ਚੋਣਾਂ ਦੀ ਵੀਡੀਓਗ੍ਰਾਫੀ ਦਾ ਮਾਮਲਾ : ਪ੍ਰਸ਼ਾਸਨ ਨੇ ਅਕਾਲੀ ਆਗੂਆਂ ਨੂੰ ਅਗਲੇ ਹਫ਼ਤੇ ਫੁਟੇਜ ਦੇਣ ਦਾ ਦਿੱਤਾ ਭਰੋਸਾ ਚੋਣਾਂ ਦੀ ਵੀਡੀਓਗ੍ਰਾਫੀ ਦਾ ਮਾਮਲਾ: ਪ੍ਰਸ਼ਾਸਨ ਨੇ ਅਕਾਲੀ ਆਗੂਆਂ ਨੂੰ ਅਗਲੇ ਹਫ਼ਤੇ ਫੁਟੇਜ ਦੇਣ ਦਾ ਦਿੱਤਾ ਭਰੋਸਾ
Publish Date: Wed, 08 Jul 2026 03:26 PM (IST)
Updated Date: Wed, 08 Jul 2026 03:27 PM (IST)
- ਏਡੀਸੀ ਦਫ਼ਤਰ ਵਿਖੇ ਹੋਈ ਮੁਲਾਕਾਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਲੰਘੀਆਂ ਚੋਣਾਂ ਦੌਰਾਨ ਹੋਈ ਵੀਡੀਓਗ੍ਰਾਫੀ ਦੀ ਫੁਟੇਜ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਨ੍ਹਾਂ ਨੂੰ ਇਹ ਫੁਟੇਜ ਮੁਹੱਈਆ ਨਹੀਂ ਕਰਵਾਈ ਗਈ। ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਇਸ ਮਾਮਲੇ ’ਚ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ ਤੇ ਬੁੱਧਵਾਰ ਨੂੰ ਫਿਰ ਉਨ੍ਹਾਂ ਨੂੰ ਅਗਲੇ ਹਫ਼ਤੇ ਫੁਟੇਜ ਦੇਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਗਿਆ। ਕੀ ਹੈ ਪੂਰਾ ਮਾਮਲਾ : ਵਾਰਡ ਨੰਬਰ 36 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਚੋਣਾਂ ਦੀ ਵੀਡੀਓਗ੍ਰਾਫੀ ਹਾਸਲ ਕਰਨ ਲਈ ਬੀਤੀ 1 ਜੂਨ ਨੂੰ ਇੱਕ ਆਰਟੀਆਈ ਦਾਇਰ ਕੀਤੀ ਸੀ। ਪ੍ਰਸ਼ਾਸਨ ਵੱਲੋਂ ਕੋਈ ਠੋਸ ਜਵਾਬ ਨਾ ਮਿਲਣ ’ਤੇ, ਉਨ੍ਹਾਂ ਨੇ ਚੰਡੀਗੜ੍ਹ ਦੇ ਪ੍ਰਸਿੱਧ ਵਕੀਲ ਕੀਰਤਪਾਲ ਧਾਲੀਵਾਲ ਰਾਹੀਂ 25 ਜੂਨ 2026 ਨੂੰ ਪ੍ਰਸ਼ਾਸਨ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਹਾਈਕੋਰਟ ਵੱਲੋਂ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ, ਇਸ ਮਾਮਲੇ ’ਚ ਇੱਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਦੀ ਅਗਲੀ ਸੁਣਵਾਈ 22 ਤਾਰੀਖ਼ ਤੈਅ ਕੀਤੀ ਗਈ ਹੈ। ਏਡੀਸੀ ਦਫ਼ਤਰ ਵਿਖੇ ਹੋਈ ਮੁਲਾਕਾਤ : ਹਾਈਕੋਰਟ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਏਡੀਸੀ ਦਫ਼ਤਰ ਵੱਲੋਂ ਅਕਾਲੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਤੇ ਵੀਡੀਓਗ੍ਰਾਫੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਇਸੇ ਸਿਲਸਿਲੇ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਦੁਬਾਰਾ ਏਡੀਸੀ ਨੂੰ ਮਿਲਣ ਪਹੁੰਚਿਆ। ਮੁਲਾਕਾਤ ਦੌਰਾਨ ਏਡੀਸੀ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਹਫ਼ਤੇ ਤੱਕ, ਜਿਸ ਵੀ ਵਾਰਡ ਵੱਲੋਂ ਫੁਟੇਜ ਮੰਗੀ ਗਈ ਹੈ, ਉਹ ਸਬੰਧਿਤ ਉਮੀਦਵਾਰ ਨੂੰ ਸੌਂਪ ਦਿੱਤੀ ਜਾਵੇਗੀ। ਏਡੀਸੀ ਨੂੰ ਮਿਲਣ ਪਹੁੰਚੇ ਵਫ਼ਦ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਰੁਪਿੰਦਰ ਸਿੰਘ ਸੰਧੂ ਸੀਨੀਅਰ ਅਕਾਲੀ ਆਗੂ, ਸੰਜੀਵ ਸ਼ੋਰੀ ਸੂਬਾ ਮੀਤ ਪ੍ਰਧਾਨ, ਜਤਿੰਦਰ ਜਿੰਮੀ ਸੀਨੀਅਰ ਅਕਾਲੀ ਆਗੂ, ਤੇਜਿੰਦਰ ਸਿੰਘ ਸੋਨੀ ਜਾਗਲ ਸਾਬਕਾ ਐੱਮਸੀ, ਅੰਮ੍ਰਿਤਪਾਲ ਪਾਲੀ ਸੰਘੇੜਾ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਹਫ਼ਤੇ ਵੀ ਪ੍ਰਸ਼ਾਸਨ ਨੇ ਆਪਣੇ ਵਾਅਦੇ ਮੁਤਾਬਿਕ ਫੁਟੇਜ ਨਾ ਦਿੱਤੀ, ਤਾਂ ਉਹ ਕਾਨੂੰਨੀ ਲੜਾਈ ਨੂੰ ਹੋਰ ਤੇਜ਼ ਕਰਨਗੇ।