- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਨੇ ਖ਼ੁਲਾਸਾ ਕੀਤਾ ਕਿ ਨਸ਼ੇ ਦੇ ਵਪਾਰੀਆਂ ਦੀਆਂ ਜੜ੍ਹਾਂ ਵੱਢਣ ਲਈ ਪੁਲਿਸ ਕੋਈ ਢਿੱਲ ਨਹੀਂ ਛੱਡ ਰਹੀ। ਸ਼ਹਿਰ ਬਰਨਾਲਾ ਦੇ ਚਾਰ ਅਜਿਹੇ ਕੁੱਜੇ-ਖੂੰਜੇ ਨਿਸ਼ਾਨਦੇਹ ਕੀਤੇ ਗਏ ਸਨ, ਜਿੱਥੇ ਆਮ ਲੋਕਾਂ ਦੀ ਸ਼ਿਕਾਇਤ ਸੀ ਕਿ ਵਿਹਲੜ ਤੇ ਨਸ਼ੇੜੀ ਇਕੱਠੇ ਹੁੰਦੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਥੱਲੇ ਬਰਨਾਲਾ ਪੁਲਿਸ ਕਪਤਾਨ ਨੇ ਤੜਕੇ ਹੀ ਨਸ਼ਾ ਤਸਕਰਾਂ ਤੇ ਟੀਕੇ ਲਾਉਣ ਵਾਲਿਆਂ ਦੇ ਘੇਸਲ ਮਾਰ ਕੇ ਬੈਠਣ ਵਾਲੇ ਅੱਡਿਆਂ ’ਤੇ ਧਾਵਾ ਬੋਲ ਦਿੱਤਾ। ਸ਼ੁੱਕਰਵਾਰ ਨੂੰ ਜ਼ਿਲ੍ਹੇ ਭਰ ’ਚ ਇੱਕੋ ਵੇਲੇ ਵੱਡਾ ਕਾਸੋ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਦੀ ਸਿੱਧੀ ਅਗਵਾਈ ਹੇਠ ਪੁਲਿਸ ਦੀਆਂ ਧਾੜਾਂ ਨੇ ਬਰਨਾਲਾ, ਮਹਿਲ ਕਲਾਂ, ਹੰਡਿਆਇਆ ਤੇ ਤਪਾ ਸਮੇਤ ਸਾਰੀਆਂ ਸਬ-ਡਿਵੀਜ਼ਨਾਂ ਦੇ ਨਸ਼ੇ ਵਾਲੇ ਮੁੱਖ ਅੱਡਿਆਂ ਨੂੰ ਚਾਰੇ ਪਾਸਿਓਂ ਨੜੋਈ ਵਾਂਗ ਘੇਰ ਲਿਆ। ਇਸ ਦੌਰਾਨ ਸ਼ੱਕੀ ਘਰਾਂ ਦੀ ਕੋਨੇ-ਕੋਨੇ ਤੋਂ ਫਰੋਲਾ-ਫਰਾਲੀ ਕੀਤੀ ਗਈ।
ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਨੇ ਖ਼ੁਲਾਸਾ ਕੀਤਾ ਕਿ ਨਸ਼ੇ ਦੇ ਵਪਾਰੀਆਂ ਦੀਆਂ ਜੜ੍ਹਾਂ ਵੱਢਣ ਲਈ ਪੁਲਿਸ ਕੋਈ ਢਿੱਲ ਨਹੀਂ ਛੱਡ ਰਹੀ। ਸ਼ਹਿਰ ਬਰਨਾਲਾ ਦੇ ਚਾਰ ਅਜਿਹੇ ਕੁੱਜੇ-ਖੂੰਜੇ ਨਿਸ਼ਾਨਦੇਹ ਕੀਤੇ ਗਏ ਸਨ, ਜਿੱਥੇ ਆਮ ਲੋਕਾਂ ਦੀ ਸ਼ਿਕਾਇਤ ਸੀ ਕਿ ਵਿਹਲੜ ਤੇ ਨਸ਼ੇੜੀ ਇਕੱਠੇ ਹੁੰਦੇ ਹਨ। ਇਨ੍ਹਾਂ ਸੁੰਨਸਾਨ ਥਾਵਾਂ ਤੇ ਝਾੜ-ਬੂਟਿਆਂ ਵਾਲੇ ਓਹਲਿਆਂ ਨੂੰ ਖ਼ਤਮ ਕਰਨ ਲਈ ਪੁਲਿਸ ਨੇ ਮੌਕੇ ’ਤੇ ਹੀ ਜੇਸੀਬੀ ਮਸ਼ੀਨਾਂ ਲਾ ਕੇ ਸਫ਼ਾਈ ਕਰਵਾਈ, ਤਾਂ ਜੋ ਅੱਗੇ ਤੋਂ ਅਮਲੀਆਂ ਨੂੰ ਉੱਥੇ ਜੁੜਨ ਲਈ ਕੋਈ ਲੁਕਵੀਂ ਥਾਂ ਨਾ ਮਿਲੇ।
ਐੱਸਐੱਸਪੀ ਨੇ ਤਾੜਨਾ ਕੀਤੀ ਕਿ ਨਸ਼ੇੜੀਆਂ ਤੇ ਤਸਕਰਾਂ ਸਿਰ ਕਾਨੂੰਨ ਦਾ ਡੰਡਾ ਇਵੇਂ ਹੀ ਖੜਕਦਾ ਰਹੇਗਾ। ਇਸ ਕਾਰਵਾਈ ਦੌਰਾਨ ਖ਼ੁਦ ਐੱਸਐੱਸਪੀ ਸੈਂਕੜੇ ਜਵਾਨਾਂ ਦੇ ਲਾਮ-ਲਸ਼ਕਰ ਨਾਲ ਮੈਦਾਨ ’ਚ ਡਟੇ ਰਹੇ। ਮੌਕੇ ਤੋਂ ਕਈ ਟੀਕੇ ਲਾਉਣ ਵਾਲਿਆਂ ਤੇ ਨਸ਼ੇੜੀਆਂ ਨੂੰ ਫੜੇ ਜਾਣ ਦੀ ਵੀ ਖ਼ਬਰ ਹੈ। ਪੁਲਿਸ ਦੀ ਇਸ ਕੜੰਗਵਾਲੀ ਕਾਰਵਾਈ ਨਾਲ ਜਿੱਥੇ ਸਮੱਗਲਰਾਂ ਦੇ ਛੱਕੇ ਛੁੱਟ ਗਏ ਹਨ, ਉੱਥੇ ਹੀ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਐੱਸਐੱਚਓ ਲਖਬੀਰ ਸਿੰਘ, ਐੱਸਐੱਚਓ ਚਰਨਜੀਤ ਸਿੰਘ ਔਲਖ ਤੇ ਐੱਸਐੱਚਓ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਫੋਰਸ ਹਾਜ਼ਰ ਸੀ।