ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਜੱਗ-ਜ਼ਾਹਿਰ: ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਦੀ ਹਾਜ਼ਰੀ 'ਚ ਵਿਧਾਇਕ ਕਾਲਾ ਢਿੱਲੋਂ ਦੇ ਤਿੱਖੇ ਤੇਵਰ ਆਪਣੇ ਸੰਬੋਧਨ ਦੌਰਾਨ ਕਾਲਾ ਢਿੱਲੋਂ ਨੇ ਬਿਨਾਂ ਕਿਸੇ ਦਾ ਨਾਮ ਲਏ ਪਾਰਟੀ ਅੰਦਰ ਹੋ ਰਹੀ ਦਖ਼ਲਅੰਦਾਜ਼ੀ ਅਤੇ ਕੁਝ ਆਗੂਆਂ ਦੀ ਕਾਰਜਸ਼ੈਲੀ 'ਤੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਵਰਕਰਾਂ 'ਤੇ ਪੂਰਾ ਭਰੋਸਾ ਕੀਤਾ ਜਾਂਦਾ ਤਾਂ ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਆਸ-ਪਾਸ ਦੀਆਂ ਕਈ ਹੋਰ ਵਿਧਾਨ ਸਭਾ ਸੀਟਾਂ 'ਤੇ ਵੀ ਕਾਂਗਰਸ ਹੋਰ ਬਿਹਤਰ ਨਤੀਜੇ ਹਾਸਲ ਕਰ ਸਕਦੀ ਸੀ।
Publish Date: Mon, 03 Aug 2026 04:27 PM (IST)
Updated Date: Mon, 03 Aug 2026 04:30 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,ਬਰਨਾਲਾ । ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਵਰਕਰ ਮਿਲਣੀ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਭਾਸ਼ਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਸਮਾਗਮ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸਮੇਤ ਕਈ ਸੂਬਾਈ ਆਗੂ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਕਾਲਾ ਢਿੱਲੋਂ ਨੇ ਬਿਨਾਂ ਕਿਸੇ ਦਾ ਨਾਮ ਲਏ ਪਾਰਟੀ ਅੰਦਰ ਹੋ ਰਹੀ ਦਖ਼ਲਅੰਦਾਜ਼ੀ ਅਤੇ ਕੁਝ ਆਗੂਆਂ ਦੀ ਕਾਰਜਸ਼ੈਲੀ 'ਤੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਵਰਕਰਾਂ 'ਤੇ ਪੂਰਾ ਭਰੋਸਾ ਕੀਤਾ ਜਾਂਦਾ ਤਾਂ ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਆਸ-ਪਾਸ ਦੀਆਂ ਕਈ ਹੋਰ ਵਿਧਾਨ ਸਭਾ ਸੀਟਾਂ 'ਤੇ ਵੀ ਕਾਂਗਰਸ ਹੋਰ ਬਿਹਤਰ ਨਤੀਜੇ ਹਾਸਲ ਕਰ ਸਕਦੀ ਸੀ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਬਰਨਾਲਾ ਦੀ ਜਿੱਤ ਰਾਸ ਨਹੀਂ ਆ ਰਹੀ ਅਤੇ ਉਹ ਲਗਾਤਾਰ ਜ਼ਿਲ੍ਹੇ ਦੇ ਮਾਮਲਿਆਂ ਵਿੱਚ ਬਿਨਾਂ ਲੋੜ ਦਖ਼ਲ ਦੇ ਰਹੇ ਹਨ।
'ਹਮੇਸ਼ਾ ਸਤਿਕਾਰ ਦੀ ਰਾਜਨੀਤੀ ਕੀਤੀ, ਪਰ ਹਰ ਗੱਲ ਦੀ ਇੱਕ ਹੱਦ ਹੁੰਦੀ ਹੈ' ਕਾਲਾ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਮਾਜ ਅਤੇ ਪਾਰਟੀ ਵਿੱਚ ਸ਼ਰਾਫ਼ਤ, ਸਤਿਕਾਰ ਅਤੇ ਅਨੁਸ਼ਾਸਨ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਦਾ ਯਤਨ ਹਮੇਸ਼ਾ ਇਹੀ ਰਿਹਾ ਹੈ ਕਿ ਹਰ ਆਗੂ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ ਅਤੇ ਪਾਰਟੀ ਦੀ ਏਕਤਾ ਨੂੰ ਮਜ਼ਬੂਤ ਰੱਖਿਆ ਜਾਵੇ।
ਉਨ੍ਹਾਂ ਕਿਹਾ, "ਜੇਕਰ ਕੋਈ ਮੇਰੀ ਸ਼ਰਾਫ਼ਤ ਨੂੰ ਮੇਰੀ ਕਮਜ਼ੋਰੀ ਸਮਝਦਾ ਹੈ ਤਾਂ ਇਹ ਉਸ ਦੀ ਗਲਤਫ਼ਹਿਮੀ ਹੈ। ਚਾਹੇ ਉਹ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਹ ਮੈਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੇ।"
'ਮੇਰੀ ਅਸਲ ਤਾਕਤ ਮੇਰੇ ਵਰਕਰ ਹਨ'
ਕਾਲਾ ਢਿੱਲੋਂ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਬਹੁਤ ਵੱਡਾ ਧਨ ਹੈ ਅਤੇ ਨਾ ਹੀ ਕੋਈ ਵੱਡੀ ਸਿਆਸੀ ਪਹੁੰਚ ਜਾਂ ਪ੍ਰਭਾਵਸ਼ਾਲੀ ਸਹਾਰਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੇ ਸਮਰਪਿਤ ਵਰਕਰ ਹਨ।
ਉਨ੍ਹਾਂ ਕਿਹਾ, "ਮੇਰੇ ਕੋਲ ਨਾ ਵੱਡਾ ਪੈਸਾ ਹੈ, ਨਾ ਵੱਡੇ ਲੀਡਰਾਂ ਨਾਲ ਕੋਈ ਖ਼ਾਸ ਲਿਹਾਜ਼ ਹੈ। ਮੈਂ ਆਪਣੀ ਰਾਜਨੀਤੀ ਆਪਣੇ ਵਰਕਰਾਂ ਦੇ ਭਰੋਸੇ ਕਰਦਾ ਹਾਂ। ਜਦੋਂ ਤੱਕ ਮੇਰੇ ਵਰਕਰ ਮੇਰੇ ਨਾਲ ਖੜ੍ਹੇ ਹਨ, ਉਦੋਂ ਤੱਕ ਕੋਈ ਵੀ ਮੈਨੂੰ ਦਬਾ ਨਹੀਂ ਸਕਦਾ।" ਉਨ੍ਹਾਂ ਦੇ ਇਸ ਬਿਆਨ ਦਾ ਵਰਕਰਾਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਸਮਾਗਮ ਦੌਰਾਨ ਕਈ ਵਾਰ ਸਮਰਥਨ ਵਿੱਚ ਨਾਅਰੇ ਵੀ ਲੱਗੇ।
ਕਾਲਾ ਢਿੱਲੋਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਕਿ 2024 ਦੀ ਬਰਨਾਲਾ ਵਿਧਾਨ ਸਭਾ ਉਪ ਚੋਣ ਵਿੱਚ ਮਿਲੀ ਜਿੱਤ ਪਾਰਟੀ ਵਰਕਰਾਂ ਦੀ ਮਿਹਨਤ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਇਸ ਜਿੱਤ ਵਿੱਚ ਹਰ ਵਰਕਰ ਨੇ ਦਿਨ-ਰਾਤ ਇੱਕ ਕੀਤਾ ਅਤੇ ਇਸੇ ਕਾਰਨ ਕਾਂਗਰਸ ਪੰਜਾਬ ਵਿੱਚ ਇਕੱਲੀ ਇਹ ਸੀਟ ਜਿੱਤਣ ਵਿੱਚ ਕਾਮਯਾਬ ਰਹੀ। ਉਨ੍ਹਾਂ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੇ ਸਨਮਾਨ ਅਤੇ ਹੱਕਾਂ ਦੀ ਰੱਖਿਆ ਲਈ ਉਹ ਹਰ ਮੰਚ 'ਤੇ ਡਟ ਕੇ ਖੜ੍ਹੇ ਰਹਿਣਗੇ।
ਕਾਲਾ ਢਿੱਲੋਂ ਦੇ ਇਸ ਭਾਸ਼ਣ ਤੋਂ ਬਾਅਦ ਬਰਨਾਲਾ ਹੀ ਨਹੀਂ, ਸਗੋਂ ਪੰਜਾਬ ਦੀ ਸਿਆਸਤ ਵਿੱਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ।
ਚਰਚਾ ਇਹ ਵੀ ਹੈ ਕਿ ਕਾਲਾ ਢਿੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ, ਜਦਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਬਰਨਾਲਾ ਹਲਕੇ ਵਿੱਚ ਵੱਧ ਸਰਗਰਮੀ ਦਿਖਾਈ ਜਾ ਰਹੀ ਹੈ।
ਅਜਿਹੇ ਹਾਲਾਤਾਂ ਵਿੱਚ ਕਾਲਾ ਢਿੱਲੋਂ ਦੇ ਇਸ ਸੰਬੋਧਨ ਨੂੰ ਪਾਰਟੀ ਅੰਦਰ ਚੱਲ ਰਹੇ ਸਮੀਕਰਨਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹਾ ਇਕਾਈ ਨਾਲ ਜੁੜੇ ਕੁਝ ਆਗੂਆਂ ਨੂੰ ਸੂਬਾ ਪੱਧਰ ਦੀਆਂ ਚੇਅਰਮੈਨੀਆਂ ਦਿੱਤੇ ਜਾਣ ਨੂੰ ਵੀ ਸਿਆਸੀ ਮਾਹਰ ਇਸੇ ਪਿਛੋਕੜ ਨਾਲ ਜੋੜ ਕੇ ਦੇਖ ਰਹੇ ਹਨ। ਚਰਚਾ ਹੈ ਕਿ ਇਨ੍ਹਾਂ ਨਿਯੁਕਤੀਆਂ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨਾਲ ਕੋਈ ਵਿਸ਼ੇਸ਼ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਨਾਰਾਜ਼ਗੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਆਉਣ ਵਾਲੇ ਦਿਨਾਂ 'ਤੇ ਰਹੇਗੀ ਨਜ਼ਰ ਵਰਕਰ ਮਿਲਣੀ ਵਿੱਚ ਕਾਲਾ ਢਿੱਲੋਂ ਦੇ ਬਿਆਨ ਤੋਂ ਬਾਅਦ ਹੁਣ ਸਿਆਸੀ ਹਲਕਿਆਂ ਦੀ ਨਜ਼ਰ ਕਾਂਗਰਸ ਦੀ ਅਗਲੀ ਰਣਨੀਤੀ ਅਤੇ ਪਾਰਟੀ ਹਾਈਕਮਾਨ ਦੇ ਰੁਖ਼ 'ਤੇ ਟਿਕੀ ਹੋਈ ਹੈ। ਹਾਲਾਂਕਿ ਕਾਲਾ ਢਿੱਲੋਂ ਨੇ ਕਿਸੇ ਵੀ ਆਗੂ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਸੰਦੇਸ਼ ਨੂੰ ਪਾਰਟੀ ਅੰਦਰ ਆਪਣੀ ਸਥਿਤੀ ਅਤੇ ਵਰਕਰਾਂ ਦੀ ਤਾਕਤ ਦਾ ਖੁੱਲ੍ਹਾ ਪ੍ਰਗਟਾਵਾ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਕਾਂਗਰਸ ਦੀ ਜ਼ਿਲ੍ਹਾ ਅਤੇ ਸੂਬਾ ਇਕਾਈ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ।