- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਤੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈਪੀਐੱਸ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿੱਕ ਬਾਕਸਿੰਗ ’ਚ ਜ਼ਿਲ੍ਹੇ ਦੇ 2 ਖਿਡਾਰੀਆਂ ਨੇ ਕੌਮੀ ਪੱਧਰ 'ਤੇ ਤਗਮੇ ਤੇ 5 ਖਿਡਾਰੀਆਂ ਨੇ ਸੂਬਾ ਪੱਧਰ 'ਤੇ ਤਗਮੇ ਹਾਸਲ ਕੀਤੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਦੌਲਤ ਸੂਬੇ ਦੇ ਖਿਡਾਰੀ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰ ਰਹੇ ਹਨ। ਜ਼ਿਲ੍ਹਾ ਬਰਨਾਲਾ ’ਚ ਸਾਬਕਾ ਖੇਡ ਮੰਤਰੀ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਇਨ੍ਹਾਂ ਉਪਰਾਲਿਆਂ ਦੇ ਸਾਰਥਕ ਨਤੀਜੇ ਆ ਰਹੇ ਹਨ। ਪਿਛਲੀ ਦਿਨੀਂ ਹੋਈਆਂ ਕੌਮੀ ਅਤੇ ਸੂਬਾ ਪੱਧਰੀ ਖੇਡਾਂ ’ਚ ਜ਼ਿਲ੍ਹੇ ਦੇ 7 ਖਿਡਾਰੀਆਂ ਨੇ ਕਿਕ ਬਾਕਸਿੰਗ ’ਚ ਮੱਲਾਂ ਮਾਰੀਆਂ ਹਨ ਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਤੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈਪੀਐੱਸ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿੱਕ ਬਾਕਸਿੰਗ ’ਚ ਜ਼ਿਲ੍ਹੇ ਦੇ 2 ਖਿਡਾਰੀਆਂ ਨੇ ਕੌਮੀ ਪੱਧਰ 'ਤੇ ਤਗਮੇ ਤੇ 5 ਖਿਡਾਰੀਆਂ ਨੇ ਸੂਬਾ ਪੱਧਰ 'ਤੇ ਤਗਮੇ ਹਾਸਲ ਕੀਤੇ ਹਨ। ਏਕਮਵੀਰ ਸਿੰਘ (14) ਪੁੱਤਰ ਜਸਕਰਨ ਸਿੰਘ ਵਾਸੀ ਧਨੌਲਾ ਨੇ ਇੰਦੌਰ ’ਚ ਪਿਛਲੇ ਮਹੀਨੇ ਹੋਈ ਸਬ ਜੂਨੀਅਰ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨ ਤਗਮਾ ਹਾਸਲ ਕੀਤਾ ਹੈ। ਉਸਦੀ ਚੋਣ ਸਤੰਬਰ ’ਚ ਇਟਲੀ ’ਚ ਹੋਣ ਵਾਲੀ ਸਬ-ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ’ਚ ਹੋਈ ਹੈ। ਇਸੇ ਚੈਂਪੀਅਨਸ਼ਿਪ ’ਚ ਮਨਜੋਤ ਸਿੰਘ (15) ਪੁੱਤਰ ਸਾਗਰ ਸਿੰਘ ਵਾਸੀ ਧਨੌਲਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਨਵਾਂਸ਼ਹਿਰ ’ਚ ਪਿਛਲੇ ਦਿਨੀਂ ਹੋਈ ਸਟੇਟ ਚੈਂਪੀਅਨਸ਼ਿਪ ’ਚ ਵਿਕੀ ਸਿੰਘ ਪੁੱਤਰ ਭੱਪਾ ਸਿੰਘ ਵਾਸੀ ਧਨੌਲਾ ਨੇ ਸੋਨ ਤਗਮਾ ਹਾਸਲ ਕੀਤਾ ਹੈ। ਉਸਦੀ ਗੁਜਰਾਤ ’ਚ ਹੋਣ ਵਾਲੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਤੋਂ ਇਲਾਵਾ ਵਿੱਕੀ ਦੀ ਚੋਣ ਭਾਰਤੀ ਫੌਜ ’ਚ ਵੀ ਹੋ ਗਈ ਹੈ ਅਤੇ ਉਹ ਫੌਜ ਦੀ ਟ੍ਰੇਨਿੰਗ ਕਰਕੇ ਪਰਤਿਆ ਹੈ।
ਇਸੇ ਤਰ੍ਹਾਂ ਪਰਦੀਪ ਕੌਰ (20 ) ਪੁੱਤਰੀ ਬਲਵੀਰ ਸਿੰਘ ਵਾਸੀ ਧਨੌਲਾ ਨੇ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਗਮਾ ਹਾਸਲ ਕੀਤਾ ਹੈ ਤੇ ਰਾਇਪੁਰ ’ਚ ਕੌਮੀ ਖੇਡਾਂ ’ਚ ਸੋਨ ਤਗਮਾ ਹਾਸਲ ਕੀਤਾ ਸੀ। ਇਸੇ ਤਰ੍ਹਾਂ ਸਨੀ ਕੁਮਾਰ (24) ਪੁੱਤਰ ਅਨਿਲ ਕੁਮਾਰ ਵਾਸੀ ਬਰਨਾਲਾ ਨੇ ਸੀਨੀਅਰ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਗਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਰਵਿੰਦਰ ਸਿੰਘ (21) ਪੁੱਤਰ ਅਮਨਦੀਪ ਸਿੰਘ ਵਾਸੀ ਧਨੌਲਾ ਨੇ ਸੋਨ ਤਗਮਾ ਤੇ ਹਰਨੂਰ ਸਿੰਘ (19) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਨੌਲਾ ਨੇ ਵੀ ਸੋਨ ਤਗਮਾ ਹਾਸਲ ਕੀਤਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਬਰਨਾਲਾ ਨੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਹ ਸਾਰੇ ਖਿਡਾਰੀ ਕੋਚ ਜਸਪ੍ਰੀਤ ਸਿੰਘ ਢੀਂਡਸਾ ਤੋਂ ਮਾਤਾ ਗੁਜਰੀ ਸਕੂਲ ਧਨੌਲਾ ਵਿਚ ਚੱਲ ਰਹੇ ਸੈਂਟਰ ਵਿਚ ਸਿਖਲਾਈ ਲੈ ਰਹੇ ਹਨ।
ਪੰਜਾਬ ਸਰਕਾਰ ਸੂਬੇ ’ਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ: ਪਰਮਿੰਦਰ ਭੰਗੂ
ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਵੀ ਕਿਕ ਬਾਕਸਿੰਗ ਦੇ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਖੇਡਾਂ ਅਤੇ ਖੇਡ ਢਾਂਚੇ ਉੱਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਜਿੱਥੇ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਖੇਡ ਨੀਤੀ ਲਿਆਂਦੀ ਹੈ, ਓਥੇ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਤੇ ਜਿਮ ਤੇ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹੀ ਸੋਚ ਹੈ ਕਿ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ।