ਰਾਜਿੰਦਰ ਗੁਪਤਾ ਨੇ ਦਿੱਲੀ 'ਚ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, 2027 ਦੀਆਂ ਚੋਣਾਂ ਨੂੰ ਲੈ ਕੇ ਹੋਈ ਚਰਚਾ
ਭਾਜਪਾ ਨੇ 2027 ਦੀਆਂ ਚੋਣਾਂ ਦਾ ਬਿਗਲ ਵਜਾਉਂਦਿਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਪਾਰਟੀ ਨੇ 23 ਨਵੰਬਰ ਨੂੰ ਸੂਬੇ ਦੇ ਸਾਰੇ 117 ਹਲਕਿਆਂ ਦੀ ਦੇਖ-ਰੇਖ ਲਈ 16 ਮੈਂਬਰਾਂ ਦੀ ਵੱਡੀ ਚੋਣ ਕਮੇਟੀ ਬਣਾਈ ਹੈ। ਇਸ ਤੋਂ ਇਲਾਵਾ ਲੋਕਾਂ ਦੀ ਰਾਇ ਲੈ ਕੇ ਪਾਰਟੀ ਦਾ 'ਸੰਕਲਪ ਪੱਤਰ' ਤਿਆਰ ਕਰਨ ਵਾਸਤੇ ਪੂਰੇ ਪੰਜਾਬ ਵਿੱਚ ਮੁਹਿੰਮ ਵਿੱਢੀ ਗਈ ਹੈ।
Publish Date: Tue, 24 Nov 2026 01:46 PM (IST)
Updated Date: Tue, 24 Nov 2026 01:48 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਮੋਢੀ ਰਾਜਿੰਦਰ ਗੁਪਤਾ ਨੇ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਚੇਚੀ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਪੰਜਾਬ ਦੀ ਤਰੱਕੀ, ਕਾਰੋਬਾਰ ਵਧਾਉਣ ਦੇ ਰਾਹਾਂ ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਵਿਉਂਤਬੰਦੀ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ। ਪੰਜਾਬ ਭਾਜਪਾ ਦੀ ਚੋਣ ਵਾਅਦਿਆਂ ਵਾਲੀ ਕਮੇਟੀ ਦੇ ਮੈਂਬਰ ਰਾਜਿੰਦਰ ਗੁਪਤਾ ਨੇ ਅਮਿਤ ਸ਼ਾਹ ਕੋਲ ਪੰਜਾਬ ਵਿੱਚ ਨਵੇਂ ਕਾਰਖਾਨੇ ਲਿਆਉਣ, ਪੂੰਜੀ ਲਾਉਣ ਨੂੰ ਹੱਲਾਸ਼ੇਰੀ ਦੇਣ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਦੀ ਗੱਲ ਰੱਖੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੀ ਭਲਾਈ ਲਈ ਹਮੇਸ਼ਾ ਤਿਆਰ ਹਨ ਅਤੇ ਭਾਜਪਾ ਦੇ 'ਮਿਸ਼ਨ ਪੰਜਾਬ' ਨੂੰ ਸਿਰੇ ਚਾੜ੍ਹਨ ਲਈ ਪੂਰਾ ਤਾਣ ਲਾਉਣਗੇ।
ਦੱਸਣਾ ਬਣਦਾ ਹੈ ਕਿ ਭਾਜਪਾ ਨੇ 2027 ਦੀਆਂ ਚੋਣਾਂ ਦਾ ਬਿਗਲ ਵਜਾਉਂਦਿਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਪਾਰਟੀ ਨੇ 23 ਨਵੰਬਰ ਨੂੰ ਸੂਬੇ ਦੇ ਸਾਰੇ 117 ਹਲਕਿਆਂ ਦੀ ਦੇਖ-ਰੇਖ ਲਈ 16 ਮੈਂਬਰਾਂ ਦੀ ਵੱਡੀ ਚੋਣ ਕਮੇਟੀ ਬਣਾਈ ਹੈ। ਇਸ ਤੋਂ ਇਲਾਵਾ ਲੋਕਾਂ ਦੀ ਰਾਇ ਲੈ ਕੇ ਪਾਰਟੀ ਦਾ 'ਸੰਕਲਪ ਪੱਤਰ' ਤਿਆਰ ਕਰਨ ਵਾਸਤੇ ਪੂਰੇ ਪੰਜਾਬ ਵਿੱਚ ਮੁਹਿੰਮ ਵਿੱਢੀ ਗਈ ਹੈ। ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਵਾਲੀ ਇਸ ਕਮੇਟੀ ਵਿੱਚ ਰਾਜਿੰਦਰ ਗੁਪਤਾ ਨੂੰ ਖਾਸ ਥਾਂ ਦਿੱਤੀ ਗਈ ਹੈ, ਜਦਕਿ ਦੂਜੇ ਪਾਸੇ ਸੁਨੀਲ ਜਾਖੜ ਦੀ ਅਗਵਾਈ ਹੇਠ ਵਿਰੋਧੀਆਂ ਦੀਆਂ ਕਮੀਆਂ ਗਿਣਾਉਣ ਲਈ ਵੱਖਰੀ ਕਮੇਟੀ ਬਣੀ ਹੈ।
ਮਾਲਵੇ ਦੇ ਬਰਨਾਲਾ-ਬਠਿੰਡਾ ਇਲਾਕੇ ਵਿੱਚ ਰਾਜਿੰਦਰ ਗੁਪਤਾ ਦਾ ਚੰਗਾ ਅਸਰ-ਰਸੂਖ ਹੈ। ਪੰਜਾਬ ਦੀ ਸੱਤਾ ਦੀ ਚਾਬੀ ਮਾਲਵੇ ਕੋਲ ਹੋਣ ਕਰਕੇ, ਪਾਰਟੀ ਅੰਦਰ ਉਨ੍ਹਾਂ ਦਾ ਕੱਦ ਲਗਾਤਾਰ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਆਪਣੇ ਦਮ 'ਤੇ ਅੱਗੇ ਵਧੇ ਉੱਦਮੀ ਰਾਜਿੰਦਰ ਗੁਪਤਾ ਨੇ 1985 ਵਿੱਚ 'ਅਭਿਸ਼ੇਕ ਇੰਡਸਟਰੀਜ਼' ਦੀ ਨੀਂਹ ਰੱਖੀ ਸੀ, ਜੋ ਅੱਜ 'ਟ੍ਰਾਈਡੈਂਟ ਗਰੁੱਪ' ਬਣ ਕੇ ਦੁਨੀਆ ਭਰ ਵਿੱਚ ਨਾਮ ਖੱਟ ਰਹੀ ਹੈ। ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਲੱਗੇ ਇਨ੍ਹਾਂ ਦੇ ਵੱਡੇ ਕਾਰਖਾਨਿਆਂ ਦਾ ਕੱਪੜਾ, ਕਾਗਜ਼ ਤੇ ਹੋਰ ਸਮਾਨ ਬਾਹਰਲੇ ਮੁਲਕਾਂ ਵਿੱਚ ਵੀ ਜਾਂਦਾ ਹੈ।