- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ’ਚ ਟ੍ਰੈਫਿਕ ਵਿਵਸਥਾ ਦਾ ਮੰਦੜਾ ਹਾਲ, ਲੋਕ ਪ੍ਰੇਸ਼ਾਨ

ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ’ਚ ਨਾਜਾਇਜ਼ ਕਬਜ਼ਿਆਂ, ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਤੇ ਨਿਯਮਾਂ ਦੀ ਅਣਦੇਖੀ ਕਾਰਨ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ। ਐੱਸਡੀ ਕਾਲਜ ਓਵਰਬ੍ਰਿਜ, ਬੱਸ ਅੱਡਾ ਰੋਡ ਤੇ ਕੋਰਟ ਕੰਪਲੈਕਸ, ਜੋੜੇ ਪੈਟਰੋਲ ਪੰਪ, ਸਦਰ ਬਾਜ਼ਾਰ, ਫ਼ਰਵਾਹੀ ਬਾਜ਼ਾਰ ਤੇ ਹੰਡਿਆਇਆ ਬਾਜ਼ਾਰ ’ਚ ਰੋਜ਼ਾਨਾ ਜਾਮ ਲੱਗਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਸਮੱਸਿਆ ਦਾ ਹਾਲੇ ਤੱਕ ਕੋਈ ਪੁਖਤਾ ਤੇ ਪੱਕਾ ਹੱਲ ਨਹੀਂ ਹੋਇਆ ਹੈ, ਭਾਵੇਂ ਹੁਣ ਨਗਰ ਕੌਂਸਲ ਤੋਂ ਬਰਨਾਲਾ ਨਗਰ ਨਿਗਮ ’ਚ ਤਬਦੀਲ ਹੋ ਕੇ ਵੱਡੇ ਸ਼ਹਿਰਾਂ ’ਚ ਸ਼ਾਮਲ ਹੋ ਚੁੱਕਿਆ ਹੈ, ਪਰ ਲੋਕਾਂ ਮੁਤਾਬਿਕ ਪਰਨਾਲਾ ਉੱਥੇ ਦਾ ਉੱਥੇ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਕੁੱਝ ਆਸ ਵੀ ਬੱਝੀ ਹੈ ਕਿ ਸਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਦਾ ਸਾਇਦ ਜਲਦ ਹੀ ਕੋਈ ਸੁਧਾਰ ਹੋ ਜਾਵੇ।
ਟ੍ਰੈਫਿਕ ਦਾ ਕਾਰਨ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ
ਸ਼ਹਿਰ ਦੇ ਸਮੁੱਚੇ ਬਾਜ਼ਾਰ ਫ਼ਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ, ਕੇਸੀ ਰੋਡ, ਬੱਸ ਸਟੈਂਡ ਰੋਡ, ਜੋੜੇ ਪੈਟਰੋਲ ਪੰਪ, ਧਨੌਲਾ ਰੋਡ, ਸਦਰ ਬਾਜ਼ਾਰ ਆਦਿ ਥਾਵਾਂ ’ਤੇ ਤੋਂ ਇਲਾਵਾ ਤੰਗ ਗਲੀਆਂ ’ਚ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਨਾਜਾਇਜ਼ ਤੌਰ ’ਤੇ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਰਸਤਾ ਬੰਦ ਹੋ ਜਾਂਦਾ ਹੈ ਤੇ ਜਾਮ ਦੀ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਭਾਵੇਂ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਤੇ ਰਹੇੜੀ ਫੜੀ ਵਾਲਿਆਂ ਨੂੰ ਚਿਤਵਾਨੀ ਦਿੱਤੀ ਗਈ ਹੈ ਤੇ ਅਭਿਆਨ ਵੀ ਚਲਾਏ ਗਏ ਹਨ ਪਰ ਇਸ ਸਮੱਸਿਆ ਦਾ ਕੋਈ ਪੁਖਤਾ ਹੱਲ ਨਹੀਂ ਹੋਇਆ ਹੈ ਤੇ ਇਸ ਦਾ ਖਮਿਆਜ਼ਾ ਆਮ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਭੁਗਤਨਾ ਪੈਂਦਾ ਹੈ।
ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ
ਬਰਨਾਲਾ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਰਕਿੰਗ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਸ਼ਹਿਰ ਅੰਦਰ ਪਾਰਕਿੰਗ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕ ਆਪ ਮੁਹਾਰੇ ਆਪਣੇ ਵਾਹ ਗਲੀਆਂ, ਸੜਕਾਂ ਕਿਨਾਰੇ ਲਗਾ ਜਾਂਦੇ ਹਨ, ਜਿਸ ਕਾਰਨ ਕਈ ਵਾਰ ਵੱਡੇ ਜਾਮ ਦੀ ਸਮੱਸਿਆ ਬਣ ਜਾਂਦੀ ਹੈ। ਸਹੀ ਪਾਰਕਿੰਗ ਸਥਾਨਾਂ ਦੀ ਘਾਟ ਕਾਰਨ ਵਾਹਨ ਸੜਕਾਂ ’ਤੇ ਖੜ੍ਹੇ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਨਵੇ ਬਣੇ ਮੇਅਰ ਹਸਨਪ੍ਰੀਤ ਭਾਰਦਵਾਜ ਵੱਲੋਂ ਆਪਣਾ ਅਹੁਦਾ ਸੰਭਾਲਣ ਸਮੇਂ ਇਸ ਸਮੱਸਿਆ ਦੇ ਹੱਲ ਲਈ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਤੇ ਵਾਧੂ ਤੇ ਬੇਅਬਾਦ ਖਾਲੀ ਸਰਕਾਰੀ ਬਿਲਡਿੰਗਾਂ ਨੂੰ ਪਾਰਕਿੰਗ ’ਚ ਤਬਦੀਲ ਕਰਨ ਦੀ ਗੱਲ ਆਖੀ ਸੀ ਪਰ ਇਹ ਭਰੋਸ ਜਦੋ ਤੱਕ ਪੂਰਾ ਹੁੰਦਾ ਹੈ ਸਹਿਰ ਵਾਸੀ ਉਸ ਦੀ ਉਡੀਕ ਕਰ ਰਹੇ ਹਨ।
ਪੁਲਿਸ ਮੁਲਾਜ਼ਮਾਂ ਦੀ ਘਾਟ
ਸ਼ਹਿਰ ਦੇ ਮੁੱਖ ਚੌਕਾਂ ’ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਕਮੀ ਤੇ ਸਖ਼ਤੀ ਨਾ ਹੋਣ ਕਾਰਨ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਟ੍ਰੈਫਿਕ ਮੁਲਾਜ਼ਮਾਂ ਵੀ ਸਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਵਿਗਾੜ ਰਹੀ ਹੈ। ਭਾਵੇਂ ਟ੍ਰੈਫਿਕ ਇੰਚਾਰਜ਼ ਸ਼ੇਰਵਿੰਦਰ ਸਿਘ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ’ਚ ਸ਼ਾਮਲ ਸਿਰਫ਼ 11 ਮੁਲਾਜ਼ਮਾਂ ਵਲੋਂ ਸਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਉਪਰਾਲੇ ਕੀਤੇ ਜਾਦੇ ਹਨ ਪਰ ਮੁਲਾਜ਼ਾਂ ਦੀ ਘਾਟ ਤੇ ਸਖਤੀ ਵੱਡੀ ਸਮੱਸਿਆ ਬਣ ਰਹੀ ਹੈ।
ਨਗਰ ਨਿਗਮ ਬਣਨ ’ਤੇ ਸ਼ਹਿਰ ਵਾਸੀਆਂ ਨੂੰ ਸੁਧਾਰ ਹੋਣ ਦੀ ਆਸ
ਨਗਰ ਕੌਂਸਲ ਤੋਂ ਨਗਰ ਨਿਗਮ ’ਚ ਤਬਦੀਲ ਹੋਏ ਬਰਨਾਲਾ ਸ਼ਹਿਰ ਨੂੰ ਜਿੱਥੇ ਨਵਾਂ ਮੇਅਰ ਮਿਲ ਚੁੱਕਿਆ ਹੈ, ਉੱਥੇ ਹੀ ਹੁਣ ਬਰਨਾਲਾ ਵਾਸੀਆਂ ਨੂੰ ਆ ਰਹੀਆਂ ਵੱਡੀਆਂ ਸਮੱਸਿਆਵਾਂ ਦੇ ਹਲ ਲਈ ਕੁੱਝ ਆਸ ਬੱਝੀ ਹੈ। ਇਸ ਸਬੰਧੀ ਸਹਿਰ ਵਾਸੀ ਵਰੁਣ ਬੱਤਾ, ਵਿਨੋਦ ਕੁਮਾਰ, ਐੱਸਪੀ ਕੌਸ਼ਲ, ਕਪਿਲ ਅਰੋੜਾ, ਨੈਬ ਚੰਦ ਜਿੰਦਲ, ਤਜਿੰਦਰ ਜਿੰਦਲ ਆਦਿ ਨੇ ਨਗਰ ਨਿਗਮ ਬਰਨਾਲਾ ਦੇ ਨਵੇਂ ਅਧਿਕਾਰੀਆਂ ਤੋਂ ਸ਼ਹਿਰ ਦੀਆਂ ਪਾਰਕਿੰਗ ਤੇ ਟ੍ਰੈਫਿਕ ਸਮੱਸਿਆਵਾਂ ਦੇ ਹੱਲ ਲਈ ਉਮੀਦਾਂ ਜਤਾਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਟ੍ਰੈਫਿਕ ਇੱਕ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਸਦਰ ਬਾਜ਼ਾਰ ਦਾ ਕੰਮ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਹੌਲੀ ਹਫਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਹਨ ਉਸ ਨੂੰ ਵੀ ਜਲਦੀ ਪੂਰਾ ਕਰਵਾਇਆ ਜਾਵੇ। ਸ਼ਹਿਰ ਅੰਦਰ ਸਾਫ਼ ਸਫ਼ਾਈ ਤੇ ਹੋਰ ਅਧੂਰੇ ਕੰਮਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇ।