MP ਮੀਤ ਹੇਅਰ ਦੇ ਜੱਦੀ ਪਿੰਡ 'ਚ ਸਰਕਾਰ ਖਿਲਾਫ ਮੋਰਚਾ! ਪਾਣੀ ਨਾ ਮਿਲਣ 'ਤੇ ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਕੀਤੀ ਜ਼ਬਰਦਸਤ ਨਾਅਰੇਬਾਜ਼ੀ
ਪਿੰਡ ਕੁਰੜ ਵਿਖੇ ਨਵੇਂ ਪੱਕੇ ਕੀਤੇ ਗਏ ਰਜਵਾਹੇ ਦੇ ਮੋਘੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁੱਸੇ ’ਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਹੱਲ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਕਰਨੈਲ ਸਿੰਘ, ਹਰਚੰਦ ਸਿੰਘ ਧਾਲੀਵਾਲ, ਮੋਹਣ ਸਿੰਘ, ਨਛੱਤਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ, ਗੁਰਬਖ਼ਸ਼ ਸਿੰਘ, ਹਾਕਮ ਸਿੰਘ, ਮੇਘ ਸਿੰਘ, ਹਰਦੇਵ ਸਿੰਘ ਜਵੰਧਾ, ਲਖਵੀਰ ਸਿੰਘ, ਪਿਰਥੀ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਮੁਕੰਦ ਸਿੰਘ,
Publish Date: Tue, 16 Jun 2026 04:09 PM (IST)
Updated Date: Tue, 16 Jun 2026 04:12 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ - ਪਿੰਡ ਕੁਰੜ ਵਿਖੇ ਨਵੇਂ ਪੱਕੇ ਕੀਤੇ ਗਏ ਰਜਵਾਹੇ ਦੇ ਮੋਘੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁੱਸੇ ’ਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਹੱਲ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਕਰਨੈਲ ਸਿੰਘ, ਹਰਚੰਦ ਸਿੰਘ ਧਾਲੀਵਾਲ, ਮੋਹਣ ਸਿੰਘ, ਨਛੱਤਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ, ਗੁਰਬਖ਼ਸ਼ ਸਿੰਘ, ਹਾਕਮ ਸਿੰਘ, ਮੇਘ ਸਿੰਘ, ਹਰਦੇਵ ਸਿੰਘ ਜਵੰਧਾ, ਲਖਵੀਰ ਸਿੰਘ, ਪਿਰਥੀ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਮੁਕੰਦ ਸਿੰਘ, ਜਗਧਰਨ ਸਿੰਘ ਅਤੇ ਗੁਰਪਿਆਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਨਵਾਂ ਰਜਵਾਹਾ ਤਿਆਰ ਕੀਤਾ ਗਿਆ ਸੀ, ਪਰ ਇਸ ’ਚੋਂ ਨਿਕਲਦੇ ਮੋਘੇ ਦੀ ਬਣਤਰ ਅਜਿਹੀ ਹੈ ਕਿ ਪਾਣੀ ਲੋੜ ਅਨੁਸਾਰ ਨਹੀਂ ਆ ਰਿਹਾ।
ਇਸ ਕਾਰਨ ਮੋਘੇ ਨਾਲ ਜੁੜੇ ਲਗਭਗ ਸਾਢੇ 430 ਏਕੜ ਰਕਬੇ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੌਰਾਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਰਜਵਾਹੇ ਦੇ ਮੋਘੇ ਦੀ ਬਣਤਰ ਕਾਫ਼ੀ ਬਿਹਤਰ ਸੀ ਅਤੇ ਪਾਣੀ ਆਸਾਨੀ ਨਾਲ ਹਰ ਖੇਤ ਤੱਕ ਪਹੁੰਚ ਜਾਂਦਾ ਸੀ, ਜਦਕਿ ਨਵੇਂ ਰਜਵਾਹੇ ’ਚ ਸਿਰਫ਼ 4 ਇੰਚ ਦਾ ਪਾਈਪ ਲਗਾ ਕੇ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਰਕਬੇ ਲਈ ਇਹ ਪਾਈਪ ਨਾਕਾਫ਼ੀ ਹੈ ਅਤੇ ਪਿਛਲੇ 13 ਘੰਟਿਆਂ ਦੌਰਾਨ ਕੇਵਲ ਇੱਕ ਕਿੱਲੇ ਦੇ ਬਰਾਬਰ ਹੀ ਪਾਣੀ ਭਰਿਆ ਜਾ ਸਕਿਆ ਹੈ। ਪਾਈਪ ’ਚ ਝਾੜੀਆਂ ਅਤੇ ਕੂੜਾ ਫਸ ਜਾਣ ਕਾਰਨ ਪਾਣੀ ਦਾ ਵਹਾਅ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਮਜ਼ਦੂਰ ਪਹਿਲਾਂ ਹੀ ਖੇਤਾਂ ’ਚ ਪਹੁੰਚ ਚੁੱਕੇ ਹਨ, ਪਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਤੁਰੰਤ ਮੋਘੇ ਦੀ ਬਣਤਰ ’ਚ ਸੁਧਾਰ ਕਰਕੇ ਪੂਰਾ ਪਾਣੀ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ।
ਇਸ ਸਮੱਸਿਆਂ ਨੂੰ ਜਲਦੀ ਸਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਵਾਂਗੇ-ਹਮੀਦੀ
ਇਸ ਮੌਕੇ ਕਿਸਾਨਾਂ ਦਾ ਦੁੱਖ ਸੁਣਨ ਪੁੱਜੇ ਸ੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਮੋਘਾ ਨੰਬਰ 13,880 ਦੀ ਬਣਤਰ ਹੀ ਨੁਕਸਦੇਹ ਹੈ, ਜਿਸ ਕਾਰਨ ਸਾਢੇ 400 ਏਕੜ ਰਕਬੇ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਥ ਸਿੰਘ ਹਮੀਦੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦ ਹੀ ਸਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ। ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਨਹਿਰੀ ਵਿਭਾਗ ਦੀ ਹੋਵੇਗੀ।