ਹਿਮਾਚਲ 'ਚ ਅੰਮ੍ਰਿਤਧਾਰੀ ਧੀ ਨੂੰ ਪੇਪਰ ਦੇਣ ਤੋਂ ਰੋਕਣ ’ਤੇ ਭੜਕੇ ਜਥੇਦਾਰ ਗਿਆਨੀ ਟੇਕ ਸਿੰਘ, ਕਿਹਾ- ਕਕਾਰਾਂ ਦੀ ਬੇਅਦਬੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ
ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਆਖਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਹੋਏ ਪੰਜ ਕਕਾਰ ਹਰ ਅੰਮ੍ਰਿਤਧਾਰੀ ਸਿੱਖ ਦੀ ਜਿੰਦ-ਜਾਨ ਹਨ, ਜਿਨ੍ਹਾਂ ਨੂੰ ਕੋਈ ਵੀ ਸਿੱਖ ਕਿਸੇ ਵੀ ਕੀਮਤ ’ਤੇ ਆਪਣੇ ਪਿੰਡੇ ਤੋਂ ਵੱਖ ਨਹੀਂ ਕਰ ਸਕਦਾ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭਾਵੇਂ ਦੇਸ਼ ਦਾ ਸੰਵਿਧਾਨ ਹਰ ਬੰਦੇ ਨੂੰ ਆਪਣੇ ਧਰਮ ਮੁਤਾਬਕ ਚੱਲਣ ਦੀ ਪੂਰੀ ਖੁੱਲ੍ਹ ਦਿੰਦਾ ਹੈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਆਪਣੇ ਹੀ ਮੁਲਕ ਵਿੱਚ ਸਿੱਖ ਬੱਚਿਆਂ ਨਾਲ ਵਾਰ-ਵਾਰ ਅਜਿਹਾ ਧੱਕਾ ਤੇ ਵਿਤਕਰਾ ਹੋ ਰਿਹਾ ਹੈ।
Publish Date: Sat, 28 Nov 2026 09:30 AM (IST)
Updated Date: Sat, 28 Nov 2026 09:32 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਪਟਵਾਰੀ ਭਰਤੀ ਦੇ ਪੇਪਰ ਦੌਰਾਨ ਇੱਕ ਅੰਮ੍ਰਿਤਧਾਰੀ ਸਿੱਖ ਧੀ ਬੀਬੀ ਰਾਜਵਿੰਦਰ ਕੌਰ ਨੂੰ ਕਕਾਰ ਕਿਰਪਾਨ/ਕੜਾ ਆਦਿ ਪਾਏ ਹੋਣ ਕਰਕੇ ਪ੍ਰੀਖਿਆ ਕੇਂਦਰ ਦੇ ਅੰਦਰ ਵੜਨ ਤੋਂ ਰੋਕਣ ਵਾਲੀ ਘਟਨਾ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਕਰੜੇ ਲਫ਼ਜ਼ਾਂ 'ਚ ਨਿੰਦਾ ਕੀਤੀ ਹੈ।
ਬਰਨਾਲਾ ਵਿਖੇ ਇਕ ਖ਼ਾਸ ਮਿਲਣੀ ਦੌਰਾਨ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਆਖਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਹੋਏ ਪੰਜ ਕਕਾਰ ਹਰ ਅੰਮ੍ਰਿਤਧਾਰੀ ਸਿੱਖ ਦੀ ਜਿੰਦ-ਜਾਨ ਹਨ, ਜਿਨ੍ਹਾਂ ਨੂੰ ਕੋਈ ਵੀ ਸਿੱਖ ਕਿਸੇ ਵੀ ਕੀਮਤ ’ਤੇ ਆਪਣੇ ਪਿੰਡੇ ਤੋਂ ਵੱਖ ਨਹੀਂ ਕਰ ਸਕਦਾ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭਾਵੇਂ ਦੇਸ਼ ਦਾ ਸੰਵਿਧਾਨ ਹਰ ਬੰਦੇ ਨੂੰ ਆਪਣੇ ਧਰਮ ਮੁਤਾਬਕ ਚੱਲਣ ਦੀ ਪੂਰੀ ਖੁੱਲ੍ਹ ਦਿੰਦਾ ਹੈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਆਪਣੇ ਹੀ ਮੁਲਕ ਵਿੱਚ ਸਿੱਖ ਬੱਚਿਆਂ ਨਾਲ ਵਾਰ-ਵਾਰ ਅਜਿਹਾ ਧੱਕਾ ਤੇ ਵਿਤਕਰਾ ਹੋ ਰਿਹਾ ਹੈ। ਪੇਪਰਾਂ ਜਾਂ ਭਰਤੀਆਂ ਵੇਲੇ ਕਕਾਰ ਲਹਾਉਣ ਲਈ ਮਜਬੂਰ ਕਰਨਾ ਸਿੱਖਾਂ ਦੇ ਧਾਰਮਿਕ ਹੱਕਾਂ ’ਤੇ ਸਿੱਧਾ ਡਾਕਾ ਹੈ।
ਜਥੇਦਾਰ ਸਾਹਿਬ ਨੇ ਆਖਿਆ ਕਿ ਅਜਿਹੀਆਂ ਮਾੜੀਆਂ ਹਰਕਤਾਂ ਨਾਲ ਜਿੱਥੇ ਸਿੱਖ ਨੌਜਵਾਨਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਦੀ ਪੜ੍ਹਾਈ-ਲਿਖਾਈ ਤੇ ਚੰਗੇ ਭਵਿੱਖ ਨਾਲ ਵੀ ਸਿੱਧਾ ਖਿਲਵਾੜ ਹੁੰਦਾ ਹੈ। ਉਨ੍ਹਾਂ ਹਿਮਾਚਲ ਸਰਕਾਰ ਅਤੇ ਭਰਤੀ ਬੋਰਡ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਤੁਰੰਤ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ ਅਤੇ ਜਿਨ੍ਹਾਂ ਅਫ਼ਸਰਾਂ ਨੇ ਇਹ ਅਣਗਹਿਲੀ ਵਰਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਪੀੜਤ ਧੀ ਬੀਬੀ ਰਾਜਵਿੰਦਰ ਕੌਰ ਦੀ ਕੀਤੀ ਹੋਈ ਮਿਹਨਤ ਨੂੰ ਵੇਖਦਿਆਂ ਉਸ ਦਾ ਪੇਪਰ ਦੁਬਾਰਾ ਲੈਣ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ। ਸਿੰਘ ਸਾਹਿਬ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤਾੜਨਾ ਕਰਦਿਆਂ ਅਪੀਲ ਕੀਤੀ ਕਿ ਅਗਾਂਹ ਤੋਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਮੁਲਕ ਦੇ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਸਿੱਖ ਕਕਾਰਾਂ ਦੇ ਮਾਣ-ਸਤਿਕਾਰ ਬਾਰੇ ਪੱਕੀਆਂ ਤੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ।