- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਪੰਜਾਬੀ ਜਾਗਰਣ' ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵੀ ਖ਼ੂਬ ਵਾਇਰਲ ਹੋਈ। ਜ਼ਿਲ੍ਹਾ ਬਰਨਾਲਾ, ਆਸ-ਪਾਸ ਦੇ ਪਿੰਡਾਂ ਅਤੇ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ 'ਸਿਹਤ ਕ੍ਰਾਂਤੀ' ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਤਿੱਖੀਆਂ ਟਿੱਪਣੀਆਂ ਕੀਤੀਆਂ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਲਈ ਖੁਆਰ ਹੋ ਰਹੇ ਮਰੀਜ਼ਾਂ ਦੀ ਦੁਰਦਸ਼ਾ ਦਾ ਮੁੱਦਾ 'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਵਿੱਚ ਆਇਆ।
ਇਸ ਮਾਮਲੇ ਵਿੱਚ ਤੇਜ਼ੀ ਤਦ ਆਈ ਜਦੋਂ ਬਰਨਾਲਾ ਲਾਠੀਚਾਰਜ ਕਾਂਡ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਕਰਮਚਾਰੀਆਂ ਦਾ ਹਾਲ-ਚਾਲ ਜਾਣਨ ਲਈ 'ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ' ਦੇ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਆਪਣੀ ਪੂਰੀ ਟੀਮ ਸਮੇਤ ਬਰਨਾਲਾ ਦੇ ਸਿਵਿਲ ਹਸਪਤਾਲ ਪਹੁੰਚੇ।
--ਸਫ਼ਾਈ ਕਰਮਚਾਰੀਆਂ ਨੇ ਸੁਣਾਈ ਹੱਡ-ਬੀਤੀ
ਮੁਲਾਕਾਤ ਦੌਰਾਨ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੇ ਉਪ-ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਹਸਪਤਾਲ ਵਿੱਚ ਐਕਸ-ਰੇ ਮਸ਼ੀਨ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪੱਲਿਓਂ 800 ਰੁਪਏ ਖ਼ਰਚ ਕੇ ਬਾਹਰੋਂ ਨਿੱਜੀ ਲੈਬਾਂ ਤੋਂ ਐਕਸ-ਰੇ ਕਰਵਾਉਣੇ ਪਏ ਹਨ। ਕਰਮਚਾਰੀਆਂ ਨੇ ਦੱਸਿਆ ਕਿ ਸਿਵਿਲ ਹਸਪਤਾਲ ਵਿੱਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਐਕਸ-ਰੇ ਮਸ਼ੀਨ ਤੱਕ ਮੁਹੱਈਆ ਨਹੀਂ ਹੈ, ਜਦਕਿ ਵੈਂਟੀਲੇਟਰ ਅਤੇ ਹੋਰ ਆਧੁਨਿਕ ਮਸ਼ੀਨਰੀ ਦੀ ਘਾਟ ਤਾਂ ਪਹਿਲਾਂ ਤੋਂ ਹੀ ਬਣੀ ਹੋਈ ਹੈ।
--ਕਮਿਸ਼ਨ ਦੀ ਸਖ਼ਤੀ ਅਤੇ 24 ਘੰਟਿਆਂ ਦਾ ਸਮਾਂ
ਜਦੋਂ 'ਪੰਜਾਬੀ ਜਾਗਰਣ' ਦੀ ਟੀਮ ਨੇ ਇਹ ਪੂਰਾ ਮਾਮਲਾ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਦੇ ਧਿਆਨ ਵਿੱਚ ਲਿਆਂਦਾ, ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਤੁਰੰਤ ਐਕਸ-ਰੇ ਰੂਮ ਦਾ ਦੌਰਾ ਕੀਤਾ। ਮੌਕੇ 'ਤੇ ਹੀ ਉਨ੍ਹਾਂ ਨੇ ਮਸ਼ੀਨ ਠੀਕ ਕਰਨ ਵਾਲੀ ਤਕਨੀਕੀ ਟੀਮ ਨੂੰ ਬੁਲਾਇਆ ਅਤੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ 24 ਘੰਟਿਆਂ ਦੇ ਅੰਦਰ-ਅੰਦਰ ਇਹ ਮਸ਼ੀਨ ਚਾਲੂ ਹੋ ਕੇ ਮਰੀਜ਼ਾਂ ਦੀ ਸੇਵਾ ਵਿੱਚ ਸ਼ੁਰੂ ਨਾ ਹੋਈ, ਤਾਂ ਸਿਵਿਲ ਸਰਜਨ ਬਰਨਾਲਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
--ਸੋਸ਼ਲ ਮੀਡੀਆ 'ਤੇ ਖ਼ਬਰ ਹੋਈ ਸੀ ਵਾਇਰਲ
'ਪੰਜਾਬੀ ਜਾਗਰਣ' ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵੀ ਖ਼ੂਬ ਵਾਇਰਲ ਹੋਈ। ਜ਼ਿਲ੍ਹਾ ਬਰਨਾਲਾ, ਆਸ-ਪਾਸ ਦੇ ਪਿੰਡਾਂ ਅਤੇ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ 'ਸਿਹਤ ਕ੍ਰਾਂਤੀ' ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਤਿੱਖੀਆਂ ਟਿੱਪਣੀਆਂ ਕੀਤੀਆਂ।
ਵੀਰਵਾਰ ਨੂੰ ਮਸ਼ੀਨ ਹੋਈ ਚਾਲੂ, ਮਰੀਜ਼ਾਂ ਨੇ ਪ੍ਰਗਟਾਇਆ ਧੰਨਵਾਦ
ਵੀਰਵਾਰ ਨੂੰ ਜਦੋਂ ਪੰਜਾਬੀ ਜਾਗਰਭ ਦੀ ਟੀਮ ਨੇ ਦੋਬਾਰਾ ਹਸਪਤਾਲ ਦਾ ਜਾਇਜ਼ਾ ਲਿਆ, ਤਾਂ ਐਕਸ-ਰੇ ਮਸ਼ੀਨ ਪੂਰੀ ਤਰ੍ਹਾਂ ਚਾਲੂ ਹਾਲਤ ਵਿੱਚ ਮਿਲੀ। ਮੌਕੇ 'ਤੇ ਚਾਰ ਮਾਹਿਰ ਰੇਡੀਓਗਰਾਫ਼ਰਾਂ ਦੀ ਟੀਮ ਵੀ ਤਾਇਨਾਤ ਸੀ, ਜਿਨ੍ਹਾਂ ਵਿੱਚ ਸੀਨੀਅਰ ਰੇਡੀਓਗਰਾਫ਼ਰ ਜਸਵਿੰਦਰ ਕੌਰ, ਰੇਡੀਓਗਰਾਫ਼ਰ ਸਿੰਪਲ ਸਿੰਘ, ਰੇਡੀਓਗਰਾਫ਼ਰ ਨਵਨੀਤ ਕੌਰ ਤੇ ਰੇਡੀਓਗਰਾਫ਼ਰ ਸਰਬਜੀਤ ਕੌਰ ਦੀ ਟੀਮ ਨੇ ਸਾਂਝੇ ਤੌਰ 'ਤੇ ਪੁਸ਼ਟੀ ਕੀਤੀ ਕਿ ਮਸ਼ੀਨ ਨੂੰ ਵੀਰਵਾਰ ਨੂੰ ਹੀ ਚਾਲੂ ਕੀਤਾ ਗਿਆ ਹੈ ਅਤੇ ਸਵੇਰ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਲਗਭਗ 30 ਮਰੀਜ਼ਾਂ ਦੇ ਐਕਸ-ਰੇ ਕੀਤੇ ਜਾ ਚੁੱਕੇ ਸਨ।
ਹਸਪਤਾਲ ਵਿੱਚ ਇਲਾਜ ਅਤੇ ਐਕਸ-ਰੇ ਕਰਵਾਉਣ ਆਏ ਮਰੀਜ਼ਾਂ ਨੇ ਇਸ ਰਾਹਤ ਲਈ 'ਪੰਜਾਬੀ ਜਾਗਰਣ' ਅਦਾਰੇ ਅਤੇ ਦਿੱਲੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਸਿੰਘ ਗਿੱਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ।