- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਦੀ ਖ਼ਬਰ ਦਾ ਵੱਡਾ ਅਸਰ: ਐਮਪੀ ਮੀਤ ਹੇਅਰ ਨੇ ਬਰਨਾਲਾ ਸਿਵਲ ਹਸਪਤਾਲ ਨੂੰ ਦਿੱਤੀਆਂ 3 ਨਵੀਆਂ ਡਾਇਲਸਿਸ ਮਸ਼ੀਨਾਂ

- ਲੋਕਾਂ ਵੱਲੋਂ ਦਾਨ ਕੀਤੀਆਂ ਡਾਇਲਸਿਸ ਮਸ਼ੀਨਾਂ ’ਤੇ ਵੀ ਨਹੀਂ ਹੋ ਰਿਹਾ ਸੀ ਮਰੀਜ਼ਾਂ ਦਾ ਇਲਾਜ
- ‘ਪੰਜਾਬੀ ਜਾਗਰਣ’ ਬਣਿਆ ਮਰੀਜ਼ਾਂ ਦੀ ਆਵਾਜ਼
- ਮਰੀਜ਼ਾਂ ਨੇ ਕੀਤਾ ਐੱਮਪੀ ਦਾ ਧੰਨਵਾਦ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ‘ਪੰਜਾਬੀ ਜਾਗਰਣ’ ਅਖ਼ਬਾਰ ’ਚ ਮਰੀਜ਼ਾਂ ਦੀ ਮੁਸ਼ਕਿਲ ਨੂੰ ਮੁੱਖ ਤੌਰ ’ਤੇ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਤੇ ਸਿਆਸੀ ਹਲਕਿਆਂ ’ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਡਾਇਲਸਿਸ ਮਸ਼ੀਨਾਂ ਖ਼ਰਾਬ ਹੋਣ ਕਾਰਨ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਛਪੀ ਖ਼ਬਰ ਦਾ ਹੁਣ ਵੱਡਾ ਅਸਰ ਹੋਇਆ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਆਪਣੇ ਐੱਮਪੀ ਕੋਟੇ ’ਚੋਂ ਸਿਵਲ ਹਸਪਤਾਲ ਬਰਨਾਲਾ ਲਈ 3 ਨਵੀਆਂ ਡਾਇਲਸਿਸ ਮਸ਼ੀਨਾਂ ਦਾਨ ਕੀਤੀਆਂ ਹਨ।
ਕੀ ਸੀ ਪੂਰਾ ਮਾਮਲਾ : ਸਿਵਲ ਹਸਪਤਾਲ ਬਰਨਾਲਾ ਵਿਖੇ ਕੁੱਲ 8 ਡਾਇਲਸਿਸ ਮਸ਼ੀਨਾਂ ਸਨ, ਜਿਨ੍ਹਾਂ ’ਚੋਂ 4 ਮਸ਼ੀਨਾਂ ਲੰਬੇ ਸਮੇਂ ਤੋਂ ਖ਼ਰਾਬ ਪਈਆਂ ਸਨ। ਹਸਪਤਾਲ ’ਚ ਸਿਰਫ਼ 4 ਮਸ਼ੀਨਾਂ ਹੀ ਚਾਲੂ ਹਾਲਤ ’ਚ ਸਨ, ਜੋ ਕਿ ਦਾਨੀ ਸੱਜਣਾਂ ਵੱਲੋਂ ਲੋਕਾਂ ਦੀ ਭਲਾਈ ਲਈ ਦਿੱਤੀਆਂ ਗਈਆਂ ਸਨ। ਸਿਰਫ਼ ਚਾਰ ਮਸ਼ੀਨਾਂ ਚੱਲਣ ਕਾਰਨ ਰੋਜ਼ਾਨਾ ਆਉਣ ਵਾਲੇ ਦਰਜਨਾਂ ਮਰੀਜ਼ਾਂ ’ਚੋਂ ਸਿਰਫ਼ ਕੁਝ ਦਾ ਹੀ ਇਲਾਜ ਹੋ ਪਾ ਰਿਹਾ ਸੀ। ਬਾਕੀ ਮਰੀਜ਼ਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਖ਼ਾਲੀ ਹੱਥ ਪਰਤਣਾ ਪੈਂਦਾ ਸੀ। ਹਾਲਤ ਇਹ ਸੀ ਕਿ ਨਾ ਤਾਂ ਮਰੀਜ਼ਾਂ ਦਾ ਕੋਈ ਇਲਾਜ ਹੋ ਰਿਹਾ ਸੀ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਫ਼ਰਿਆਦ ਸੁਣ ਰਿਹਾ ਸੀ।
‘ਪੰਜਾਬੀ ਜਾਗਰਣ’ ਬਣਿਆ ਮਰੀਜ਼ਾਂ ਦੀ ਆਵਾਜ਼ : ਮਰੀਜ਼ਾਂ ਦੀ ਇਸ ਬੇਵਸੀ ਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ 'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਖ਼ਬਰ ਛਪਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਰਕਤ 'ਚ ਆਇਆ, ਉੱਥੇ ਹੀ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਵੱਡਾ ਕਦਮ ਚੁੱਕਿਆ ਤੇ ਆਪਣੇ ਕੋਟੇ ਚੋਂ ਤਿੰਨ ਡਾਇਲਸਿਸ ਮਸ਼ੀਨਾਂ ਸਿਵਿਲ ਹਸਪਤਾਲ ਬਰਨਾਲਾ 'ਚ ਦਿੱਤੀਆਂ।
ਮਰੀਜ਼ਾਂ ਨੇ ਕੀਤਾ ਐੱਮਪੀ ਦਾ ਧੰਨਵਾਦ : ਉਸ ਦੀ ਪਤਨੀ ਦਾ ਹਫ਼ਤੇ ’ਚ ਦੋ ਵਾਰ ਡਾਇਲਸਿਸ ਹੁੰਦਾ ਹੈ। ਮਸ਼ੀਨਾਂ ਖ਼ਰਾਬ ਹੋਣ ਕਾਰਨ ਅਸੀਂ ਬਹੁਤ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਝੱਲ ਰਹੇ ਸੀ। ਇਹ ਅਲਫਾਜ਼ ਸਨ ਪੀੜਤ ਪਤਨੀ ਰਜਨੀ ਵਾਲਾ ਦੇ ਪਤੀ ਨਵਦੀਪ ਕੁਮਾਰ ਵਾਸੀ ਫਰਵਾਹੀ ਬਾਜ਼ਾਰ ਦੇ ਐੱਮਪੀ ਵੱਲੋਂ ਮਸ਼ੀਨਾਂ ਹਸਪਤਾਲ ’ਚ ਦੇਣ ’ਤੇ ਇਨ੍ਹਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਐੱਮਪੀ ਮੀਤ ਹੇਅਰ ਤੇ ‘ਪੰਜਾਬੀ ਜਾਗਰਣ’ ਅਖ਼ਬਾਰ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ। ਮਰੀਜ਼ਾਂ ਦੇ ਪਰਿਵਾਰਾਂ ਨੇ ਰਸਮੀ ਤੌਰ ’ਤੇ ਧੰਨਵਾਦ ਕਰਦਿਆਂ ਐੱਮਪੀ ਮੀਤ ਹੇਅਰ ਵੱਲੋਂ ਤਿੰਨ ਨਵੀਆਂ ਡਾਇਲਸਿਸ ਮਸ਼ੀਨਾਂ ਹਸਪਤਾਲ ਨੂੰ ਭੇਟ ਕੀਤੇ ਜਾਣ ’ਤੇ ਖ਼ੁਸ਼ੀ ਸਾਂਝੀ ਕੀਤੀ। ਇਨ੍ਹਾਂ ਨਵੀਆਂ ਮਸ਼ੀਨਾਂ ਦੇ ਆਉਣ ਨਾਲ ਹੁਣ ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਤੇ ਮੁਫ਼ਤ ਡਾਇਲਸਿਸ ਦੀ ਸਹੂਲਤ ਮਿਲ ਸਕੇਗੀ, ਜਿਸ ਨਾਲ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਆਈਏਐੱਸ ਹਰਪ੍ਰੀਤ ਸਿੰਘ ਤੇ ਸਿਵਲ ਹਸਪਤਾਲ ਬਰਨਾਲਾ ਦੇ ਅਧਿਕਾਰੀ ਰਸ਼ਵਿੰਦਰ ਸਿੰਘ ਹਨੀ ਚਹਿਲ ਆਦਿ ਹਾਜ਼ਰ ਸਨ।