- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ,ਗੁਰਜੰਟ ਸਿੰਘ ਖਾਲਸਾ, ,ਮੰਦਰ ਸਿੰਘ,ਕੁਲਵਿੰਦਰ ਕੌਰ,ਜਸਵੀਰ ਕੌਰ,ਅਮਨਦੀਪ ਕੌਰ,ਪਰਮਿੰਦਰ ਕੌਰ,ਸਮਨਦੀਪ ਕੌਰ ਨੇ ਕਿਹਾ ਕਿ ਪਿੰਡ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਪਾਰਕ ਬਣਾਉਣ ਦੇ ਨਾਮ ਹੇਠ ਖੋਹੀ ਜਾ ਰਹੀ ਹੈ

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ ਮਹਿਲ ਕਲਾਂ ‘ ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ ’ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੇ ਇਸ ਹੋਕੇ ਹਕੀਕਤ ਦੀ ਹਿੱਕ ਤੇ ਲਿਖਦਿਆਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਵਿਖੇ ਕੰਮੀਆਂ (ਉਦਾਸੀ) ਦੇ ਵਿਹੜੇ ਦੀਆਂ ਔਰਤਾਂ ਵੀਰਵਾਰ ਨੂੰ ਵੀ ਆਪਣੀ ਹੋਦ ਤੇ ਹੱਕਾਂ ਦੀ ਲੜਾਈ ਲਈ ਪਾਣੀ ਵਾਲੀ ਟੈਂਕੀ ਤੇ ਡਟੀਆਂ ਰਹੀਆਂ।
ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਗ੍ਰਾਮ ਪੰਚਾਇਤ ਦੁਆਰਾ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਉਪਰ ਗਰਾਊਡ ਬਣਾਏ ਜਾਣ ਦੇ ਰੋਸ ਵਜੋਂ ਬੁੱਧਵਾਰ ਨੂੰ ਪਾਣੀ ਵਾਲੀ ਟੈਂਕੀ ਤੇ ਸੁਰੂ ਕੀਤਾ ਸੰਘਰਸ਼ ਵੀਰਵਾਰ ਨੂੰ ਜਾਰੀ ਰਿਹਾ। ਵੀਰਵਾਰ ਨੂੰ ਅੱਤ ਦੀ ਗਰਮੀ ਤੇ ਹੁੰਮਸ ’ਚ ਵੀ ਔਰਤਾਂ ਆਪਣੇ ਹੱਕ ਲੈਣ ਲਈ ਪਾਣੀ ਵਾਲੀ ਟੈਂਕੀ ਤੇ ਡਟੀਆਂ ਰਹੀਆਂ। ਇਸ ਦੌਰਾਨ ਇੱਕ ਬਜੁਰਗ ਔਰਤ ਜਸਵੀਰ ਕੌਰ ਪਤਨੀ ਵਜੀਰ ਸਿੰਘ ਗਰਮੀ ਕਾਰਨ ਪਾਣੀ ਵਾਲੀ ਟੈਂਕੀ ਤੇ ਬੇਹੋਸ ਗਈ। ਜਿਸ ਨੂੰ ਲੋਕਾਂ ਵੱਲੋਂ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰ ਕੇ ਐਬੂਲੈਸ ਰਾਹੀ ਮੁੱਢਲੀ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਇਸ ਮੌਕੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਗ੍ਰਾਮ ਪੰਚਾਇਤ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਈ ਲਾਲੋ ਮੰਚ ਪੰਜਾਬ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਸਟੇਜ਼ਾ ਦੇ ਮਰਹੂਮ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤ ‘ ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ ’ ਗਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਅੰਦਰ ਉਦਾਸੀ ਦੇ ਵਾਰਸਾਂ ਨੂੰ ਆਪਣੇ ਹੱਕਾਂ ਲਈ ਪਾਣੀ ਵਾਲੀਆਂ ਟੈਂਕੀਆਂ ਤੇ ਚੜਣਾ ਪੈ ਰਿਹਾ ਹੈ। ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਗਰੀਬ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ।
ਉਨ੍ਹਾਂ ਕਿਹਾ ਕਿ ਮਜ਼ਦੂਰ ਔਰਤਾਂ ਬੀਤੇ ਕੱਲ ਤੋਂ ਪਾਣੀ ਵਾਲੀ ਟੈਂਕੀ ਤੇ ਬੈਠੀਆਂ ਹਨ,ਪਰ ਕਿਸੇ ਵੀ ਪ੍ਰਸਾਨਿਕ ਅਧਿਕਾਰੀ ਨੇ ਉਨ੍ਹਾਂ ਦੇ ਮਸ਼ਲੇ ਨੂੰ ਹੱਲ ਕਰਨ ਲਈ ਗੰਭੀਰਤਾਂ ਨਹੀਂ ਦਿਖਾਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ,ਗੁਰਜੰਟ ਸਿੰਘ ਖਾਲਸਾ, ,ਮੰਦਰ ਸਿੰਘ,ਕੁਲਵਿੰਦਰ ਕੌਰ,ਜਸਵੀਰ ਕੌਰ,ਅਮਨਦੀਪ ਕੌਰ,ਪਰਮਿੰਦਰ ਕੌਰ,ਸਮਨਦੀਪ ਕੌਰ ਨੇ ਕਿਹਾ ਕਿ ਪਿੰਡ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਰੂੜੀਆਂ ਤੇ ਵਾੜਿਆਂ ਵਾਲੀ ਥਾਂ ਪਾਰਕ ਬਣਾਉਣ ਦੇ ਨਾਮ ਹੇਠ ਖੋਹੀ ਜਾ ਰਹੀ ਹੈ ਜਦਕਿ ਪਿੰਡ ਪਹਿਲਾਂ ਹੀ ਉਦਾਸੀ ਦੀ ਯਾਦ ’ਚ ਪਾਰਕ ਤੇ ਗਰਾਉਂਡ ਬਣੇ ਹੋਏ ਹਨ। ਜਦਕਿ ਦਲਿਤ ਭਾਈਚਾਰੇ ਕੋਲ ਪਿੰਡ ਅੰਦਰ ਰੂੜੀਆਂ ਤੇ ਵਾੜੇ ਲਾਉਣ ਲਈ ਹੋਰ ਥਾਂ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਮੈਦਾਨ ਨਹੀਂ ਛੱਡਣਗੇ। ਜੇਕਰ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੇ ਇਸ ਮਸ਼ਲੇ ਦਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।