- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮਪੀ ਮੀਤ ਹੇਅਰ ਵਲੋਂ ਸਾਢੇ 22 ਲੱਖ ਦੀ ਲਾਗਤ ਵਾਲੀਆਂ 3 ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ

- 16.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ ਦਾ ਲਿਆ ਜਾਇਜ਼ਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸਿਵਲ ਹਸਪਤਾਲ ’ਚ ਡਾਇਲਸਿਸ ਮਸ਼ੀਨਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਸੀ, ਜਿਸ ਨੂੰ ਦੇਖਦੇ ਹੋਏ 3 ਨਵੀਆਂ ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ’ਚ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਵਲ ਹਸਪਤਾਲ ’ਚ 3 ਨਵੀਆਂ ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ, ਜੋ ਕਿ ਐੱਮਪੀ ਲੈਡ ਫੰਡ ’ਚੋਂ ਕਰੀਬ ਸਾਢੇ 22 ਲੱਖ ਦੀ ਲਾਗਤ ਨਾਲ ਦਿੱਤੀਆਂ ਗਈਆਂ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 6 ਮਸ਼ੀਨਾਂ ਵਿਚੋਂ 3 ਖ਼ਰਾਬ ਹੋ ਕਰ ਕੇ ਮਰੀਜ਼ਾਂ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ। ਇਸ ਮੌਕੇ ਡਾਇਲਸਿਸ ਯੂਨਿਟ ’ਚ ਮੌਜੂਦ ਮਰੀਜ਼ ਰਜਨੀ ਬਾਲਾ (34 ਸਾਲ) ਤੇ ਉਸ ਦੇ ਪਤੀ ਨਵਦੀਪ ਗੋਇਲ ਵਾਸੀ ਫਰਵਾਹੀ ਬਾਜ਼ਾਰ ਬਰਨਾਲਾ ਨੇ ਕੇਕ ਕੱਟ ਕੇ ਐੱਮਪੀ ਮੀਤ ਹੇਅਰ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦਾ ਕਰੀਬ 2 ਸਾਲ ਤੋਂ ਡਾਇਲਸਿਸ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਤੇ ਦਿੱਕਤ ਆ ਰਹੀ ਸੀ। ਉਨ੍ਹਾਂ ਐੱਮਪੀ ਮੀਤ ਹੇਅਰ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਿਵਲ ਹਸਪਤਾਲ ਬਰਨਾਲਾ ’ਚ 16.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੀਸੀਯੂ ਦੀ ਸਮਰੱਥਾ 50 ਬੈੱਡ ਹੋਵੇਗੀ ਅਤੇ ਇਸ ਦਾ ਕੰਮ ਇਸੇ ਸਾਲ ਦੇ ਅੰਤ ’ਚ ਮੁਕੰਮਲ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਸਾਰੇ ਸਬੰਧਿਤ ਵਿਭਾਗਾਂ ਤੋਂ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕੰਮ ਸਮਾਂਬੱਧ ਰੂਪ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ, ਮੇਅਰ ਨਗਰ ਨਿਗਮ ਹਸਨ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸਐੱਮਓ ਡਾ. ਇੰਦੂ ਬਾਂਸਲ ਸਮੇਤ ਹੋਰ ਅਧਿਕਾਰੀ ਅਤੇ ਕੌਂਸਲਰ ਮੌਜੂਦ ਸਨ।