ਬਰਨਾਲਾ 'ਚ ਵਾਤਾਵਰਨ ਦਾ ਘਾਣ: ਸੜਕਾਂ ਕਿਨਾਰੇ ਖੜ੍ਹੇ ਸੈਂਕੜੇ ਰੁੱਖ ਅੱਗ ਦੀ ਭੇਟ ਚੜ੍ਹੇ, ਵਣ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ
ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਅਤੇ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜੇ ਹਰੇ ਭਰੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆਉਣ ਕਰਕੇ ਸੜ ਕੇ ਸੁਆਹ ਹੋ ਜਾਂਦੇ ਹਨ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਹਰੇ ਭਰੇ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਜਿੱਥੇ ਅਸਫਲ ਨਜ਼ਰ ਆ ਰਹੇ ਹਨ, ਉੱਥੇ ਹੀ ਪਿਛਲੇ ਸਮੇਂ ਤੋਂ ਲੈ ਕੇ ਰੁੱਖਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਵਿਆਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਹਨ।
Publish Date: Tue, 07 Jul 2026 11:24 AM (IST)
Updated Date: Tue, 07 Jul 2026 11:29 AM (IST)
ਮੁਖਤਿਆਰ ਪੱਖੋਂ, ਪੰਜਾਬੀ ਜਾਗਰਣ, ਪੱਖੋ ਕਲਾਂ। ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਅਤੇ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜੇ ਹਰੇ ਭਰੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆਉਣ ਕਰਕੇ ਸੜ ਕੇ ਸੁਆਹ ਹੋ ਜਾਂਦੇ ਹਨ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਹਰੇ ਭਰੇ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਜਿੱਥੇ ਅਸਫਲ ਨਜ਼ਰ ਆ ਰਹੇ ਹਨ, ਉੱਥੇ ਹੀ ਪਿਛਲੇ ਸਮੇਂ ਤੋਂ ਲੈ ਕੇ ਰੁੱਖਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਵਿਆਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਹਨ।
ਹਰ ਛੇ ਮਹੀਨੇ ਤੋਂ ਬਾਅਦ ਸੈਂਕੜੇ ਰੁੱਖ ਅੱਗ ਦੀ ਲਪੇਟ ’ਚ ਆਉਣ ਕਰਕੇ ਖ਼ਤਮ ਹੋ ਰਹੇ ਹਨ, ਜਿਸ ਕਰਕੇ ਮਾਰਗਾਂ ਦੀਆਂ ਸਾਈਡਾਂ ਤੋਂ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹਰੇ ਭਰੇ ਰੁੱਖਾਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ।
ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਰ ਛੇ ਮਹੀਨੇ ਬਾਅਦ ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜੇ ਹਰੇ ਭਰੇ ਰੁੱਖਾਂ ਦੇ ਨਾਲ ਲੱਗਦੀਆਂ ਕਾਸ਼ਤਕਾਰ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਜੋ ਕਿ ਅੱਗ ਅੱਗੇ ਵਣ ਵਿਭਾਗ ਬਰਨਾਲਾ ਦੇ ਰੁੱਖਾਂ ਨੂੰ ਪੈ ਜਾਂਦੀ ਹੈ।
ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਵਲੋਂ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਜਿਸ ਕਰਕੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਰੁੱਖ ਅੱਗ ਦੀ ਲਪੇਟ ਵਿਚ ਆਉਣ ਕਰਕੇ ਮਾਰਗਾਂ ਦੀਆਂ ਸਾਈਡਾਂ ’ਤੇ ਸੈਂਕੜੇ ਰੁੱਖ ਲਗਾਉਣ ਦੀ ਜਗ੍ਹਾ ਖਾਲੀ ਪਈ ਹੈ।
ਪਿਛਲੇ ਸਮੇਂ ਤੋਂ ਲੈ ਕੇ ਵਣ ਵਿਭਾਗ ਬਰਨਾਲਾ ਖੁਦ ਹੀ ਆਪਣੀਆਂ ਮਾਰਗਾਂ ਦੀਆਂ ਸਾਈਡਾਂ ’ਤੇ ਖਾਲੀ ਪਈਆਂ ਥਾਵਾਂ ’ਚ ਚੰਗੀਆਂ ਕਿਸਮਾਂ ’ਤੇ ਵਧੀਆਂ ਕੁਆਇਲਟੀ ਦੇ ਬੂਟੇ ਲਗਾਉਣ ਤੋਂ ਪਾਸਾ ਵੱਟ ਰਿਹਾ ਹੈ। ਜਿਸ ਕਰਕੇ ਮਾਰਗਾਂ ਦੀਆਂ ਸਾਈਡਾਂ ਤੋਂ ਦਿਨੋਂ-ਦਿਨ ਹਰੇ ਭਰੇ ਰੁੱਖਾਂ ਦੀ ਗਿਣਤੀ ਘੱਟ ਰਹੀ ਹੈ।
ਬਰਨਾਲਾ ਤੋਂ ਮਾਨਸਾ, ਪੱਖੋ ਕਲਾਂ ਤੋਂ ਤਪਾ ਮੰਡੀ, ਤਪਾ ਮੰਡੀ ਤੋਂ ਬਰਨਾਲਾ, ਬਰਨਾਲਾ ਤੋਂ ਸੰਗਰੂਰ, ਬਰਨਾਲਾ ਤੋਂ ਮੋਗਾ, ਬਰਨਾਲਾ ਤੋਂ ਲੁਧਿਆਣਾ ਆਦਿ ਮਾਰਗਾਂ ਦੀਆਂ ਸਾਈਡਾਂ ’ਤੇ ਦਰਜਨਾਂ ਵਾਪਰੀਆਂ ਅੱਗ ਦੀਆਂ ਘਟਨਾਵਾਂ ’ਚ ਸੈਂਕੜੇ ਰੁੱਖ ਅੱਗ ਦੀ ਲਪੇਟ ’ਚ ਆ ਕੇ ਖ਼ਤਮ ਹੋ ਚੁੱਕੇ ਹਨ।
ਮਾਰਗਾਂ ਦੀਆਂ ਸਾਈਡਾਂ ’ਤੇ ਹਰੇ ਭਰੇ ਰੁੱਖਾਂ ਦੇ ਅੱਗ ਨਾਲ ਸੜਨ ਸਬੰਧੀ ਜਾਣਕਾਰੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਸਿਰਫ਼ ਕਾਗਜ਼ੀ ਖਾਨਾਪੂਰਤੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗਾਂ ਅਤੇ ਮਾਰਗਾਂ ਦੀਆਂ ਸਾਈਡਾਂ ’ਤੇ ਖੜੇ ਅੱਗ ਦੀ ਲਪੇਟ ’ਚ ਹਰੇ ਭਰੇ ਰੁੱਖਾਂ ਦੇ ਨੁਕਸਾਨ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋ ਇਸ ਸਬੰਧੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਨਿਧੀ ਸ੍ਰੀਵਾਸਤਵਾ ਨੇ ਕਿਹਾ ਕਿ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਤੋਂ ਰਿਪੋਰਟ ਮੰਗੀ ਗਈ ਹੈ। ਜਦੋਂ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਅਤੇ ਡੀ.ਐੱਫ.ਐੱਸ.ਓ. ਸੰਗਰੂਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁਕਿਆ। ਵਣ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੌਕਾ ਚੈਕ ਕਰਕੇ ਰਿਪੋਰਟ ਕੀਤੀ ਜਾਵੇਗੀ।