- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਰੱਖੀ ਗਈ 'ਲੋਕ ਮਿਲਣੀ' ਤੋਂ ਕੁਝ ਘੰਟੇ ਪਹਿਲਾਂ ਇਲਾਕੇ ਵਿੱਚ ਉਸ ਵੇਲੇ ਚਰਚਾ ਛਿੜ ਗਈ ਜਦੋਂ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਸਹਿਜੜਾ ਨੇੜੇ ਡਰੇਨ ਦੇ ਪੁਲ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਵਿਰੋਧੀ ਲੱਗੇ ਪੋਸਟਰ ਮਿਲੇ

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਰੱਖੀ ਗਈ 'ਲੋਕ ਮਿਲਣੀ' ਤੋਂ ਕੁਝ ਘੰਟੇ ਪਹਿਲਾਂ ਇਲਾਕੇ ਵਿੱਚ ਉਸ ਵੇਲੇ ਚਰਚਾ ਛਿੜ ਗਈ ਜਦੋਂ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਸਹਿਜੜਾ ਨੇੜੇ ਡਰੇਨ ਦੇ ਪੁਲ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਵਿਰੋਧੀ ਲੱਗੇ ਪੋਸਟਰ ਮਿਲੇ। ਇਨ੍ਹਾਂ ਪੋਸਟਰਾਂ ਵਿੱਚ ਅਕਾਲ ਤਖ਼ਤ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ "ਗੁਰੂ ਦੋਖੀ" ਅਤੇ "ਪੰਥ ਵਿਰੋਧੀ" ਲਿਖਿਆ ਗਿਆ ਸੀ।
ਸਵੇਰੇ-ਸਵੇਰੇ ਇਹ ਪੋਸਟਰ ਨਜ਼ਰ ਆਉਣ ਨਾਲ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ। ਸੂਤਰਾਂ ਅਨੁਸਾਰ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਪੋਸਟਰਾਂ ਦੇ ਲੱਗੇ ਹੋਣ ਦੀ ਜਾਣਕਾਰੀ ਮਿਲੀ, ਪੁਲਿਸ ਟੀਮਾਂ ਤੁਰੰਤ ਸਰਗਰਮ ਹੋ ਗਈਆਂ। ਪੁਲਿਸ ਵੱਲੋਂ ਸਹਿਜੜਾ ਡਰੇਨ ਪੁਲ ਸਮੇਤ ਹੋਰ ਥਾਵਾਂ 'ਤੇ ਪਹੁੰਚ ਕੇ ਪੋਸਟਰ ਉਤਾਰ ਦਿੱਤੇ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਜਾਂ ਤਣਾਅ ਨੂੰ ਟਾਲਿਆ ਜਾ ਸਕੇ। ਉੱਧਰ, ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਪੋਸਟਰਾਂ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਹੋਰ ਚੌਕਸੀ ਵਧਾ ਦਿੱਤੀ ਅਤੇ ਮਾਮਲੇ ਸਬੰਧੀ ਲੋੜੀਂਦੀ ਜਾਂਚ ਵੀ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਪੋਸਟਰ ਕਿਸ ਵੱਲੋਂ ਅਤੇ ਕਦੋਂ ਲਗਾਏ ਗਏ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।