ਪਦਮਸ਼੍ਰੀ ਸ਼ੰਟੀ ਤੇ ਖਾਲੜਾ ਨੂੰ ਆਦਰਸ਼ ਮੰਨ ਕੇ ਮਨੁੱਖੀ ਹੱਕਾਂ ਦੀ ਰਾਖੀ ਕਰਾਂਗਾ : ਜਤਿੰਦਰ ਦੇਵਗਨ ਪਦਮਸ਼੍ਰੀ ਜਤਿੰਦਰ ਸ਼ੰਟੀ ਤੇ ਜਸਵੰਤ ਸਿੰਘ ਖਾਲੜਾ ਨੂੰ ਆਦਰਸ਼ ਮੰਨ ਕੇ ਮਨੁੱਖੀ ਹੱਕਾਂ ਦੀ ਰਾਖੀ ਕਰਾਂਗਾ: ਜਤਿੰਦਰ ਦੇਵਗਨ
Publish Date: Sun, 12 Jul 2026 04:39 PM (IST)
Updated Date: Sun, 12 Jul 2026 04:39 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦੇ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਜਤਿੰਦਰ ਦੇਵਗਨ ਨੇ ਇੱਕ ਵੱਡੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਤੇ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਰਹਿਬਰ ਮੰਨ ਕੇ ਆਮ ਲੋਕਾਂ ਦੇ ਹੱਕਾਂ-ਹਕੂਕਾਂ ਦੀ ਰਾਖੀ ਵਾਸਤੇ ਪੂਰੇ ਤਣ-ਮਨ ਨਾਲ ਠੋਸ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਬੰਦੇ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਸਤੇ ਜੇ ਉਨ੍ਹਾਂ ਨੂੰ ਕੋਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਦੇਣੀ ਪਈ, ਤਾਂ ਉਹ ਪਿੱਛੇ ਨਹੀਂ ਹਟਣਗੇ। ਪੀੜਤ ਲੋਕਾਂ ਨੂੰ ਅਪੀਲ ਤੇ ਅਫ਼ਸਰਾਂ ਨੂੰ ਤਾੜਨਾ : ਦੇਵਗਨ ਨੇ ਦੁਖੀ ਤੇ ਪੀੜਤ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਜਿਹੜਾ ਵੀ ਕੋਈ ਸਰਕਾਰੀ ਅਫ਼ਸਰ ਜਾਂ ਮੁਲਾਜ਼ਮ ਤੁਹਾਡੇ ਹੱਕਾਂ ਨੂੰ ਛਿੱਕੇ ਟੰਗਦਾ ਹੈ ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਉਹਦੇ ਬਾਰੇ ਨਿਧੜਕ ਹੋ ਕੇ ਸਾਨੂੰ ਦੱਸੋ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਸਾਰੇ ਸਬੂਤਾਂ ਤੇ ਤੱਥਾਂ ਨੂੰ ਜੋੜ ਕੇ ਇੱਕ ਪੱਕੀ ਰਿਪੋਰਟ ਤਿਆਰ ਕੀਤੀ ਜਾਵੇਗੀ। ਇਹ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਅਤੇ ਕਮਿਸ਼ਨ ਦੇ ਚੇਅਰਮੈਨ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਅਫ਼ਸਰ ਕਾਨੂੰਨ ਨੂੰ ਆਪਣੇ ਹੱਥ ’ਚ ਲੈ ਕੇ ਕਿਸੇ ਗ਼ਰੀਬ ਜਾਂ ਆਮ ਬੰਦੇ ਦੇ ਹੱਕਾਂ ਦਾ ਘਾਣ ਕਰੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਸਖ਼ਤ ਤੋਂ ਸਖ਼ਤ ਕਾਰਵਾਈ ਹਰ ਹਾਲ ਵਿੱਚ ਕਰਵਾਈ ਜਾਵੇਗੀ। ਹੱਕਾਂ ਦੀ ਰਾਖੀ ਲਈ ਪੱਕਾ ਅਹਿਦ : ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਜਤਿੰਦਰ ਦੇਵਗਨ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਆਪਣੀ ਕੁਰਸੀ ਦੇ ਨਸ਼ੇ ’ਚ ਕਿਸੇ ਇਨਸਾਨ ਦੇ ਮਨੁੱਖੀ ਅਧਿਕਾਰਾਂ ਨੂੰ ਲਤਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉਸੇ ਵੇਲੇ ਐਕਸ਼ਨ ਲੈਣਗੇ। ਉਹ ਖੁਦ ਸਾਰੀ ਰਿਪੋਰਟ ਤਿਆਰ ਕਰ ਕੇ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੇ ਪੇਸ਼ ਕਰਨਗੇ ਤਾਂ ਜੋ ਅਜਿਹੇ ਅਫ਼ਸਰਾਂ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ-ਭਉ ਦੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ।