ਪੰਜਾਬ 'ਚ ਗੁੰਡਾਗਰਦੀ: ਮਾਰੂ ਹਥਿਆਰਾਂ ਨਾਲ 5 ਨੌਜਵਾਨਾਂ 'ਤੇ ਜਾਨਲੇਵਾ ਹਮਲਾ, ਇੱਕ ਦਰਜਨ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ
ਦਾਣਾ ਮੰਡੀ ਪਿੰਡ ਅਮਲਾ ਸਿੰਘ ਵਾਲਾ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ 5 ਨੌਜਵਾਨਾਂ ਉੱਪਰ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਨੇ ਕਿਰਪਾਨਾ, ਰਾੜਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
Publish Date: Fri, 19 Jun 2026 04:08 PM (IST)
Updated Date: Fri, 19 Jun 2026 04:10 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਦਾਣਾ ਮੰਡੀ ਪਿੰਡ ਅਮਲਾ ਸਿੰਘ ਵਾਲਾ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ 5 ਨੌਜਵਾਨਾਂ ਉੱਪਰ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਨੇ ਕਿਰਪਾਨਾ, ਰਾੜਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਰਾਜਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਆਮਲਾ ਸਿੰਘ ਵਾਲਾ ਨੇ ਦੱਸਿਆ ਕਿ ਇੱਕ ਨੌਜਵਾਨ ਦਾ ਫੋਨ ਤੇ ਗੱਲਾਂ ਕਰਦੇ ਸਮੇਂ ਕਿਸੇ ਦੂਸਰੇ ਨੌਜਵਾਨ ਨਾਲ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਉਹ ਤੇ ਹਰਪ੍ਰੀਤ ਸਿੰਘ, ਹਰਦੀਪ ਸਿੰਘ ਪੁੱਤਰਾਨ ਅਵਤਾਰ ਸਿੰਘ, ਹਰਪ੍ਰੀਤ ਸਿੰਘ ਸੁਖਵੰਤ ਸਿੰਘ ਵਾਸੀ ਸਾਰੇ ਅਮਲਾ ਸਿੰਘ ਵਾਲਾ ਦਾਣਾ ਮੰਡੀ ਵਿਖੇ ਮਸਲਾ ਸੁਲਝਾਉਣ ਗਏ ਸੀ, ਜਿੱਥੇ ਉਕਤ ਨੌਜਵਾਨ ਨੇ ਬਾਹਰੋਂ ਹੋਰ ਮੁੰਡੇ ਦਰਜਨ ਦੇ ਕਰੀਬ ਬੁਲਾ ਲਏ, ਜਿਨਾਂ ਪਾਸ ਲੋਹੇ ਦੀਆਂ ਰਾੜਾਂ ਉੱਪਰ ਮੋਟਰਸਾਈਕਲ ਦੀਆਂ ਗਰਾਰੀਆਂ, ਕਿਰਪਾਨਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਦ ਅਸੀਂ ਬਚਾਓ ਲਈ ਉੱਚੀ ਉੱਚੀ ਰੌਲਾ ਪਾਇਆ ਤਾਂ ਉਕਤ ਹਮਲਾਵਰ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਭੱਜ ਗਏ, ਜਿਸ ਤੋਂ ਬਾਅਦ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਦੀ ਟੀਮ ਨੇ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਏਮਜ਼ ਹਸਪਤਾਲ ਰੈਫਰ ਕਰ ਦਿੱਤਾ, ਜਿਸ ਦੇ ਸਿਰ ਉੱਪਰ ਕਾਫੀ ਗੰਭੀਰ ਸੱਟ ਲੱਗੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਦੇ ਵੀ ਕਾਫੀ ਸੱਟਾਂ ਹਨ, ਜਿਨਾਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਚੱਲ ਰਿਹਾ ਹੈ।
ਜਦੋਂ ਇਸ ਸਬੰਧੀ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਖਮੀਆਂ ਦੇ ਬਿਆਨਾਂ ਤੇ ਹਮਲਾਵਰਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨਾਂ ਨੂੰ ਜਲਦੀ ਗਿਰਫਤਾਰ ਕਰ ਲਿਆ ਜਾਵੇਗਾ।