ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼, ਗੋਡੇ ਥੱਲੇ ਲੱਤ 'ਚ ਲੱਗੀ ਪਈ ਸਰਿੰਜ਼ ਮਿਲੀ; ਪਿੰਡ 'ਚ ਨਸ਼ੇ ਨਾਲ ਹੋਈ ਤੀਜੀ ਮੌਤ ਕਿਸਾਨ ਆਗੂ ਕਰਨੈਲ ਸਿੰਘ ਗਾਂਧੀ ਅਤੇ ਸਾਬਕਾ ਪੰਚ ਬੂਟਾ ਸਿੰਘ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਪਿੰਡ ਸਹਿਜੜਾ ਵਿੱਚ ਨਸ਼ੇ ਕਾਰਨ ਵਾਪਰੀ ਇਹ ਲਗਾਤਾਰ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਵੀ ਪਿੰਡ ਦੇ ਦੋ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ।
Publish Date: Sat, 26 Sep 2026 01:14 PM (IST)
Updated Date: Sat, 26 Sep 2026 01:21 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਨੇੜਲੇ ਪਿੰਡ ਸਹਿਜੜਾ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਬੀਤੀ ਰਾਤ ਹੀ ਘਰ ਪਰਤੇ ਇੱਕ 27 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸਹਿਜੜਾ ਵਜੋਂ ਹੋਈ ਹੈ। ਉਸ ਦੀ ਲਾਸ਼ ਅੱਜ ਸਵੇਰੇ ਪਿੰਡ ਦੀ ਡਰੇਨ ਨੇੜੇ ਇਕ ਸੁੰਨਸਾਨ ਥਾਂ ਤੋਂ ਬਰਾਮਦ ਕੀਤੀ ਗਈ। ਮੌਕੇ ਉੱਤੇ ਮ੍ਰਿਤਕ ਦੇ ਗੋਡੇ ਤੋਂ ਹੇਠਾਂ ਸਰਿੰਜ (ਟੀਕਾ) ਲੱਗੀ ਹੋਈ ਮਿਲੀ ਹੈ।
ਸੱਤ ਮਹੀਨਿਆਂ ਤੋਂ ਨਸ਼ੇ ਦੀ ਲੱਤ ਨਾਲ ਜੂਝ ਰਿਹਾ ਸੀ : ਚਾਚਾ ਮ੍ਰਿਤਕ ਦੇ ਚਾਚਾ ਕਰਨੈਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਨਸ਼ੇ ਦੀ ਭੈੜੀ ਲਤ ਨਾਲ ਜੂਝ ਰਿਹਾ ਸੀ। ਪਰਿਵਾਰ ਨੇ ਉਸ ਨੂੰ ਇਸ ਭੈੜੀ ਆਦਤ ਤੋਂ ਮੁਕਤ ਕਰਵਾਉਣ ਲਈ ਤਿੰਨ ਮਹੀਨੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾ ਕੇ ਇਲਾਜ ਕਰਵਾਇਆ ਸੀ। ਬੀਤੀ ਰਾਤ ਹੀ ਪਰਿਵਾਰ ਉਸ ਨੂੰ ਇਲਾਜ ਮੁਕੰਮਲ ਹੋਣ ਤੋਂ ਬਾਅਦ ਘਰ ਲੈ ਕੇ ਆਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਅੱਜ ਸਵੇਰੇ ਕਰੀਬ ਸਾਢੇ 6 ਵਜੇ ਬਲਜਿੰਦਰ ਸਿੰਘ ਘਰ ਵਿੱਚ ਕਿਸੇ ਨੂੰ ਕੁਝ ਦੱਸੇ ਬਿਨਾਂ ਅਚਾਨਕ ਚਲਾ ਗਿਆ। ਇਸ ਤੋਂ ਕਰੀਬ ਦੋ ਘੰਟਿਆਂ ਬਾਅਦ ਉਸ ਦੀ ਮ੍ਰਿਤਕ ਦੇਹ ਡਰੇਨ ਦੇ ਨੇੜੇ ਇੱਕ ਸੁੰਨਸਾਨ ਜਗ੍ਹਾ ਤੋਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ।
ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਦਾ ਰੋਸ ਕਿਸਾਨ ਆਗੂ ਕਰਨੈਲ ਸਿੰਘ ਗਾਂਧੀ ਅਤੇ ਸਾਬਕਾ ਪੰਚ ਬੂਟਾ ਸਿੰਘ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਪਿੰਡ ਸਹਿਜੜਾ ਵਿੱਚ ਨਸ਼ੇ ਕਾਰਨ ਵਾਪਰੀ ਇਹ ਲਗਾਤਾਰ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਵੀ ਪਿੰਡ ਦੇ ਦੋ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ।
ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸੁਰੱਖਿਆ ਲਈ ਨਸ਼ੇ ਦੀ ਸਪਲਾਈ ਚੇਨ ਤੋੜਨ ਦੇ ਨਾਲ-ਨਾਲ, ਨਸ਼ਾ ਛੁਡਾਊ ਇਲਾਜ ਤੋਂ ਬਾਅਦ ਨੌਜਵਾਨਾਂ ਦੀ ਨਿਯਮਿਤ ਨਿਗਰਾਨੀ (ਮੋਨੀਟਰਿੰਗ) ਅਤੇ ਪੁਨਰਵਾਸ (ਰੀਹੈਬਲੀਟੇਸ਼ਨ) ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਸਹਿਜੜਾ, ਬਲਵਿੰਦਰ ਸਿੰਘ ਬਿੰਦੂ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਜਨਰਲ ਸਕੱਤਰ ਭੋਲਾ ਸਿੰਘ, ਸਰਪੰਚ ਬਲਵਿੰਦਰ ਸਿੰਘ ਬਾਜਵਾ, ਪੰਚ ਹਰਮੇਲ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਕੌਰ ਸਿੰਘ, ਜਗਸੀਰ ਸਿੰਘ ਭਗਤ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੇ ਪੁਲਿਸ ਜਾਂਚ ਤੋਂ ਬਾਅਦ ਹੀ ਲੱਗੇਗਾ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਮਹਿਲ ਕਲਾਂ ਦੇ ਏਐੱਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੇ ਪੁਲਿਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਲੱਗੇਗਾ।