- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਬਣਨ ਨਾਲ਼ ਬਰਨਾਲੇ ਦੇ ਭਾਗ ਖੁੱਲ੍ਹੇ, ਵਿਕਾਸ ਦੇ ਲੱਗਣਗੇ ਅੰਬਾਰ: ਮੀਤ ਹੇਅਰ

- ਕੇਂਦਰ ਤੇ ਪੰਜਾਬ ਸਰਕਾਰ ਤੋਂ ਆਊ ਗੱਫਾ, ਫੰਡਾਂ ਦੀ ਨਹੀਂ ਰਹਿਣੀ ਕੋਈ ਤੋਟ
- ਸ਼ਹਿਰੀਆਂ ਨੂੰ ਮਿਲਣਗੀਆਂ ਵਲੈਤ ਵਰਗੀਆਂ ਸਹੂਲਤਾਂ
- ਮੇਰਾ ਬਰਨਾਲਾ, ਮੇਰਾ ਮਾਣ ਮੀਤ ਹੇਅਰ ਦਾ ਜਜ਼ਬਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਆਪਣੇ ਬਰਨਾਲੇ ਨੂੰ ਹੁਣ ਮਹਾਂਨਗਰਾਂ ਵਰਗੀਆਂ ਸਹੂਲਤਾਂ ਮਿਲਣ ਜਾ ਰਹੀਆਂ ਨੇ, ਕਿਉਂਕੇ ਇਹ ਹੁਣ ਨਗਰ ਨਿਗਮ ਬਣ ਗਿਆ ਹੈ। ਇਹ ਸ਼ਬਦ ਬਰਨਾਲੇ ਦੇ ਜੰਮਪਲ਼ ਤੇ ਸਾਬਕਾ ਕੈਬਨਟ ਮੰਤਰੀ ਪੰਜਾਬ ਸਰਕਾਰ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ 'ਪੰਜਾਬੀ ਜਾਗਰਣ' ਦੇ ਬਰਨਾਲਾ ਦਫ਼ਤਰ ਵਿਖੇ ਉਚੇਚੇ ਤੌਰ 'ਤੇ ਗੇੜਾ ਮਾਰਦਿਆਂ ਇੱਕ ਖੁੱਲ੍ਹਦਿਲੀ ਮੁਲਾਕਾਤ ਦੌਰਾਨ ਸਾਂਝੇ ਕੀਤੇ। ਗੱਲਬਾਤ ਕਰਦਿਆਂ ਮੀਤ ਹੇਅਰ ਨੇ ਬੜੇ ਦਾਅਵੇ ਨਾਲ਼ ਆਖਿਆ, ਬਈ ਜਿਸ ਦਿਨ ਦਾ ਬਰਨਾਲਾ ਨਗਰ ਨਿਗਮ ਬਣਿਆ, ਸਮਝੋ ਆਪਣੇ ਸ਼ਹਿਰ ਦੀ ਕਿਸਮਤ ਦੇ ਕਵਾੜ ਖੁੱਲ੍ਹ ਗਏ। ,,ਹੁਣ ਬਰਨਾਲਾ ਤਰੱਕੀ ਦੀਆਂ ਲੀਹਾਂ 'ਤੇ ਇਉਂ ਦੌੜੂ ਜਿਵੇਂ ਘੋੜਾ ਦੌੜਦਾ ਹੁੰਦਾ।
- ਕੇਂਦਰ ਤੇ ਪੰਜਾਬ ਸਰਕਾਰ ਤੋਂ ਆਊ ਗੱਫਾ, ਫੰਡਾਂ ਦੀ ਨਹੀਂ ਰਹਿਣੀ ਕੋਈ ਤੋਟ
ਮੀਤ ਹੇਅਰ ਨੇ ਮਲਵਈ ਅੰਦਾਜ਼ ਵਿੱਚ ਖੁੱਲ੍ਹ ਕੇ ਦੱਸਿਆ ਕਿ ਜਦੋਂ ਕੋਈ ਸ਼ਹਿਰ ਨਗਰ ਕੌਂਸਲ ਤੋਂ ਅੱਪਗ੍ਰੇਡ ਹੋ ਕੇ ਨਗਰ ਨਿਗਮ ਬਣ ਜਾਂਦਾ ਹੈ, ਤਾਂ ਸਰਕਾਰੀ ਖ਼ਜ਼ਾਨੇ ਦੇ ਮੂੰਹ ਓਧਰ ਨੂੰ ਖੁੱਲ੍ਹ ਜਾਂਦੇ ਨੇ। ਕੇਂਦਰ ਸਰਕਾਰ ਤੋਂ ਸਿੱਧੀ ਗ੍ਰਾਂਟ ਮਿਲਣ ਲੱਗ ਜਾਂਦੀ ਹੈ। ਹੁਣ ਤੱਕ ਦਿੱਲੀਓਂ ਆਉਣ ਵਾਲ਼ਾ ਬਹੁਤਾ ਫੰਡ ਵਾਇਆ-ਵਾਇਆ ਹੋ ਕੇ ਆਉਂਦਾ ਸੀ, ਪਰ ਨਿਗਮ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਡੇ ਪ੍ਰੋਜੈਕਟਾਂ ਤੇ ਸ਼ਹਿਰੀ ਵਿਕਾਸ ਦੇ ਕਰੋੜਾਂ ਰੁਪਏ ਸਿੱਧੇ ਬਰਨਾਲੇ ਦੇ ਖਾਤੇ 'ਚ ਆਉਣਗੇ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਹੋਣਗੇ। ਮੀਤ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਪਹਿਲਾਂ ਹੀ ਬਰਨਾਲੇ ਲਈ ਬਾਹਾਂ ਖੋਲ੍ਹੀ ਬੈਠੀ ਹੈ। ਨਿਗਮ ਬਣਦੇ ਸਾਰ ਹੀ ਸੂਬਾ ਸਰਕਾਰ ਵੱਲੋਂ ਵੀ ਕਰੋੜਾਂ ਰੁਪਏ ਦੀਆਂ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਮੀਤ ਹੇਅਰ ਨੇ ਕਿਹਾ, ਲੋਕਾਂ ਨੂੰ ਲੱਗਦਾ ਹੋਣਾ ਬਈ ਪਤਾ ਨਹੀਂ ਕੀ ਫ਼ਰਕ ਪਊ, ਪਰ ਸੱਚੀ ਗੱਲ ਤਾਂ ਇਹ ਐ ਬਈ ਫੰਡਾਂ ਦੇ ਮਾਮਲੇ 'ਚ ਬਰਨਾਲੇ ਦੀ ਚਾਂਦੀ ਹੋਣ ਵਾਲ਼ੀ ਐ। ਪੈਸੇ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਣੀ।
- ਸ਼ਹਿਰੀਆਂ ਨੂੰ ਮਿਲਣਗੀਆਂ ਵਲੈਤ ਵਰਗੀਆਂ ਸਹੂਲਤਾਂ
ਜਦੋਂ ਐੱਮਪੀ ਸਾਹਿਬ ਨੂੰ ਪੁੱਛਿਆ ਕਿ ਇਹਦੇ ਨਾਲ ਆਮ ਬਰਨਾਲੇ ਵਾਲ਼ਿਆਂ ਨੂੰ ਕੀ ਫ਼ਾਇਦਾ ਹੋਊ, ਤਾਂ ਉਨ੍ਹਾਂ ਹੱਸ ਕੇ ਜਵਾਬ ਦਿੱਤਾ ਕਿ ਫ਼ਾਇਦੇ ਈ ਫ਼ਾਇਦੇ ਨੇ ਬਈ! ਹੁਣ ਨਿਗਮ ਬਣ ਗਿਆ ਤਾਂ ਸੜਕਾਂ, ਗਲੀਆਂ, ਸੀਵਰੇਜ ਤੇ ਸਫ਼ਾਈ ਦਾ ਸਿਸਟਮ ਏਦਾਂ ਦਾ ਚਮਕਾ ਦਿਆਂਗੇ ਕਿ ਲੋਕ ਦੇਖਦੇ ਰਹਿਣਗੇ। ਪੀਣ ਵਾਲ਼ੇ ਸਾਫ਼ ਪਾਣੀ ਦੀ ਕਿੱਲਤ ਸਦਾ ਲਈ ਮੁੱਕ ਜੂ। ਸ਼ਹਿਰ ਦੇ ਸੁੰਦਰੀਕਰਨ ਲਈ ਵੱਡੇ ਪਾਰਕ, ਸਟਰੀਟ ਲਾਈਟਾਂ ਤੇ ਆਧੁਨਿਕ ਬੱਸ ਸਟੈਂਡ ਵਰਗੇ ਪ੍ਰੋਜੈਕਟਾਂ 'ਤੇ ਕੰਮ ਚੱਲੂ। ਟ੍ਰੈਫ਼ਿਕ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਨਵੇਂ ਬਾਈਪਾਸ ਤੇ ਫਲਾਈਓਵਰਾਂ ਦੀ ਰੂਪ-ਰੇਖਾ ਉਲੀਕੀ ਜਾ ਰਹੀ ਐ। ਉਹਨਾਂ ਅੱਗੇ ਕਿਹਾ ਕਿ ਨਿਗਮ ਬਣਨ ਨਾਲ਼ ਨਵੇਂ ਪ੍ਰਸ਼ਾਸਨਿਕ ਅਹੁਦੇ ਆਉਣਗੇ, ਅਫ਼ਸਰਸ਼ਾਹੀ ਸਿੱਧੀ ਜਵਾਬਦੇਹ ਹੋਊਗੀ, ਜਿਸ ਨਾਲ਼ ਲੋਕਾਂ ਦੇ ਨਗਰ ਨਿਗਮ ਨਾਲ਼ ਸਬੰਧਿਤ ਕੰਮ-ਕਾਰ ਚੁਟਕੀਆਂ 'ਚ ਹੋਇਆ ਕਰਨਗੇ। ਭ੍ਰਿਸ਼ਟਾਚਾਰ ਨੂੰ ਜਮਾਂ ਨੱਥ ਪੈ ਜਾਊ।
-ਮੇਰਾ ਬਰਨਾਲਾ, ਮੇਰਾ ਮਾਣ ਮੀਤ ਹੇਅਰ ਦਾ ਜਜ਼ਬਾ
ਗੱਲਬਾਤ ਦੇ ਅਖੀਰ 'ਚ ਮੀਤ ਹੇਅਰ ਭਾਵੁਕ ਹੁੰਦੇ ਹੋਏ ਬੋਲੇ, ਮੈਂ ਐਮ.ਪੀ. ਬਾਅਦ 'ਚ ਆਂ, ਪਹਿਲਾਂ ਇਸੇ ਮਿੱਟੀ ਦਾ ਪੁੱਤ ਆਂ। ਬਰਨਾਲੇ ਦੇ ਲੋਕਾਂ ਨੇ ਮੈਨੂੰ ਬਹੁਤ ਮਾਣ-ਤਾਣ ਬਖਸ਼ਿਆ ਹੈ, ਹੁਣ ਮੇਰੀ ਵਾਰੀ ਐ ਹੱਕ ਮੋੜਨ ਦੀ। ਮੈਂ ਦਿਨ-ਰਾਤ ਇੱਕ ਕਰ ਦੂੰ, ਚਾਹੇ ਚੰਡੀਗੜ੍ਹੋਂ ਫੰਡ ਲਿਆਉਣੇ ਪੈਣ ਤੇ ਚਾਹੇ ਦਿੱਲੀਓਂ ਖੋਹ ਕੇ ਲਿਆਉਣੇ ਪੈਣ, ਬਰਨਾਲੇ ਨੂੰ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾ ਕੇ ਈ ਦਮ ਲਵਾਂਗੇ। ਇਸ ਮੌਕੇ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਐਮ.ਪੀ. ਮੀਤ ਹੇਅਰ ਦਾ ਦਫ਼ਤਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਇਲਾਕੇ ਦੇ ਵਿਕਾਸ ਲਈ ਵਿੱਢੇ ਇਸ ਵੱਡੇ ਹੰਭਲੇ ਦੀ ਸ਼ਲਾਘਾ ਕੀਤੀ ਗਈ। ਸ਼ਹਿਰੀਆਂ 'ਚ ਵੀ ਬਰਨਾਲਾ ਨਗਰ ਨਿਗਮ ਬਣਨ 'ਤੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਨੂੰ ਉਮੀਦ ਹੈ ਕਿ ਹੁਣ ਸੱਚਮੁੱਚ ਬਰਨਾਲੇ ਦੇ ਦਿਨ ਫਿਰਨ ਵਾਲ਼ੇ ਨੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਆਦਿ ਆਪ ਆਗੂ ਤੇ ਵਰਕਰ ਹਾਜ਼ਰ ਸਨ।