ਸਨਸਨੀਖੇਜ਼: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ
ਫ਼ੌਜੀ ਵਰਦੀ ਦੀ ਆੜ ਹੇਠ ਚੱਲ ਰਹੇ ਨਸ਼ੇ ਦੇ ਇੱਕ ਬਹੁਤ ਹੀ ਖ਼ਤਰਨਾਕ ਕਾਲੇ ਧੰਦੇ ਦਾ ਭਦੌੜ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਸਤੈਦੀ ਭਰੀ ਸਨਸਨੀਖੇਜ਼ ਕਾਰਵਾਈ ਕਰਦਿਆਂ, ਭਾਰਤੀ ਹਵਾਈ ਫ਼ੌਜ ਦੇ ਇੱਕ ਮੌਜੂਦਾ ਜਵਾਨ ਨੂੰ ਪਿੱਠੂ ਬੈਗ ’ਚ ਲੁਕਾ ਕੇ ਲਿਆਂਦੀ ਲੱਖਾਂ ਰੁਪਏ ਦੀ ਅਫੀਮ ਸਮੇਤ ਰੰਗੇ ਹੱਥੀਂ ਦਬੋਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Publish Date: Thu, 18 Jun 2026 05:44 PM (IST)
Updated Date: Thu, 18 Jun 2026 05:50 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਫ਼ੌਜੀ ਵਰਦੀ ਦੀ ਆੜ ਹੇਠ ਚੱਲ ਰਹੇ ਨਸ਼ੇ ਦੇ ਇੱਕ ਬਹੁਤ ਹੀ ਖ਼ਤਰਨਾਕ ਕਾਲੇ ਧੰਦੇ ਦਾ ਭਦੌੜ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਸਤੈਦੀ ਭਰੀ ਸਨਸਨੀਖੇਜ਼ ਕਾਰਵਾਈ ਕਰਦਿਆਂ, ਭਾਰਤੀ ਹਵਾਈ ਫ਼ੌਜ ਦੇ ਇੱਕ ਮੌਜੂਦਾ ਜਵਾਨ ਨੂੰ ਪਿੱਠੂ ਬੈਗ ’ਚ ਲੁਕਾ ਕੇ ਲਿਆਂਦੀ ਲੱਖਾਂ ਰੁਪਏ ਦੀ ਅਫੀਮ ਸਮੇਤ ਰੰਗੇ ਹੱਥੀਂ ਦਬੋਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੇਸ਼ ਦੇ ਰੱਖਿਅਕ ਵੱਲੋਂ ਹੀ ਮੋਟੇ ਮੁਨਾਫ਼ੇ ਦੇ ਲਾਲਚ ’ਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ’ਚ ਧੱਕਣ ਦੀ ਇਸ ਸ਼ਰਮਨਾਕ ਕੋਸ਼ਿਸ਼ ਨੇ ਸੁਰੱਖਿਆ ਏਜੰਸੀਆਂ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਹਨ। ਐੱਸ. ਐੱਚ. ਓ. ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸ. ਐੱਸ. ਪੀ. ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ ’ਤੇ ਡੀਐਸਪੀ ਜਸਕਰਨ ਸਿੰਘ ਦੀ ਅਗਵਾਈ ’ਚ ਨੇਪਰੇ ਚਾੜ੍ਹੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੁਕੜੀ ਜਦੋਂ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜੰਗੀਆਣਾ ਬੱਸ ਅੱਡੇ ਦੇ ਨਜ਼ਦੀਕ ਤਾਇਨਾਤ ਸੀ ਤਾਂ ਉੱਥੇ ਪਿੱਠ ’ਤੇ ਬੈਗ ਪਾਈ ਖੜ੍ਹੇ ਇੱਕ ਸ਼ੱਕੀ ਨੌਜਵਾਨ ’ਤੇ ਪੁਲਿਸ ਦੀ ਤਿੱਖੀ ਨਜ਼ਰ ਪਈ। ਜਿਵੇਂ ਹੀ ਪੁਲਿਸ ਕਰਮਚਾਰੀ ਉਸ ਦਾ ਨਾਮ-ਪਤਾ ਪੁੱਛਣ ਲਈ ਨਜ਼ਦੀਕ ਗਏ ਤਾਂ ਨੌਜਵਾਨ ਘਬਰਾ ਗਿਆ।
ਉਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਪਾਰਟੀ ਨੇ ਨਾਕਾਮ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਚੀਤੇ ਵਰਗੀ ਫੁਰਤੀ ਦਿਖਾਉਂਦੇ ਹੋਏ ਉਸ ਨੂੰ ਚਾਰੋਂ ਤਰਫ਼ੋਂ ਘੇਰ ਕੇ ਮੌਕੇ ’ਤੇ ਹੀ ਦਬੋਚ ਲਿਆ। ਜਦੋਂ ਪੁਲਿਸ ਨੇ ਫੜੇ ਗਏ ਨੌਜਵਾਨ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਬੈਗ ਦੇ ਅੰਦਰੋਂ ਤਿੰਨ ਕਿਲੋਗ੍ਰਾਮ ਅਫੀਮ ਬਰਾਮਦ ਹੋਈ, ਜਿਸ ਦੀ ਗੈਰ-ਕਾਨੂੰਨੀ ਬਾਜ਼ਾਰ ’ਚ ਅਨੁਮਾਨਿਤ ਕੀਮਤ ਲਗਪਗ 5 ਲੱਖ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਜਦੋਂ ਮੁਲਜ਼ਮ ਦੀ ਅਸਲੀਅਤ ਸਾਹਮਣੇ ਆਈ ਤਾਂ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਫੜੇ ਗਏ ਕਥਿੱਤ ਦੋਸ਼ੀ ਦੀ ਪਛਾਣ ਸਿਮਰਤਪਾਲ ਸਿੰਘ (ਵਾਸੀ ਪਿੰਡ ਬੁਤਾਲਾ, ਅੰਮ੍ਰਿਤਸਰ) ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ’ਚ ਮੋਹਾਲੀ ਵਿਖੇ ਭਾਰਤੀ ਹਵਾਈ ਫ਼ੌਜ ’ਚ ਸਰਕਾਰੀ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਕਥਿਤ ਜਵਾਨ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਹ ਇਹ ਨਸ਼ੀਲਾ ਪਦਾਰਥ ਉੱਤਰ ਪ੍ਰਦੇਸ਼ ਦੇ ਬਰੇਲੀ ਇਲਾਕੇ ’ਚੋਂ ਸਸਤੇ ਭਾਅ ਲੈ ਕੇ ਆਇਆ ਸੀ ਅਤੇ ਇਸ ਖੇਤਰ ’ਚ ਇਸ ਦੀ ਸਪਲਾਈ ਕਰਕੇ ਮਹਿੰਗੇ ਭਾਅ ’ਤੇ ਵੇਚਣ ’ਤੇ ਮੋਟਾ ਮੁਨਾਫ਼ਾ ਕਮਾਉਣ ਦੀ ਫਿਰਾਕ ਵਿੱਚ ਘੁੰਮ ਰਿਹਾ ਸੀ।
ਭਦੌੜ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ।