ਚੋਣਾਂ ਦੀ ਵੀਡੀਓਗ੍ਰਾਫੀ ਵਿਵਾਦ: ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਅਗਲੇ ਹਫ਼ਤੇ ਅਕਾਲੀ ਆਗੂਆਂ ਨੂੰ ਸੌਂਪੀ ਜਾਵੇਗੀ ਫੁਟੇਜ ਲੰਘੀਆਂ ਚੋਣਾਂ ਦੌਰਾਨ ਹੋਈ ਵੀਡੀਓਗ੍ਰਾਫੀ ਦੀ ਫੁਟੇਜ ਲੈਣ ਲਈ ਸ਼੍ਰੋਮਣੀਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਹਨਾਂ ਨੂੰ ਇਹ ਫੁਟੇਜ ਮੁਹੱਈਆ ਨਹੀਂ ਕਰਵਾਈ ਗਈ। ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ ਅਤੇ ਬੁੱਧਵਾਰ ਨੂੰ ਫਿਰ ਉਹਨਾਂ ਨੂੰ ਅਗਲੇ ਹਫ਼ਤੇ ਫੁਟੇਜ ਦੇਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਗਿਆ।
Publish Date: Wed, 08 Jul 2026 03:35 PM (IST)
Updated Date: Wed, 08 Jul 2026 03:36 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਲੰਘੀਆਂ ਚੋਣਾਂ ਦੌਰਾਨ ਹੋਈ ਵੀਡੀਓਗ੍ਰਾਫੀ ਦੀ ਫੁਟੇਜ ਲੈਣ ਲਈ ਸ਼੍ਰੋਮਣੀਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਹਨਾਂ ਨੂੰ ਇਹ ਫੁਟੇਜ ਮੁਹੱਈਆ ਨਹੀਂ ਕਰਵਾਈ ਗਈ। ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ ਅਤੇ ਬੁੱਧਵਾਰ ਨੂੰ ਫਿਰ ਉਹਨਾਂ ਨੂੰ ਅਗਲੇ ਹਫ਼ਤੇ ਫੁਟੇਜ ਦੇਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਗਿਆ।
ਕੀ ਹੈ ਪੂਰਾ ਮਾਮਲਾ? ਵਾਰਡ ਨੰਬਰ 36 ਤੋਂ ਸ਼੍ਰੋਮਣੀਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਚੋਣਾਂ ਦੀ ਵੀਡੀਓਗ੍ਰਾਫੀ ਹਾਸਲ ਕਰਨ ਲਈ ਬੀਤੀ 1 ਜੂਨ ਨੂੰ ਇੱਕ ਆਰ.ਟੀ.ਆਈ. ਦਾਇਰ ਕੀਤੀ ਸੀ। ਪ੍ਰਸ਼ਾਸਨ ਵੱਲੋਂ ਕੋਈ ਠੋਸ ਜਵਾਬ ਨਾ ਮਿਲਣ 'ਤੇ, ਉਹਨਾਂ ਨੇ ਚੰਡੀਗੜ੍ਹ ਦੇ ਪ੍ਰਸਿੱਧ ਵਕੀਲ ਕੀਰਤਪਾਲ ਧਾਲੀਵਾਲ ਰਾਹੀਂ 25 ਜੂਨ 2026 ਨੂੰ ਪ੍ਰਸ਼ਾਸਨ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਸੀ।
ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਹਾਈਕੋਰਟ ਵੱਲੋਂ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ, ਇਸ ਮਾਮਲੇ ਵਿੱਚ ਇੱਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਦੀ ਅਗਲੀ ਸੁਣਵਾਈ 22 ਤਾਰੀਖ਼ ਤੈਅ ਕੀਤੀ ਗਈ ਹੈ।
ਏ.ਡੀ.ਸੀ. ਦਫ਼ਤਰ ਵਿਖੇ ਹੋਈ ਮੁਲਾਕਾਤ ਹਾਈਕੋਰਟ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਏ.ਡੀ.ਸੀ. ਦਫ਼ਤਰ ਵੱਲੋਂ ਅਕਾਲੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਅਤੇ ਵੀਡੀਓਗ੍ਰਾਫੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਇਸੇ ਸਿਲਸਿਲੇ ਵਿੱਚ ਅੱਜ ਸ਼੍ਰੋਮਣੀਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਦੁਬਾਰਾ ਏ.ਡੀ.ਸੀ. ਸਾਹਿਬ ਨੂੰ ਮਿਲਣ ਪਹੁੰਚਿਆ। ਮੁਲਾਕਾਤ ਦੌਰਾਨ ਏ.ਡੀ.ਸੀ. ਨੇ ਭਰੋਸਾ ਦਿੱਤਾ ਹੈ ਕਿ ਅਗਲੇ ਹਫ਼ਤੇ ਤੱਕ, ਜਿਸ ਵੀ ਵਾਰਡ ਵੱਲੋਂ ਫੁਟੇਜ ਮੰਗੀ ਗਈ ਹੈ, ਉਹ ਸਬੰਧਿਤ ਉਮੀਦਵਾਰ ਨੂੰ ਸੌਂਪ ਦਿੱਤੀ ਜਾਵੇਗੀ। ਏ.ਡੀ.ਸੀ. ਨੂੰ ਮਿਲਣ ਪਹੁੰਚੇ ਵਫ਼ਦ ਵਿੱਚ ਸ਼੍ਰੋਮਣੀਅਕਾਲੀ ਦਲ ਦੇ ਪ੍ਰਮੁੱਖ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਸ਼ਹਿਰੀ, ਰੁਪਿੰਦਰ ਸਿੰਘ ਸੰਧੂ ਸੀਨੀਅਰ ਅਕਾਲੀ ਆਗੂ, ਸੰਜੀਵ ਸ਼ੋਰੀ ਸੂਬਾ ਮੀਤ ਪ੍ਰਧਾਨ, ਜਤਿੰਦਰ ਜਿੰਮੀ ਸੀਨੀਅਰ ਅਕਾਲੀ ਆਗੂ, ਤੇਜਿੰਦਰ ਸਿੰਘ ਸੋਨੀ ਜਾਗਲ ਸਾਬਕਾ ਐਮ.ਸੀ.,ਅੰਮ੍ਰਿਤਪਾਲ ਪਾਲੀ ਸੰਘੇੜਾ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਹਫ਼ਤੇ ਵੀ ਪ੍ਰਸ਼ਾਸਨ ਨੇ ਆਪਣੇ ਵਾਅਦੇ ਮੁਤਾਬਕ ਫੁਟੇਜ ਨਾ ਦਿੱਤੀ, ਤਾਂ ਉਹ ਕਾਨੂੰਨੀ ਲੜਾਈ ਨੂੰ ਹੋਰ ਤੇਜ਼ ਕਰਨਗੇ।