ਬਰਨਾਲਾ 'ਚ ਮਿਲਾਵਟਖੋਰਾਂ 'ਤੇ ਵੱਡਾ ਐਕਸ਼ਨ: ਰਿਹਾਇਸ਼ੀ ਮਕਾਨ 'ਚ ਚੱਲ ਰਹੀ ਤੇਲ ਫੈਕਟਰੀ ਸੀਲ, 1100 ਲੀਟਰ ਮਿਲਾਵਟੀ ਤੇਲ ਤੇ ਕੈਮੀਕਲ ਜ਼ਬਤ
ਸਿਹਤ ਵਿਭਾਗ ਦੀ ਤਿਉਹਾਰਾਂ ਦੇ ਮੱਦੇਨਜ਼ਰ ਇਹ ਤੀਜੀ ਵੱਡੀ ਸਫ਼ਲਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇਕਚਹਿਰੀ ਚੌਂਕ ਤੋਂ ਆਈਟੀਆਈ ਚੌਂਕ ਰੋਡ ਸਥਿਤ ਐਲਾਂਟੇ ਮਾਲ ਵਿੱਚੋਂ 'ਪ੍ਰਭਾਸ ਕੰਪਨੀ' ਦਾ ਮਿਆਦ ਲੰਘ ਚੁੱਕਾ ਲਾਇਸੰਸ ਵਾਲਾ ਤੇਲ ਅਤੇ ਘਿਓ ਜ਼ਬਤ ਕੀਤਾ ਸੀ। ਇੱਕ ਸਥਾਨਕ ਹਲਵਾਈ ਦੀ ਦੁਕਾਨ ਤੋਂ ਉੱਲੀ ਲੱਗੀ ਖਰਾਬ ਮਠਿਆਈ ਨਸ਼ਟ ਕਰਵਾਈ ਸੀ।
Publish Date: Tue, 06 Oct 2026 05:01 PM (IST)
Updated Date: Tue, 06 Oct 2026 05:06 PM (IST)
ਯਾਦਵਿੰਦਰ ਸਿੰਘ ਭੁੱਲਰ,ਪੰਜਾਬੀ ਜਾਗਰਣ, ਬਰਨਾਲਾ : ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਵਿਖੇ ਇੱਕ ਵੱਡੀ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਤੇਲ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਸ਼ੱਕੀ ਸਰ੍ਹੋਂ ਦਾ ਤੇਲ, ਕੈਮੀਕਲ ਅਤੇ ਹੋਰ ਸਮੱਗਰੀ ਬਰਾਮਦ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।
ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਗੋਦਾਮ
ਜਾਣਕਾਰੀ ਅਨੁਸਾਰ ‘ਪੈਗਾਮ ਟਰੇਡਿੰਗ ਕੰਪਨੀ’ ਵਲੋਂ ‘ਪੀ.ਬੀ.ਬੀ.’ ਮਾਰਕੇ ਹੇਠ ਕਈ ਸਾਲਾਂ ਤੋਂ ਤੇਲ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਸੀ। ਉਕਤ ਕੰਪਨੀ ਦਾ ਲਾਇਸੈਂਸ ਕਿਸੇ ਹੋਰ ਜਗ੍ਹਾ ਦਾ ਸੀ, ਜਦੋਂ ਕਿ ਕਾਰੋਬਾਰ ਗੋਬਿੰਦ ਕਲੋਨੀ, ਦਾਣਾ ਮੰਡੀ ਰੋਡ (ਨੇੜੇ ਪ੍ਰੇਮ ਅੱਖਾਂ ਦਾ ਹਸਪਤਾਲ) ਸਥਿਤ ਇੱਕ ਰਿਹਾਇਸ਼ੀ ਮਕਾਨ ਵਿੱਚ ਗੋਦਾਮ ਬਣਾ ਕੇ ਚਲਾਇਆ ਜਾ ਰਿਹਾ ਸੀ।
1100 ਲੀਟਰ ਸ਼ੱਕੀ ਤੇਲ ਤੇ ਕੈਮੀਕਲ ਜ਼ਬਤ
ਗੁਪਤ ਸੂਚਨਾ ਦੇ ਆਧਾਰ 'ਤੇ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਉਕਤ ਠਿਕਾਣੇ 'ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਅੰਦਰੋਂ ਹਜ਼ਾਰ-ਹਜ਼ਾਰ ਲੀਟਰ ਦੀਆਂ ਟੈਂਕੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ 600 ਲੀਟਰ ਸਰ੍ਹੋਂ ਦਾ ਤੇਲ, 375 ਲੀਟਰ ਸ਼ੱਕੀ ਕੈਮੀਕਲ (ਜੋ ਤੇਲ ਵਿੱਚ ਮਿਲਾਵਟ ਲਈ ਵਰਤਿਆ ਜਾਣਾ ਸੀ),150 ਦੇ ਕਰੀਬ ਤੇਲ ਨਾਲ ਭਰੀਆਂ ਬੋਤਲਾਂ ਸਣੇ ਵਿਭਾਗ ਨੇ ਕੁੱਲ 1100 ਲੀਟਰ ਸ਼ੱਕੀ ਤੇਲ ਅਤੇ ਕੈਮੀਕਲ ਨੂੰ ਕਬਜ਼ੇ ਵਿੱਚ ਲੈ ਕੇ ਸੈਂਪਲ ਭਰ ਲਏ ਹਨ ਅਤੇ ਫੈਕਟਰੀ ਨੂੰ ਮੌਕੇ 'ਤੇ ਹੀ ਸੀਲ ਕਰ ਦਿੱਤਾ ਗਿਆ ਹੈ।
ਤਿਉਹਾਰੀ ਸੀਜ਼ਨ ਦੌਰਾਨ ਵਿਭਾਗ ਦੀ ਤੀਜੀ ਵੱਡੀ ਪ੍ਰਾਪਤੀ
ਸਿਹਤ ਵਿਭਾਗ ਦੀ ਤਿਉਹਾਰਾਂ ਦੇ ਮੱਦੇਨਜ਼ਰ ਇਹ ਤੀਜੀ ਵੱਡੀ ਸਫ਼ਲਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇਕਚਹਿਰੀ ਚੌਂਕ ਤੋਂ ਆਈਟੀਆਈ ਚੌਂਕ ਰੋਡ ਸਥਿਤ ਐਲਾਂਟੇ ਮਾਲ ਵਿੱਚੋਂ 'ਪ੍ਰਭਾਸ ਕੰਪਨੀ' ਦਾ ਮਿਆਦ ਲੰਘ ਚੁੱਕਾ ਲਾਇਸੰਸ ਵਾਲਾ ਤੇਲ ਅਤੇ ਘਿਓ ਜ਼ਬਤ ਕੀਤਾ ਸੀ। ਇੱਕ ਸਥਾਨਕ ਹਲਵਾਈ ਦੀ ਦੁਕਾਨ ਤੋਂ ਉੱਲੀ ਲੱਗੀ ਖਰਾਬ ਮਠਿਆਈ ਨਸ਼ਟ ਕਰਵਾਈ ਸੀ। ਜਿਸ ਦੇ ਲੈਬ ਵਿੱਚ ਭੇਜੇ ਹੋਏ ਸੈਂਪਲਾਂ ਸਬੰਧੀ ਜਾਣਕਾਰੀ ਵਿਭਾਗ ਵੱਲੋਂ ਫਿਲਹਾਲ ਸਾਂਝੀ ਨਹੀਂ ਕੀਤੀ ਗਈ ਹੈ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸੈਂਪਲਾਂ ਨੂੰ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਲੈਬ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਆਮ ਜਨਤਾ ਨੂੰ ਜਾਗਰੂਕ ਹੋਣ ਦੀ ਅਪੀਲ
ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਖਰੀਦਦੇ ਸਮੇਂ ਪੂਰੀ ਸਾਵਧਾਨੀ ਵਰਤਣ। ਵੱਡੇ ਮਾਲਾਂ ਜਾਂ ਦੁਕਾਨਾਂ 'ਤੇ 'ਇੱਕ ਨਾਲ ਇੱਕ ਮੁਫ਼ਤ' ਵਰਗੀਆਂ ਲੋਭਾਵਨੀਆਂ ਸਕੀਮਾਂ ਦੇ ਜਾਲ 'ਚ ਫਸ ਕੇ ਮਿਆਦ ਲੰਘ ਚੁੱਕੀਆਂ ਜਾਂ ਮਿਲਾਵਟੀ ਚੀਜ਼ਾਂ ਨਾ ਖਰੀਦੋ। ਸਮਾਨ ਦੀ ਖਰੀਦਦਾਰੀ ਵੇਲੇ ਪੈਕਿੰਗ ਅਤੇ ਮਿਆਦ ਦੀ ਚੰਗੀ ਤਰ੍ਹਾਂ ਪਰਖ ਜ਼ਰੂਰ ਕਰੋ ਤਾਂ ਜੋ ਸਿਹਤ ਅਤੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।