਕਈ ਹੋਰ ਅਹਿਮ ਕਦਮ ਚੁੱਕੇ ਹਨ। ਜਦੋਂ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਸੀ, ਉਦੋਂ ਸਿੰਚਾਈ ਲਈ ਸਿਰਫ਼ 22 ਫੀਸਦ ਨਹਿਰੀ ਪਾਣੀ ਦੀ ਵਰਤੋਂ ਹੋ ਰਹੀ ਸੀ। ਅੱਜ ਇਹ ਅੰਕੜਾ ਵਧ ਕੇ 80 ਫੀਸਦ ਤੋਂ ਵੱਧ ਹੋ ਗਿਆ ਹੈ।
ਅਸੀਂ ਸੂਬੇ ਭਰ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਵੀ ਦੇ ਰਹੇ ਹਾਂ। ਸੂਬੇ ਦੇ ਸਿਹਤ ਸੁਧਾਰਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, 'ਮੁੱਖ ਮੰਤਰੀ ਸਿਹਤ ਯੋਜਨਾ' ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜੋ ਪੰਜਾਬ ਦੇ ਹਰ ਵਸਨੀਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ, ਸਾਡੀ ਸਰਕਾਰ 15 ਜੁਲਾਈ ਤੱਕ ਪੰਜਾਬ ਭਰ ਵਿੱਚ 3,100 ਨਵੇਂ ਬਣੇ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰੇਗੀ। ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਨੂੰ ਸਿਰਫ਼ 'ਮਿਡ ਡੇ ਮੀਲ' ਦੇ ਕੇਂਦਰ ਬਣਾ ਕੇ ਰੱਖ ਦਿੱਤਾ ਸੀ, ਪਰ ਅੱਜ ਇਨ੍ਹਾਂ ਸਕੂਲਾਂ ਨੂੰ ਸਿੱਖਿਆ ਦੇ ਧੁਰੇ ਵਿੱਚ ਬਦਲ ਦਿੱਤਾ ਗਿਆ ਹੈ। ਅਸੀਂ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਗਰੀਬ ਤੋਂ ਗਰੀਬ ਬੱਚੇ ਨੂੰ ਵੀ ਮਿਆਰੀ ਸਿੱਖਿਆ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ,ਪਿਛਲੇ ਚਾਰ ਸਾਲਾਂ ਤੋਂ ਸਾਡੀ ਸਰਕਾਰ ਨੇ ਅਧਿਆਪਕਾਂ ਦੀ ਸਿਖਲਾਈ, ਆਧੁਨਿਕ ਅਧਿਆਪਨ ਤਰੀਕਿਆਂ ਅਤੇ ਸਮਾਰਟ ਕਲਾਸਰੂਮਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਅੱਜ ਪੰਜਾਬ ਸਿਖਰ 'ਤੇ ਖੜ੍ਹਾ ਹੈ। ਪਹਿਲਾਂ ਕੇਰਲਾ ਨੰਬਰ ਇੱਕ ਸਥਾਨ 'ਤੇ ਸੀ, ਪਰ ਪੰਜਾਬ ਨੇ ਹੁਣ ਵੱਡੇ ਫਰਕ ਨਾਲ ਪਹਿਲਾ ਰੈਂਕ ਹਾਸਲ ਕਰ ਲਿਆ ਹੈ। ਅਸੀਂ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵੱਡੇ ਯਤਨ ਜਾਰੀ ਰੱਖਾਂਗੇ ਕਿਉਂਕਿ ਸਿੱਖਿਆ ਉਹ ਚਾਨਣ ਹੈ ਜੋ ਹਨੇਰੇ ਨੂੰ ਦੂਰ ਕਰਕੇ ਸੰਸਾਰ ਨੂੰ ਰੌਸ਼ਨ ਕਰਦਾ ਹੈ। ਹਰ ਬੱਚੇ ਨੂੰ ਸਿੱਖਿਆ ਦੇ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਦਾ ਪੱਕਾ ਵਿਸ਼ਵਾਸ ਹੈ ਕਿ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ, ਕੋਈ ਵੀ ਵਿਰੋਧ ਮੈਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਮੈਂ ਇਸ ਮੰਤਵ ਲਈ ਇਸੇ ਤਰ੍ਹਾਂ ਹਰ ਸੰਭਵ ਯਤਨ ਜਾਰੀ ਰੱਖਾਂਗਾ।” ਲੋਕਾਂ ਨਾਲ ਆਪਣੇ ਸਬੰਧਾਂ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਸ਼ਾਸਨ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਦੀ ਗ੍ਰਾਂਟ ਲਈ ਲੱਖਾਂ ਦਾ ਚੈੱਕ ਵੀ ਜਾਰੀ ਕੀਤਾ।
ਪਹਿਲਾਂ ਵਾਲੇ ਮੌਸਮ ਦੇਖ ਕੇ ਨਿੱਕਲਦੇ ਸਨ ਮੈਂ ਲੋਕਾਂ ਵਿੱਚ ਰਹਿੰਦਾ ਹਾਂ: ਮੁੱਖ ਮੰਤਰੀ
ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਤੋਂ ਪਹਿਲੇ ਰਹੇ ਮੁੱਖ ਮੰਤਰੀ ਕਦੇ ਵੀ ਆਮ ਲੋਕਾਂ ‘ਚ ਨਹੀਂ ਵਿਚਰੇ। ਉਹ ਮੌਸਮ ਦੇਖ ਕੇ ਹੀ ਆਪਣੇ ਆਲੀਸ਼ਾਨ ਘਰਾਂ ਤੋਂ ਬਾਹਰ ਨਿਕਲਦੇ ਸਨ, ਜਦੋਂ ਕਿ ਮੈਂ ਚੌਵੀ ਘੰਟੇ ਲੋਕਾਂ ਲਈ ਮੌਜੂਦ ਰਹਿੰਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਅੰਨ੍ਹੇਵਾਹ ਸਰਕਾਰੀ ਪੈਸਾ ਲੁੱਟਿਆ ਅਤੇ ਉੱਚੀਆਂ-ਉੱਚੀਆਂ ਕੰਧਾਂ ਅਤੇ ਵੱਡੇ-ਵੱਡੇ ਗੇਟਾਂ ਵਾਲੇ ਮਹਿਲ ਬਣਾਏ, ਜੋ ਲੋਕਾਂ ਲਈ ਹਮੇਸ਼ਾ ਬੰਦ ਰਹੇ। ਇਹ ਆਗੂ ਸਦਾ ਲੋਕਾਂ ਦੀ ਪਹੁੰਚ ਤੋਂ ਦੂਰ ਰਹੇ ਅਤੇ ਆਖਰਕਾਰ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੇ ਭਰੋਸੇ ਨੂੰ ਸੱਟ ਮਾਰਨ ਵਾਲੇ ਆਗੂਆਂ ਨੂੰ ਵਾਰ-ਵਾਰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਜਿਨ੍ਹਾਂ ਨੇ ਵਾਰੀ-ਵਾਰੀ ਕਰਕੇ ਉਨ੍ਹਾਂ ਨੂੰ ਲੁੱਟਿਆ। ਇਨ੍ਹਾਂ ਸਵਾਰਥੀ ਆਗੂਆਂ ਨੇ ਸਾਲਾਂ ਬੱਧੀ ਲੋਕਾਂ ਨੂੰ ਮੂਰਖ ਬਣਾਇਆ, ਪਰ ਅੱਜ ਸੂਬੇ ਦੇ ਲੋਕ ਸਿਆਣੇ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ। ਇਨ੍ਹਾਂ ਹੰਕਾਰੀ ਸਿਆਸਤਦਾਨਾਂ ਨੇ ਹਮੇਸ਼ਾ ਲੋਕਾਂ ਨੂੰ ਹਲਕੇ ਵਿੱਚ ਲਿਆ ਅਤੇ ਇਸੇ ਕਰਕੇ ਆਖਰਕਾਰ ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਅੱਜ ਇਹ ਮੌਕਾਪ੍ਰਸਤ ਆਗੂ ਬੌਖਲਾਏ ਹੋਏ ਹਨ ਕਿਉਂਕਿ ਲੋਕ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਦੇ ਰਹੇ। ਇਨ੍ਹਾਂ ਆਗੂਆਂ ਦਾ ਏਜੰਡਾ ਹਮੇਸ਼ਾ ਲੋਕਾਂ ਦੀ ਬਜਾਏ ਆਪਣੇ ਪਰਿਵਾਰਾਂ ਦੀ ਭਲਾਈ ਤੱਕ ਹੀ ਸੀਮਤ ਰਿਹਾ ਹੈ।
ਸੁਖਬੀਰ ਮੁੱਖ ਮੰਤਰੀ ਦੇ ਸੁਪਨੇ ਛੱਡੇ ਜੇਲ੍ਹ ਦੀ ਕਰੇ ਤਿਆਰੀ: ਭਗਵੰਤ ਮਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸ਼ੇਖ ਚਿੱਲੀ ਦੇ ਸੁਪਨੇ ਦੇਖਣੇ ਬੰਦ ਕਰ ਦੇਣੇ ਚਾਹੀਦੇ ਹਨ। ਸੱਤਾ ਵਿੱਚ ਵਾਪਸੀ ਦੇ ਸੁਪਨੇ ਦੇਖਣ ਦੀ ਬਜਾਏ ਹੁਣ ਉਨ੍ਹਾਂ ਦੇ ਪਰਿਵਾਰ ਦੀ ਜੇਲ੍ਹ ਜਾਣ ਦੀ ਵਾਰੀ ਹੈ। ਉਹ ਦਿਨ ਗਏ ਜਦੋਂ ਇਹ ਪਾਰਟੀਆਂ ਕੁਰਸੀ ਦੀ ਖੇਡ ਖੇਡਦੀਆਂ ਸਨ ਅਤੇ ਰਾਜ ਕਰਨ ਲਈ ਆਪਣੀ ਵਾਰੀ ਉਡੀਕਦੀਆਂ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਇਨ੍ਹਾਂ ਲੋਕਾਂ ਨੇ ਇੱਕ ਦੂਜੇ ਦੇ ਹਿੱਤਾਂ ਦੀ ਰਾਖੀ ਕੀਤੀ, ਜਿਸ ਕਰਕੇ ਇਨ੍ਹਾਂ ਦੇ ਕਾਲੇ ਕਾਰਨਾਮੇ ਕਦੇ ਸਾਹਮਣੇ ਨਹੀਂ ਆਏ। ਅੱਜ ਲੋਕਾਂ ਨੇ 'ਆਪ' ਨੂੰ ਚੁਣਿਆ ਹੈ ਅਤੇ ਪਾਰਟੀ ਦਾ ਚੋਣ ਨਿਸ਼ਾਨ 'ਝਾੜੂ' ਪੰਜਾਬ ਦੇ ਸਿਆਸੀ ਸਿਸਟਮ ਦੀ ਸਫਾਈ ਕਰ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਆਪਣੇ ਪਾਪਾਂ ਬਦਲੇ ਸਲਾਖਾਂ ਪਿੱਛੇ ਹੋਣਗੇ।