AC ਦੀ ਗੈਸ ਭਰਦੇ ਸਮੇਂ ਵਾਪਰਿਆ ਭਿਆਨਕ ਹਾਦਸਾ: ਜ਼ੋਰਦਾਰ ਧਮਾਕੇ ਕਾਰਨ ਮਕੈਨਿਕ ਦੀ ਮੌਕੇ 'ਤੇ ਹੀ ਦਰਦਨਾਕ ਮੌਤ, ਇਲਾਕੇ 'ਚ ਛਾਇਆ ਮਾਤਮ
ਸਥਾਨਕ ਕੇਸੀ ਰੋਡ ਗਲੀ ਨੰਬਰ 11 ਵਿਖੇ ਇੱਕ ਘਰ ’ਚ ਏਸੀ ਦੀ ਰਿਪੇਅਰ ਕਰਨ ਸਮੇਂ ਵਾਪਰੇ ਦਰਦਨਾਕ ਹਾਦਸੇ ’ਚ ਮਕੈਨਿਕ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਕੈਨਿਕ ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਕੇਸੀ ਰੋਡ ’ਤੇ ਗਲੀ ਨੰਬਰ 11 ਵਿਖੇ ਇੱਕ ਘਰ ’ਚ ਖਰਾਬ ਏਸੀ ਦੀ ਮੁਰੰਮਤ ਕਰਨ ਲਈ ਪਹੁੰਚਿਆ ਸੀ।
Publish Date: Sat, 13 Jun 2026 11:48 AM (IST)
Updated Date: Sat, 13 Jun 2026 11:51 AM (IST)

ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ - ਸਥਾਨਕ ਕੇਸੀ ਰੋਡ ਗਲੀ ਨੰਬਰ 11 ਵਿਖੇ ਇੱਕ ਘਰ ’ਚ ਏਸੀ ਦੀ ਰਿਪੇਅਰ ਕਰਨ ਸਮੇਂ ਵਾਪਰੇ ਦਰਦਨਾਕ ਹਾਦਸੇ ’ਚ ਮਕੈਨਿਕ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਕੈਨਿਕ ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਕੇਸੀ ਰੋਡ ’ਤੇ ਗਲੀ ਨੰਬਰ 11 ਵਿਖੇ ਇੱਕ ਘਰ ’ਚ ਖਰਾਬ ਏਸੀ ਦੀ ਮੁਰੰਮਤ ਕਰਨ ਲਈ ਪਹੁੰਚਿਆ ਸੀ।
ਰਿਪੇਅਰ ਦਾ ਕੰਮ ਚੱਲ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ’ਚ ਹੜਕੰਪ ਮਚ ਗਿਆ ਤੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਇਕੱਠੇ ਹੋ ਗਏ। ਧਮਾਕੇ ’ਚ ਸਿਕੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਅਨੁਮਾਨ ਮੁਤਾਬਕ ਏਸੀ ਦੀ ਮੁਰੰਮਤ ਦੌਰਾਨ ਤਕਨੀਕੀ ਖਰਾਬੀ ਜਾਂ ਗੈਸ ਦੇ ਦਬਾਅ ਕਾਰਨ ਬਲਾਸਟ ਹੋ ਸਕਦਾ ਹੈ, ਹਾਲਾਂਕਿ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਇਸ ਦੁਖਦਾਈ ਘਟਨਾ ਨਾਲ ਪਿੰਡ ਠਿਕਰੀਵਾਲ ਤੇ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਿਕੰਦਰ ਸਿੰਘ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।