ਆਪ ਸਰਕਾਰ 'ਤੇ ਵਰ੍ਹੇ ਵਿਧਾਇਕ ਕਾਲਾ ਢਿੱਲੋਂ; ਮੁੱਖ ਮੰਤਰੀ ਦੀਆਂ 'ਸੱਥਾਂ' ਨੂੰ ਦੱਸਿਆ ਸੁਪਰ-ਫਲਾਪ ਕਾਮੇਡੀ ਸ਼ੋਅ
ਵਿਧਾਇਕ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੀਆਂ ਸੱਥਾਂ 'ਚ ਹੋ ਰਹੇ ਸਮਾਗਮਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਵੇਂ ਮੁੱਖ ਮੰਤਰੀ ਵੱਲੋਂ 'ਸਰਕਾਰ ਆਪਕੇ ਦੁਆਰ' ਸਲੋਗਨ ਤਹਿਤ ਲੋਕਾਂ ਦੇ ਮਸਲੇ ਸੁਣਨ ਦਾ ਪ੍ਰਚਾਰ ਕੀਤਾ ਜਾ ਰਿਹਾ ਪ੍ਰੰਤੂ ਅਸਲ ’ਚ ਕਿਸੇ ਵੀ ਸੱਥ 'ਚ ਮੁੱਖ ਮੰਤਰੀ ਨੇ ਕਦੇ ਵੀ ਕਿਸੇ ਲੋਕ ਮੁੱਦੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉੰਝ ਭਾਵੇਂ ਪ੍ਰਚਾਰ ਕੀਤਾ ਜਾਂਦਾ ਕਿ ਮੁੱਖ ਮੰਤਰੀ ਲੋਕਾਂ ਦੇ ਮਸਲੇ ਸੁਣਦੇ ਹਨ ਪਰੰਤੂ ਆਮ ਲੋਕਾਂ ਨੂੰ ਤਾਂ ਮੁੱਖ ਮੰਤਰੀ ਦੇ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ ਜਾਂਦਾ ਸਗੋਂ ਪੂਰੀ ਸਿਆਸੀ ਯੋਜਨਾ ਤਹਿਤ ਮੁੱਖ ਮੰਤਰੀ ਦੇ ਆਲੇ ਦੁਆਲੇ ਆਪਣਿਆਂ ਦਾ ਹੀ ਘ
Publish Date: Fri, 26 Jun 2026 03:58 PM (IST)
Updated Date: Fri, 26 Jun 2026 03:59 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਿੰਡਾਂ ਦੀਆਂ ਸੱਥਾਂ 'ਚ ਹੋ ਰਹੀਆਂ ਲੋਕ ਮਿਲਣੀਆਂ ਇੱਕ ਕਾਮੇਡੀ ਸ਼ੋਅ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹਨ ਕਿਉਂਕਿ ਇਨਾਂ ਕਾਮੇਡੀ ਸ਼ੋਅ ਰੂਪੀ ਲੋਕ ਮਿਲਣੀਆਂ ’ਚ ਮੁੱਖ ਮੰਤਰੀ ਵੱਲੋਂ ਲੋਕਾਂ ਦੇ ਪੱਲੇ ਮਜਾਹੀਆ ਟਿੱਪਣੀਆਂ, ਚੁਟਕਲਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਇਆ ਜਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਿੰਡਾਂ ਦੀਆਂ ਸੱਥਾਂ ’ਚ ਖੜਕੇ ਆਪਣੇ ਭਾਸ਼ਣ ’ਚ ਪੰਜਾਬ ਦਾ ਕੋਈ ਇੱਕ ਵੀ ਮੁੱਦਾ ਨਹੀਂ ਛੂਹਿਆ ਜਾ ਰਿਹਾ ਬਲਕਿ ਮੁੱਖ ਮੰਤਰੀ ਵੱਲੋਂ ਆਪਣੇ ਭਾਸ਼ਣ ਦੌਰਾਨ ਸਾਰਥਿਕ ਭਾਸ਼ਾ ਅਤੇ ਸ਼ੈਲੀ ਤੋਂ ਹੇਠਾਂ ਜਾ ਕੇ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਵੱਡੇ ਅਤੇ ਸਤਿਕਾਰਯੋਗ ਆਗੂਆਂ ਪ੍ਰਤੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੇ ਮਨਾਂ ’ਚ ਈਰਖਾ ਦਾ ਬੀਜ ਬੀਜਿਆ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਮੁਲਕ ਅਤੇ ਪੰਜਾਬ ਦੀ ਰਾਜਨੀਤੀ ’ਚ ਨਫ਼ਰਤ ਦਾ ਬੀਜ ਬੀਜਣਾ ਹੀ 'ਆਪ' ਦੀ ਨੀਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਆਪ ਦੀ ਇਸ ਨੀਤੀ ਤੇ ਬਾਖ਼ੂਬੀ ਪਹਿਰਾ ਦੇ ਰਹੇ ਹਨ।
ਵਿਧਾਇਕ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੀਆਂ ਸੱਥਾਂ 'ਚ ਹੋ ਰਹੇ ਸਮਾਗਮਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਵੇਂ ਮੁੱਖ ਮੰਤਰੀ ਵੱਲੋਂ 'ਸਰਕਾਰ ਆਪਕੇ ਦੁਆਰ' ਸਲੋਗਨ ਤਹਿਤ ਲੋਕਾਂ ਦੇ ਮਸਲੇ ਸੁਣਨ ਦਾ ਪ੍ਰਚਾਰ ਕੀਤਾ ਜਾ ਰਿਹਾ ਪ੍ਰੰਤੂ ਅਸਲ ’ਚ ਕਿਸੇ ਵੀ ਸੱਥ 'ਚ ਮੁੱਖ ਮੰਤਰੀ ਨੇ ਕਦੇ ਵੀ ਕਿਸੇ ਲੋਕ ਮੁੱਦੇ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉੰਝ ਭਾਵੇਂ ਪ੍ਰਚਾਰ ਕੀਤਾ ਜਾਂਦਾ ਕਿ ਮੁੱਖ ਮੰਤਰੀ ਲੋਕਾਂ ਦੇ ਮਸਲੇ ਸੁਣਦੇ ਹਨ ਪਰੰਤੂ ਆਮ ਲੋਕਾਂ ਨੂੰ ਤਾਂ ਮੁੱਖ ਮੰਤਰੀ ਦੇ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ ਜਾਂਦਾ ਸਗੋਂ ਪੂਰੀ ਸਿਆਸੀ ਯੋਜਨਾ ਤਹਿਤ ਮੁੱਖ ਮੰਤਰੀ ਦੇ ਆਲੇ ਦੁਆਲੇ ਆਪਣਿਆਂ ਦਾ ਹੀ ਘੇਰਾ ਹੁੰਦਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰੀਨਾ ਰਾਣੀ ਦੀ ਵਾਇਰਲ ਹੋ ਰਹੀ ਵੀਡੀਓ ਸਭ ਕੁਝ ਸਪੱਸ਼ਟ ਕਰਦੀ ਹੈ ਕਿ ਮੁੱਖ ਮੰਤਰੀ ਦੀਆਂ ਸੱਥਾਂ ਸਿਰਫ਼ ਕੂੜ ਪ੍ਰਚਾਰ ਦਾ ਇੱਕ ਪਲੇਟਫਾਰਮ ਹਨ ਜਿਹੜੀਆਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੀਆਂ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਇਹ ਵੱਡੀ ਸਿਆਸੀ ਸ਼ਰਮ ਦੀ ਗੱਲ ਹੈ ਕਿ ਅਨਾਜ ਮੰਡੀਆਂ ਦੀਆਂ ਵੱਡੀਆਂ ਰੈਲੀਆਂ ਤੋਂ 'ਆਪ' ਦੇ ਸਮਾਗਮ ਪਿੰਡਾਂ ਦੀਆਂ ਤੰਗ ਗਲੀਆਂ ’ਚ ਪੁੱਜ ਚੁੱਕੇ ਹਨ ਅਤੇ ਇਨ੍ਹਾਂ ਤੰਗ ਥਾਵਾਂ 'ਤੇ ਕੀਤੇ ਸਮਾਗਮਾਂ ’ਚ ਵੀ ਆਲੇ ਦੁਆਲੇ ਦੇ ਸਾਰੇ ਪਿੰਡਾਂ ਤੋਂ 'ਆਪ' ਦੇ ਪੱਕੇ ਵਰਕਰਾਂ ਨੂੰ ਬੁਲਾਇਆ ਜਾਂਦਾ ਹੈ।
ਵਿਧਾਇਕ ਢਿੱਲੋਂ ਨੇ ਟਿੱਪਣੀ ਕੀਤੀ ਕਿ ਪਿਛਲੇ ਦਿਨੀਂ ਬਰਨਾਲਾ ਦੇ ਪਿੰਡ ਝਲੂਰ ਵਿਖੇ ਹੋਏ ਮੁੱਖ ਮੰਤਰੀ ਦੀ ਸੱਥ ਦੇ ਇਕੱਠ ’ਚੋਂ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੁਲਾਜ਼ਮ, ਪੁਲਿਸ ਸੁਰੱਖਿਆ ਦੇ ਮੁਲਾਜ਼ਮ, ਸਿਵਲ ਵਿਭਾਗਾਂ ਦੇ ਮੁਲਾਜ਼ਮਾਂ ਦੇ ਇਕੱਠ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਝਲੂਰ ਦੀ ਸੱਥ ’ਚ ਲੋਕਾਂ ਦਾ ਇਕੱਠ ਇੱਕ ਸੈਂਕੜੇ ਤੋਂ ਵੀ ਘੱਟ ਰਹਿ ਜਾਵੇਗਾ। ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸਾਢੇ ਚਾਰ ਸਾਲ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਰਹਿਣ ਤੋਂ ਬਾਅਦ ਵੀ ਆਪਣੇ ਆਪ ਨੂੰ ਕਾਮੇਡੀ ਕਲਾਕਾਰ ਦੀ ਭੂਮਿਕਾ ਤੋਂ ਬਾਹਰ ਨਹੀਂ ਕੱਢ ਸਕੇ। ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਇਹ ਵਿਚਾਰਨ ਦਾ ਵੱਡਾ ਮੁੱਦਾ ਹੈ ਕਿ ਪੰਜਾਬ ਦੇ ਲੋਕ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ’ਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਪ੍ਰੰਤੂ ਮੁੱਖ ਮੰਤਰੀ ਕਿੱਕਲੀਆਂ ਤੇ ਚੁਟਕਲਿਆਂ ਨਾਲ ਸਮਾਂ ਲੰਘਾ ਰਹੇ ਹਨ।