ਪਿੰਡ ਕਾਹਨੇਕੇ 'ਚ ਨਹਿਰੀ ਖਾਲ ਨੂੰ ਲੈ ਕੇ ਹੰਗਾਮਾ, ਆਹਮੋ-ਸਾਹਮਣੇ ਹੋਈਆਂ ਦੋ ਧਿਰਾਂ, ਕਿਸਾਨਾਂ ਵੱਲੋਂ ਤਿੱਖਾ ਵਿਰੋਧ
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਹਾਨੇਕੇ ਵਿਖੇ ਖੇਤ ’ਚ ਨਹਿਰੀ ਖਾਲ ਬਣਾਉਣ ਨੂੰ ਲੈਕੇ ਦੋ ਧਿਰਾਂ ਆਹਮੋ-ਸਾਹਮਣੇ ਦਿਖਾਈ ਦਿੱਤੀਆਂ। ਜਿੱਥੇ ਦੋਵੇਂ ਧਿਰਾਂ ਵੱਲੋਂ ਖਾਲ ਨਾ ਬਣਾਉਣ ਅਤੇ ਖਾਲ ਬਣਾਉਣ ਨੂੰ ਲੈ ਕੇ ਅੜੇ ਹੋਏ ਸਨ, ਜਿੱਥੇ ਮੌਕੇ ’ਤੇ ਦੋਵੇਂ ਧਿਰਾਂ ਦੇ ਕਿਸਾਨ ਇਕੱਠੇ ਹੋਏ, ਉੱਥੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਭੁਪਿੰਦਰ ਦੇਵ, ਨਹਿਰੀ ਪਟਵਾਰੀ ਸਮੇਤ ਐੱਸ.ਐੱਚ.ਓ. ਰੂੜੇਕੇ ਕਲਾਂ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ।
Publish Date: Thu, 18 Jun 2026 03:43 PM (IST)
Updated Date: Thu, 18 Jun 2026 03:48 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਪਿੰਡ ਕਹਾਨੇਕੇ ਵਿਖੇ ਖੇਤ ’ਚ ਨਹਿਰੀ ਖਾਲ ਬਣਾਉਣ ਨੂੰ ਲੈਕੇ ਦੋ ਧਿਰਾਂ ਆਹਮੋ-ਸਾਹਮਣੇ ਦਿਖਾਈ ਦਿੱਤੀਆਂ। ਜਿੱਥੇ ਦੋਵੇਂ ਧਿਰਾਂ ਵੱਲੋਂ ਖਾਲ ਨਾ ਬਣਾਉਣ ਅਤੇ ਖਾਲ ਬਣਾਉਣ ਨੂੰ ਲੈ ਕੇ ਅੜੇ ਹੋਏ ਸਨ, ਜਿੱਥੇ ਮੌਕੇ ’ਤੇ ਦੋਵੇਂ ਧਿਰਾਂ ਦੇ ਕਿਸਾਨ ਇਕੱਠੇ ਹੋਏ, ਉੱਥੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਭੁਪਿੰਦਰ ਦੇਵ, ਨਹਿਰੀ ਪਟਵਾਰੀ ਸਮੇਤ ਐੱਸ.ਐੱਚ.ਓ. ਰੂੜੇਕੇ ਕਲਾਂ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ।
ਇਸ ਮੌਕੇ ਕਿਸਾਨ ਹਰਦੀਪ ਸਿੰਘ ਅਤੇ ਕਿਸਾਨ ਬਲਵੀਰ ਸਿੰਘ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਦੂਜੀ ਧਿਰ ਨਾਲ ਮਿਲ ਕੇ ਧੱਕੇਸ਼ਾਹੀ ਨਾਲ ਉਨ੍ਹਾਂ ਦੇ ਖੇਤ ’ਚ ਬਿਜਾਈ ਕੀਤੀ ਗਈ ਫਸਲ ਨੂੰ ਉਜਾੜ ਕੇ ਨਹਿਰੀ ਖਾਲ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਮਾਨਯੋਗ ਹਾਈਕੋਰਟ ’ਚ ਵੀ ਇਸ ਸਬੰਧੀ ਅਪੀਲ ਦਾਖਲ ਕੀਤੀ ਸੀ।
ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦੇ ਪੜਦਾਦੇ ਤੱਕ ਇਹ ਖਾਲ ਨਹੀਂ ਸੀ। ਉਨ੍ਹਾਂ ਦੇ 16 ਏਕੜ ਰਕਬੇ ’ਚੋਂ 4 ਏਕੜ ਦੀ ਬਾਹੀ ’ਚ ਇਹ ਖਾਲ ਧੱਕੇ ਨਾਲ ਪਾਇਆ ਜਾ ਰਿਹਾ ਹੈ। ਉੱਥੇ ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ 50 ਸਾਲ ਤੱਕ ਕੋਈ ਖਾਲ ਨਹੀਂ ਸੀ ਪਰ ਧੱਕੇ ਨਾਲ ਨਹਿਰੀ ਖਾਲ ਪਾਇਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਵੀ ਨਕਸ਼ਾ ਨਹੀਂ ਦਿੱਤਾ। ਉਨ੍ਹਾਂ ਮਿਲੀਭੁਗਤ ਦੇ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜੇਕਰ ਕੋਈ ਵੀ ਨਹਿਰੀ ਪਾਣੀ ਕਿਸਾਨਾਂ ਨੂੰ ਅੱਗੇ ਭੇਜਣਾ ਚਾਹੁੰਦੇ ਹਨ, ਉਹ ਖੇਤ ’ਚੋਂ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਦਾ ਸਹਿਯੋਗ ਕਰਨਗੇ।
ਸਰਕਾਰ ਦੀ ਅੰਡਰਗਰਾਊਂਡ ਨਹਿਰੀ ਸਪਲਾਈ ਲਈ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਪਰ ਧੱਕੇ ਨਾਲ ਅੱਜ ਖੇਤ ’ਚ ਖੜੀ ਫਸਲ ਨੂੰ ਉਜਾੜ ਕੇ ਖਾਲ ਜਮੀਨ ਦੇ ਉੱਪਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਨ। ਉਨ੍ਹਾਂ ਦੀ ਜ਼ਮੀਨ ’ਚੋਂ ਖਾਲ ਲੰਘਾ ਕੇ ਉਨ੍ਹਾਂ ਦੀ ਜ਼ਮੀਨ ਦੇ ਟੁਕੜੇ ਕਰ ਦਿੱਤੇ। ਸਾਹਮਣੇ ਖੇਤ ਨਾਲ ਲੱਗਦੀ ਲਿੰਕ ਸੜਕ 2012 ਤੋਂ ਬਣੀ ਹੈ, ਜਿੱਥੇ ਕੋਈ ਵੀ ਅੰਡਰਗਰਾਉਂਡ ਨਹਿਰੀ ਪੁਲੀ ਨਹੀਂ।
ਇਸ ਮਾਮਲੇ ਨੂੰ ਲੈਕੇ ਦੂਜੀ ਧਿਰ ਦੇ ਕਿਸਾਨ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ 1976 ਦੇ ਰਿਕਾਰਡ ਤੋਂ ਬਾਅਦ ਨਹਿਰੀ ਪਾਣੀ ਦਾ ਹੱਕ ਉਨ੍ਹਾਂ ਦੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸੀ। 30-35 ਸਾਲ ਪਹਿਲਾਂ ਇਹ ਖਾਲ ਦੂਜੀ ਧਿਰ ਵੱਲੋਂ ਵਾਹ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਐੱਸ.ਡੀ.ਐੱਮ. ਅਤੇ ਐਕਸ਼ਨ ਕੋਲ ਅਪੀਲ ਕੀਤੀ ਸੀ।
ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਹੁਕਮਾਂ ਅਧੀਨ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਂਤਮਈ ਤਰੀਕੇ ਨਾਲ ਇਹ ਖਾਲ ਪਾਇਆ ਗਿਆ ਹੈ ਜਿਸ ਨਾਲ 10 ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਆਪਣੇ ’ਤੇ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਕਾਨੂੰਨ ਅਨੁਸਾਰ ਸਾਰਾ ਪ੍ਰਸ਼ਾਸਨ ਦੀ ਹਾਜ਼ਰੀ ਬਿਨਾਂ ਕਿਸੇ ਲੜਾਈ-ਝਗੜੇ ਸ਼ਾਂਤਮਈ ਤਰੀਕੇ ਨਾਲ ਹੋਇਆ ਹੈ।
ਇਸ ਮੌਕੇ ਨਹਿਰੀ ਵਿਭਾਗ ਦੇ ਧਨੌਲਾ ਜ਼ਿਲ੍ਹੇਦਾਰ ਭਾਵਿੰਦਰ ਦੇਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਮੰਡਲ ਨਹਿਰ ਅਫਸਰ ਸੰਗਰੂਰ ਅਤੇ ਐੱਸ.ਡੀ.ਓ. ਸਾਹਿਬ ਹਰੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿੰਡ ਕਾਹਨੇਕੇ ਵਿਖੇ ਮੋਘਾ ਬੁਰਜੀ 55180-ਐਲ ਰਜਵਾਹਾ ਧਨੌਲਾ ਦੇ ਫੈਸਲੇ ਅਨੁਸਾਰ 3.5 ਕਿਲੇ ਖਾਲ ਜ਼ਿਲੇਦਾਰ ਧਨੌਲਾ,ਹਲਕਾ ਪਟਵਾਰੀ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ ’ਚ ਬਹਾਲ ਕਰਵਾਇਆ।
ਫੈਸਲੇ ਦੇ ਮੁਤਾਬਿਕ ਉਨ੍ਹਾਂ ਦੀ ਇਨ ਬਿਨ ਪਾਲਨਾ ਕਰਦੇ ਹੋਏ ਇਹ ਜੋ ਖਾਲ ਨੂੰ ਰੁਕਿਆ ਹੋਇਆ ਸੀ। ਓ.ਪੀ.ਕਿਓ ਤਿੰਨ ਪੁਆਇੰਟਾਂ ਨੂੰ ਲਾਗੂ ਕੀਤਾ ਗਿਆ ਹੈ। ਇਹ ਖਾਲ ਅਗਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਦਾ ਇਹ ਫੈਸਲਾ ਆਇਆ ਹੋਇਆ ਸੀ, ਜਿੱਥੇ ਪਹਿਲਾਂ ਹੀ ਕਿਸਾਨ ਨੂੰ ਪ੍ਰਬੰਧ ਕਰਨ ਦਾ ਕਿਹਾ ਗਿਆ ਸੀ ਪਰ ਵਾਰ-ਵਾਰ ਖੇਤ ’ਚ ਬਿਜਾਈ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਇਹ ਨਹਿਰੀ ਖਾਲ ਪਵਾਇਆ ਗਿਆ ਹੈ।
ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਕਾਨੂੰਨ ਅਨੁਸਾਰ ਇਹ ਖਾਲ ਪਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅੰਡਰਗਰਾਊਂਡ ਪਾਈਪ ਲਾਈਨ ਪਾਈ ਜਾਵੇਗੀ ਪਰ ਉਨ੍ਹਾਂ ਕੋਲ ਨਹਿਰੀ ਖਾਲ ਪਵਾਉਣ ਦਾ ਹੁਕਮ ਹੋਇਆ ਸੀ, ਉਹੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਕਮ ਤਹਿਤ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇੱਕ ਪਾਸੇ ਕਿਸਾਨ ਆਪਣੀ ਖੜੀ ਫਸਲ ’ਚ ਪੈ ਰਹੇ ਖਾਲ ਨੂੰ ਲੈ ਕੇ ਗੰਭੀਰ ਦੋਸ਼ ਲਾ ਰਹੇ ਹਨ ਪਰ ਦੂਜੇ ਪਾਸੇ ਕਿਸਾਨ ਆਪਣੇ ਖੇਤਾਂ ’ਚ ਪਾਣੀ ਪਹੁੰਚਣ ਨੂੰ ਲੈ ਕੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਜ਼ਰ ਆਏ, ਉੱਥੇ ਵੱਡੀ ਤਾਦਾਦ ’ਚ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਹੀ। ਇਸ ਮੌਕੇ ਕਿਸਾਨ ਹਰਦੀਪ ਸਿੰਘ, ਕਿਸਾਨ ਬਲਵੀਰ ਸਿੰਘ, ਕਿਸਾਨ ਖੁਸ਼ਵਿੰਦਰ ਸਿੰਘ (ਦੂਜੀ ਧਿਰ), ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਧਨੌਲਾ ਭਾਵਿੰਦਰ ਦੇਵ, ਨਹਿਰੀ ਪਟਵਾਰੀ, ਐੱਸ.ਐੱਚ.ਓ. ਬਲਵਿੰਦਰ ਸਿੰਘ ਰੂੜੇਕੇ ਕਲਾਂ ਸਮੇਤ ਪੁਲਿਸ ਪਾਰਟੀ ਮੌਜੂਦ ਰਹੀ।