ਖੁੱਡੀ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਦੀ ਮੁਅੱਤਲੀ ਰੱਦ, ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਨਿਕਲੇ ਝੂਠੇ
ਸਿਮਰਜੀਤ ਸਿੰਘ ਨੂੰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਆਧਾਰ 'ਤੇ ਮੁਅੱਤਲ ਕੀਤਾ ਗਿਆ ਸੀ, ਜਿਸ ਦੇ ਖ਼ਿਲਾਫ਼ ਉਨ੍ਹਾਂ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਵਿਰੁੱਧ 'ਪੰਜਾਬ ਪੰਚਾਇਤੀ ਰਾਜ ਐਕਟ, 1994' ਦੀ ਧਾਰਾ 20(6) ਤਹਿਤ ਅਪੀਲ ਨੰਬਰ 88 ਆਫ਼ 2026 ਦਾਇਰ ਕੀਤੀ ਸੀ।
Publish Date: Tue, 17 Nov 2026 05:01 PM (IST)
Updated Date: Tue, 17 Nov 2026 05:03 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਮਿਤ ਤਲਵਾੜ ਆਈ.ਏ.ਐੱਸ. ਦੀ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਬਲਾਕ ਤੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਮੁਅੱਤਲੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਨੂੰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਆਧਾਰ 'ਤੇ ਮੁਅੱਤਲ ਕੀਤਾ ਗਿਆ ਸੀ, ਜਿਸ ਦੇ ਖ਼ਿਲਾਫ਼ ਉਨ੍ਹਾਂ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਵਿਰੁੱਧ 'ਪੰਜਾਬ ਪੰਚਾਇਤੀ ਰਾਜ ਐਕਟ, 1994' ਦੀ ਧਾਰਾ 20(6) ਤਹਿਤ ਅਪੀਲ ਨੰਬਰ 88 ਆਫ਼ 2026 ਦਾਇਰ ਕੀਤੀ ਸੀ।
ਮਾਮਲੇ ਦੀ ਸੱਚਾਈ ਜਾਣਨ ਲਈ ਤਹਿਸੀਲਦਾਰ ਵੱਲੋਂ ਗਠਿਤ ਕੀਤੇ ਗਏ ਪੈਨਲ ਨੇ 16 ਸਤੰਬਰ 2026 ਨੂੰ ਪਿੰਡ ਦੇ 30 ਤੋਂ 40 ਮੋਹਤਬਰ ਵਸਨੀਕਾਂ ਤੇ ਨੰਬਰਦਾਰ ਦੀ ਹਾਜ਼ਰੀ 'ਚ ਸਬੰਧਤ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ। ਨਿਸ਼ਾਨਦੇਹੀ ਰਿਪੋਰਟ ਨੰਬਰ ਫਕ/317 ਹੰਡਿਆਇਆ 'ਚ ਇਹ ਗੱਲ ਸਪੱਸ਼ਟ ਹੋਈ ਕਿ ਗ੍ਰਾਮ ਪੰਚਾਇਤ ਦੀ ਸਮੁੱਚੀ ਜ਼ਮੀਨ ਪੂਰੀ ਤਰ੍ਹਾਂ ਗ੍ਰਾਮ ਪੰਚਾਇਤ ਦੇ ਕਬਜ਼ੇ ਹੇਠ ਹੀ ਹੈ ਤੇ ਉਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ।
ਅਦਾਲਤ 'ਚ ਅਪੀਲਕਰਤਾ ਵੱਲੋਂ ਐਡਵੋਕੇਟ ਨਵਜੋਤ ਸਿੰਘ ਦੇ ਪ੍ਰੌਕਸੀ ਵਜੋਂ ਐਡਵੋਕੇਟ ਤਹਿਰਦੀਪ ਸਿੰਘ ਤੇ ਵਿਭਾਗ ਵੱਲੋਂ ਲੀਗਲ ਅਸਿਸਟੈਂਟ ਰਮਨਪ੍ਰੀਤ ਕੌਰ ਪੇਸ਼ ਹੋਏ, ਜਦਕਿ ਸ਼ਿਕਾਇਤਕਰਤਾ ਪੱਖ ਤੋਂ ਕੋਈ ਵੀ ਹਾਜ਼ਰ ਨਹੀਂ ਹੋਇਆ। ਨਿਸ਼ਾਨਦੇਹੀ ਰਿਪੋਰਟ ਦੇ ਆਧਾਰ 'ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਬੇਬੁਨਿਆਦ ਸਾਬਤ ਹੋਣ ਕਾਰਨ ਵਿਸ਼ੇਸ਼ ਸਕੱਤਰ ਦੀ ਅਦਾਲਤ ਨੇ ਅਪੀਲ ਨੂੰ ਮਨਜ਼ੂਰ ਕਰਦਿਆਂ ਮੁਅੱਤਲੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਅਗਲੇਰੀ ਕਾਰਵਾਈ ਹਿੱਤ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਐੱਸ.ਏ.ਐੱਸ. ਨਗਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ, ਡੀ.ਡੀ.ਪੀ.ਓ. ਬਰਨਾਲਾ, ਬੀ.ਡੀ.ਪੀ.ਓ. ਬਰਨਾਲਾ ਸਮੇਤ ਸਿਮਰਜੀਤ ਸਿੰਘ ਤੇ ਸ਼ਿਕਾਇਤਕਰਤਾ ਸਤਨਾਮ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਖੁੱਡੀ ਕਲਾਂ ਨੂੰ ਭੇਜ ਦਿੱਤੀਆਂ ਗਈਆਂ ਹਨ।