- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਟਿੰਗ ਦੌਰਾਨ ਅਚਾਨਕ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦੇ ਇੱਕ ਵੱਡੇ ਸਮੂਹ ਨੇ "ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ" ਅਤੇ "ਪੰਜਾਬ ਬਚਾਓ, ਚੰਨੀ ਲਿਆਓ" ਦੇ ਜ਼ੋਰਦਾਰ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸਮਰਥਕਾਂ ਦਾ ਸਪੱਸ਼ਟ ਮੰਨਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਬਹੁਤ ਜ਼ਰੂਰੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਬਰਨਾਲਾ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਪ੍ਰਧਾਨਗੀ ਹੇਠ ਇੱਕ ਨਿੱਜੀ ਪੈਲਸ ਵਿੱਚ ਹੋਈ ਕਾਂਗਰਸ ਦੀ ਅਹਿਮ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਲਗਾਤਾਰ ਦੂਜੇ ਦਿਨ ਪਾਰਟੀ ਦੇ ਜ਼ਿਲ੍ਹਾ ਪੱਧਰੀ ਇਕੱਠ ਦੌਰਾਨ ਅਜਿਹੀ ਸਿਆਸੀ ਨਾਅਰੇਬਾਜ਼ੀ ਦੇਖਣ ਨੂੰ ਮਿਲੀ ਹੈ, ਜਿਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਗਰਮਾ-ਗਰਮੀ ਵਧ ਗਈ ਹੈ।
.jpg)
ਸੰਗਠਨ ਮਜ਼ਬੂਤੀ ਲਈ ਪਹੁੰਚੇ ਸਨ ਕੇਂਦਰੀ ਤੇ ਸੂਬਾਈ ਆਗੂ
ਪੰਜਾਬ ਕਾਂਗਰਸ ਦੇ ਸੰਗਠਨ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਅਤੇ ਵਰਕਰਾਂ ਵਿੱਚ ਨਵਾਂ ਰੂਹ ਫੂਕਣ ਦੇ ਉਦੇਸ਼ ਨਾਲ ਚਲਾਏ ਜਾ ਰਹੀ ਸੰਪਰਕ ਮੁਹਿੰਮ ਤਹਿਤ ਸੂਬਾ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਰਨਾਲਾ ਵਿਖੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ।
ਮੀਟਿੰਗ ਵਿੱਚ ਗੂੰਜੇ ਚੰਨੀ ਦੇ ਪੱਖ 'ਚ ਨਾਅਰੇ
ਮੀਟਿੰਗ ਦੌਰਾਨ ਅਚਾਨਕ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦੇ ਇੱਕ ਵੱਡੇ ਸਮੂਹ ਨੇ "ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ" ਅਤੇ "ਪੰਜਾਬ ਬਚਾਓ, ਚੰਨੀ ਲਿਆਓ" ਦੇ ਜ਼ੋਰਦਾਰ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸਮਰਥਕਾਂ ਦਾ ਸਪੱਸ਼ਟ ਮੰਨਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਬਹੁਤ ਜ਼ਰੂਰੀ ਹੈ। ਮਹੱਤਵਪੂਰਨ ਗੱਲ ਇਹ ਰਹੀ ਕਿ ਚਰਨਜੀਤ ਸਿੰਘ ਚੰਨੀ ਖ਼ੁਦ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਇਸ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੱਧਰੀ ਇਕੱਠ ਵਿੱਚ ਸ਼ਾਮਲ ਹੋਏ ਅਤੇ ਸੂਬਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਖੁੱਲ੍ਹ ਕੇ ਆਪਣਾ ਸਮਰਥਨ ਪ੍ਰਗਟਾਇਆ।
ਰਾਜਾ ਵੜਿੰਗ ਨੇ ਦਿੱਤੀ ਅਨੁਸ਼ਾਸਨ ਬਣਾਏ ਰੱਖਣ ਤੇ ਕਾਲਾ ਢਿੱਲੋ ਤੇ ਵੀ ਕਸਿਆ ਤਨਜ਼
ਮੀਟਿੰਗ ਦੌਰਾਨ ਹੋਈ ਇਸ ਨਾਅਰੇਬਾਜ਼ੀ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਨੂੰ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਹੋਣ ਦੇ ਨਾਤੇ ਹਰੇਕ ਵਰਕਰ ਨੂੰ ਆਪਣੀ ਭਾਵਨਾ ਪ੍ਰਗਟਾਉਣ ਦਾ ਪੂਰਾ ਹੱਕ ਹੈ, ਪਰ ਪਾਰਟੀ ਦਾ ਜਥੇਬੰਦਕ ਅਨੁਸ਼ਾਸਨ ਸਭ ਤੋਂ ਉੱਪਰ ਹੈ ਅਤੇ ਇਸ ਨੂੰ ਕਾਇਮ ਰੱਖਣਾ ਹਰ ਆਗੂ ਤੇ ਵਰਕਰ ਦੀ ਜ਼ਿੰਮੇਵਾਰੀ ਹੈ। ਇਸ ਸਮਾਗਮ ਚ ਮੰਚ ਤੋਂ ਬੋਲਦਿਆਂ ਰਾਜਾ ਵੜਿੰਗ ਨੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਹੱਕ ਚ ਕੀਤੇ ਹਰ ਹੀਲੇ ਵਸੀਲੇ ਦਾ ਜਿੱਥੇ ਮੰਚ ਤੋਂ ਜ਼ਿਕਰ ਕੀਤਾ ਉੱਥੇ ਹੀ ਪਿਛਲੇ ਦਿਨੀ ਉਨ੍ਹਾਂ ਦੀ ਚਰਨਜੀਤ ਚੰਨੀ ਦੇ ਧੜੇ ਨਾਲ ਖੜਨ ਜਾਂ ਉਹਨਾਂ ਦੇ ਘਰ ਮੀਟਿੰਗ ਕਰਨ ਦੀ ਗੱਲ ਵੀ ਰਾਜਾ ਵੜਿੰਗ ਨੂੰ ਕਾਫੀ ਰੜਕੀ ਜਿਸ ਦਾ ਦਰਦ ਉਹਨਾਂ ਨੇ ਵਾਰ - ਵਾਰ ਮੰਚ ਤੋਂ ਕਹਾਵਤਾਂ ਸੁਣਦਿਆਂ ਕਾਲਾ ਢਿੱਲੋ ਹੁਣ ਸਿਆਸਤ ਦਾ ਬਾਬਾ ਬੋਹੜ ਬਣ ਗਿਆ ਹੈ ਅਤੇ ਉਹ ਸਿਆਸੀ ਦਾ ਪੇਜ ਸਿੱਖ ਗਿਆ ਹੈ, ਕਹਿ ਕੇ ਜਾਹਿਰ ਕੀਤਾ।
--ਭੁਪੇਸ਼ ਬਘੇਲ ਦੇ ਭਾਸ਼ਣ ਨੂੰ ਕਿਸੇ ਨਹੀਂ ਦਿੱਤੀ ਤਵੱਜੋ
ਪੈਲਸ ਦੇ ਮੰਚ ਤੋਂ ਕਾਂਗਰਸੀ ਆਗੂ ਤੇ ਵਰਕਰਾਂ ਦੀ ਹਾਜ਼ਰੀ 'ਚ ਜਦ ਪੰਜਾਬ ਕਾਂਗਰਸ ਇੰਚਾਰਜ ਅਤੇ ਛਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਬੋਲਣ ਲਈ ਖੜੇ ਹੋਏ ਤਾਂ ਹਾਲ 'ਚ ਕਾਂਗਰਸੀ ਆਗੂ ਤੇ ਵਰਕਰ ਵੀ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਕੇ ਉੱਚੀ - ਉੱਚੀ, ਗੱਲੀ- ਬਾਤੀ ਰੌਲਾ ਪਾਉਣ ਲੱਗੇ। ਭੁਪੇਸ਼ ਬਘੇਲ ਦੇ ਭਾਸ਼ਣ ਨੂੰ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ ਨੇ ਤਵੱਜੋ ਨਹੀਂ ਦਿੱਤੀ ਨਾ ਹੀ ਉਹਨਾਂ ਦੇ ਭਾਸ਼ਣ ਨੂੰ ਕਿਸੇ ਨੇ ਬੈਠ ਕੇ ਸੁਣਿਆ।
--ਚੰਨੀ ਦੇ ਸਮਰਥਕ ਤੇ ਉਨ੍ਹਾਂ ਦੀ ਕਵਰੇਜ ਕਰਨ ਵਾਲੇ ਮੀਡੀਏ ਤੇ ਰਾਜਾ ਵੜਿੰਗ ਦੀ ਸਖ਼ਤੀ
ਕਾਂਗਰਸ ਦੇ ਇਹਨਾਂ ਕੇਂਦਰੀ ਅਤੇ ਸੂਬਾਈ ਆਗੂਆਂ ਨਾਲ ਸਿਵਲ ਵਰਦੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ। ਜਿਨਾਂ ਨੇ ਚੰਨੀ ਦੇ ਹੱਕ 'ਚ ਨਾਅਰੇ ਲਾਉਣ ਵਾਲੇ ਅਤੇ ਉਹਨਾਂ ਦੀ ਕਵਰੇਜ ਕਰਨ ਵਾਲੇ ਮੀਡੀਏ ਨੂੰ ਵੀ ਪੈਲਸ ਚੋਂ ਬਾਹਰ ਕੱਢਣ ਦੇ ਲਗਾਤਾਰ ਯਤਨ ਜਾਰੀ ਰੱਖੇ। ਜਦੋਂ ਇਸ ਸਬੰਧੀ ਪੰਜਾਬੀ ਜਾਗਰਣ ਦੀ ਟੀਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਮੀਡੀਆ ਨਾਲ ਇਦਾਂ ਉਹਨਾਂ ਨੂੰ ਵਿਵਹਾਰ ਨਹੀਂ ਕਰਨਾ ਚਾਹੀਦਾ ਤਾਂ ਰਾਜਾ ਵੜਿੰਗ ਨੇ ਖੁਦ ਕਿਹਾ ਕਿ ਮੀਡੀਆ ਇਸ ਸਮਾਗਮ ਵਿੱਚ ਅਲਾਊਡ ਨਹੀਂ ਸੀ। ਜਦੋਂ ਉਨਾਂ ਨੂੰ ਵਿਧਾਇਕ ਕਾਲਾ ਢਿੱਲੋ ਦੀ ਟੀਮ ਵੱਲੋਂ ਭੇਜੇ ਗਏ ਸੱਦਾ ਪੱਤਰ ਮੋਬਾਈਲ ਰਾਹੀਂ ਦਿਖਾਏ ਗਏ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਪਟਿਆਲਾ ਤੇ ਸੰਗਰੂਰ ਤੋਂ ਬਾਅਦ ਬਰਨਾਲਾ 'ਚ ਵੀ ਉਹੀ ਦ੍ਰਿਸ਼
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਅਤੇ ਸੰਗਰੂਰ ਵਿਖੇ ਹੋਈਆਂ ਕਾਂਗਰਸ ਦੀਆਂ ਮੀਟਿੰਗਾਂ ਦੌਰਾਨ ਵੀ ਅਜਿਹੇ ਹੀ ਦ੍ਰਿਸ਼ ਦੇਖਣ ਨੂੰ ਮਿਲੇ ਸਨ, ਜਿੱਥੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਦੇ ਸਾਹਮਣੇ ਚੰਨੀ ਸਮਰਥਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ।
ਲਗਾਤਾਰ ਤਿੰਨ ਜ਼ਿਲ੍ਹਿਆਂ ਦੀਆਂ ਪਾਰਟੀ ਮੀਟਿੰਗਾਂ ਵਿੱਚ ਇੱਕੋ ਜਿਹੀ ਨਾਅਰੇਬਾਜ਼ੀ ਹੋਣ ਨਾਲ ਪੰਜਾਬ ਕਾਂਗਰਸ ਦੇ ਅੰਦਰੂਨੀ ਮਤਭੇਦ ਅਤੇ ਧੜੇਬੰਦੀ ਇੱਕ ਵਾਰ ਫਿਰ ਜਨਤਕ ਹੋ ਗਈ ਹੈ। ਜਿੱਥੇ ਹਾਈਕਮਾਂਡ ਦੇ ਆਦੇਸ਼ਾਂ 'ਤੇ ਲੀਡਰਸ਼ਿਪ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਜੁਟੀ ਹੋਈ ਹੈ, ਉੱਥੇ ਵਾਰ-ਵਾਰ ਹੋ ਰਹੀ ਇਹ ਨਾਅਰੇਬਾਜ਼ੀ ਪਾਰਟੀ ਲਈ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ।