- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਜਿਲ੍ਹੇ ’ਚ 1 ਲੱਖ 14 ਹਜ਼ਾਰ ਹੈਕਟੇਅਰ ਰਕਬੇ ’ਚ ਹੋ ਰਹੀ ਹੈ ਝੋਨੇ ਤੇ ਬਾਸਮਤੀ ਦੀ ਬਿਜਾਈ

- ਸਿੱਧੀ ਬਿਜਾਈ ਦਾ ਟੀਚਾ 20,000 ਏਕੜ, ਹਾਲੇ ਬੀਜੀ 6417 ਏਕੜ
- 6417.12 ਏਕੜ ’ਚ ਹੋਈ ਝੋਨੇ ਦੀ ਸਿੱਧੀ ਬਿਜਾਈ, 364 ਕਿਸਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ
- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇ ਰਹੀ ਹੈ 1500 ਰੁਪਏ ਏਕੜ
- ਸਮੇਂ ਤੋਂ ਪਹਿਲਾਂ ਹੋਏ ਬਿਜਾਈ ਦੇ ਐਲਾਨ ਨੇ ਸਿੱਧੀ ਬਿਜਾਈ ਨੂੰ ਪਾਈ ਠੱਲ : ਖੇਤੀਬਾੜੀ ਅਫ਼ਸਰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਡੂੰਘੇ ਹੋ ਰਹੇ ਪਾਣੀਆਂ ਦੇ ਮੱਦੇਨਜਰ ਝੋਨੇ ਦੀ ਸਿੱਧੀ ਬਿਜਾਈ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਨੂੰ ਜ਼ਮੀਨੀ ਤੌਰ ’ਤੇ ਅਮਲੀਜਾਮਾ ਪਹਿਨਾਉਣ ’ਚ ਵਿਭਾਗ ਹੀ ਪਿੱਛੇ ਨਹੀਂ ਰਹਿ ਰਿਹਾ, ਸਗੋਂ ਸਰਕਾਰਾਂ ਦੀ ਚਾਰਾਜੋਈ ਵੀ ਉਸ ਵੇਲੇ ਸ਼ੱਕ ਦੇ ਘੇਰੇ ’ਚ ਆ ਜਾਂਦੀ ਹੈ, ਜਦੋਂ ਜ਼ਿਲ੍ਹਾ ਬਰਨਾਲਾ ਦੇ ਵਿਭਾਗ ਨੂੰ ਸਰਕਾਰ ਵੱਲੋਂ 20 ਹਜ਼ਾਰ ਏਕੜ ’ਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਦਿੱਤਾ ਗਿਆ ਸੀ, ਪਰ ਵਿਭਾਗ ਵੱਲੋਂ ਫਿਲਹਾਲ ਸਿਰਫ 6417 ਏਕੜ ਤੇ 12 ਮਰਲਿਆਂ ’ਚ ਹੀ ਸਿੱਧੀ ਝੋਨੇ ਦੀ ਬਿਜਾਈ ਦੇ 364 ਕਿਸਾਨਾਂ ਵੱਲੋਂ ਹੀ ਆਨਲਾਈਨ ਫਾਰਮ ਪ੍ਰਾਪਤ ਹੋਏ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ 1 ਲੱਖ 14 ਹਜ਼ਾਰ ਹੈੱਕਟੇਅਰ ਦੇ ਕਰੀਬ ਰਕਬੇ ’ਚ ਝੋਨੇ ਤੇ ਬਾਸਮਤੀ ਦੀ ਬਿਜਾਈ ਹੋ ਰਹੀ ਹੈ। ਭਾਵੇਂ ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਕੁੱਝ ਕੁ ਜਾਗਰੂਕ ਕਿਸਾਨਾਂ ਵੱਲੋਂ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ ਬਾਕੀ ਦੇ ਕਿਸਾਨ ਪੁਰਾਣੇ ਤਰੀਕੇ ਨਾਲ ਹੀ ਝੋਨੇ ਦੀ ਬਿਜਾਈ ਕਰ ਰਹੇ ਹਨ।
- 6417.12 ਏਕੜ ’ਚ ਹੋਈ ਝੋਨੇ ਦੀ ਸਿੱਧੀ ਬਿਜਾਈ, 364 ਕਿਸਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ
ਜਾਣਕਾਰੀ ਅਨੁਸਾਰ ਬਰਨਾਲਾ ਜਿਲ੍ਹੇ ਅੰਦਰ ਹੁਣ ਤੱਕ 364 ਕਿਸਾਨਾਂ ਵਲੋਂ ਆਨਲਾਇਨ ਪੋਰਟਲ ’ਤੇ ਝੋਨੇ ਦੀ ਸਿੱਧੀ ਬਿਜਾਈ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਜਿਲ੍ਹੇ ਅੰਦਰ ਹੁਣ ਤੱਕ ਡੀਐਸਆਰ 6417.12 ਏਕੜ ਦੇ ਕਰੀਬ ਰਕਬੇ ’ਚ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਸਮੇਂ ਸਮੇਂ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਸੀਮਤ ਕਿਸਾਨਾਂ ਵਲੋਂ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ।
- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇ ਰਹੀ ਹੈ 1500 ਰੁਪਏ ਏਕੜ
ਦਿਨ ਪ੍ਰਤੀ ਦਿਨ ਨੀਵੇਂ ਹੋ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਿਹੇ ਹਨ, ਜਿਸਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪਹਿਲ ਦਿੱਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤੇ ਫ਼ਾਰਮਰ ਰਜਿਸਟਰੀ ਸਕੀਮ ਰਾਹੀ ਕਿਸਾਨਾਂ ਦੀਆਂ ਜ਼ਮੀਨਾਂ ਅਧਾਰ ਕਾਰਡ ਨਾਲ ਲਿੰਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਮੇਂ ਸਿਰ ਪ੍ਰਾਪਤ ਹੋ ਸਕਣ।
- ਡੀਐੱਸਆਰ ਪ੍ਰਣਾਲੀ ਤੇ ਰਵਾਇਤੀ ਢੰਗ ’ਚ ਫ਼ਰਕ
ਝੋਨੇ ਦੀ ਸਿੱਧੀ ਬਿਜਾਈ ਦੌਰਾਨ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੇ ਉਲਟ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ’ਚ ਬੀਜਿਆ ਜਾਂਦਾ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇੱਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ। ਜੇਕਰ ਗੱਲ ਹੁਣ ਝੋਨੇ ਦੀ ਬਿਜਾਈ ਦੇ ਰਵਾਇਤੀ ਢੰਗ ਦੀ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ ਤੇ ਫਿਰ 20-25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿੱਚ ਮਜ਼ਦੂਰਾਂ ਵੱਲੋਂ ਇੱਕ ਇੱਕ ਬੂਟਾ ਕਰਕੇ ਲਗਾਇਆ ਜਾਂਦਾ ਹੈ।
- ਸਮੇਂ ਤੋਂ ਪਹਿਲਾਂ ਹੋਏ ਬਿਜਾਈ ਦੇ ਐਲਾਨ ਨੇ ਸਿੱਧੀ ਬਿਜਾਈ ਨੂੰ ਪਾਈ ਠੱਲ : ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ ਗਿੱਲ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਰ੍ਹੇ ਸਰਕਾਰ ਵੱਲੋਂ ਝੋਨੇ ਦੀ ਬੀਜਾਈ ਦਾ ਅਗੇਤਾ ਐਲਾਨ ਹੋਣ ’ਤੇ ਖੇਤਾਂ ਦੀ ਬਿਜਲੀ ਨਿਰਵਿਘਨ 8 ਘੰਟੇ ਆਉਣ ਤੇ ਟੇਲਾਂ ’ਤੇ ਨਹਿਰੀ ਪਾਣੀ ਪੁੱਜਣ ਕਾਰਣ ਕਿਸਾਨਾਂ ਨੇ ਆਪਣੇ ਪੁਰਾਤਨ ਢੰਗਾਂ ਨਾਲ ਹੀ ਝੋਨੇ ਦੀ ਫੱਕ ਬੀਜਣ ਤੇ ਖੇਤਾਂ ’ਚ ਖੁੱਲਾ ਪਾਣੀ ਛੱਡ ਕੱਦੂ ਕਰ ਝੋਨਾ ਬੀਜਣ ਨੂੰ ਹੀ ਪਹਿਲ ਦਿੱਤੀ। ਜਿਸ ਕਾਰਣ ਬਰਨਾਲਾ ਜਿਲ੍ਹੇ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਪੰਜਾਬ ’ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇੱਕ ਪ੍ਰਮੁੱਖ ਤੇ ਲਾਹੇਵੰਦ ਤਕਨੀਕ ਹੈ। ਇਸ ’ਚ ਪਨੀਰੀ ਲਗਾਉਣ ਜਾਂ ਖੇਤ ਨੂੰ ਕੱਦੂ (ਪਾਣੀ ਖੜ੍ਹਾ ਕਰਕੇ ਵਾਹੁਣ) ਕਰਨ ਦੀ ਬਜਾਏ, ਸਿੱਧੇ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਨਾਲ ਪਾਣੀ, ਲੇਬਰ ਤੇ ਡੀਜ਼ਲ ਦੀ ਭਾਰੀ ਬੱਚਤ ਹੁੰਦੀ ਹੈ। ਖੇਤੀਬਾੜੀ ਵਿਭਾਗ ਵਲੋ ਜਿਲ੍ਹੇ ’ਚ 45 ਦੇ ਕਰੀਬ ਵੱਖ ਵੱਖ ਪਿੰਡਾਂ ’ਚ ਕਿਸਾਨ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਕਿਸਾਨਾਂ ਨੂੰ ਹੋਰ ਫ਼ਸਲਾਂ ਲਗਾਉਣ ਦੇ ਨਾਲ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪਹਿਲ ਦਿੱਤੀ ਜਾ ਰਹੀ ਹੈ। ਇਨ੍ਹਾਂ ਕੈਂਪ ਦੌਰਾਨ ਉਨ੍ਹਾਂ ਦੀ ਟੀਮ ’ਚ ਸ਼ਾਮਲ ਇੰਸਪੈਕਟਰ ਸੁਨੀਲ ਕੁਮਾਰ ਤੇ ਹੋਰ ਅਧਿਕਾਰੀਆਂ ਵਲੋਂ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।